ਵਨ-ਡੇ ਟੀਮ ’ਚ ਜ਼ਖ਼ਮੀ ਹੋਏ ਗੇਂਦਬਾਜ਼ ਅੰਸ਼ੁਲ ਕੰਬੋਜ ਪ੍ਰਸਿੱਧ ਦੀ ਜਗ੍ਹਾ ਇਸ ਖਿਡਾਰੀ ਨੂੰ ਮਿਲੀ ਜਗ੍ਹਾ
Friday, Oct 02, 2026 - 11:30 AM (IST)
ਗੁਵਾਹਾਟੀ : ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਨੂੰ ਮੁੱਲਾਂਪੁਰ ’ਚ ਸ਼ਨੀਵਾਰ ਨੂੰ ਵੈਸਟਇੰਡੀਜ਼ ਵਿਰੁੱਧ ਖੇਡੇ ਜਾਣ ਵਾਲੇ ਤੀਸਰੇ ਅਤੇ ਆਖਰੀ ਵਨ ਡੇ ਲਈ ਵੀਰਵਾਰ ਨੂੰ ਜ਼ਖ਼ਮੀ ਪ੍ਰਸਿੱਧ ਕ੍ਰਿਸ਼ਨਾ ਦੀ ਜਗ੍ਹਾ ਟੀਮ ’ਚ ਸ਼ਾਮਲ ਕੀਤਾ ਗਿਆ।
ਭਾਰਤੀ ਕ੍ਰਿਕਟ ਬੋਰਡ ਦੇ ਇਕ ਪ੍ਰੈੱਸ ਨੋਟ ’ਚ ਪ੍ਰਸਿੱਧ ਨੂੰ ਬਾਹਰ ਕੀਤੇ ਜਾਣ ਦਾ ਕਾਰਨ ਖੱਬੇ ਪਾਸੇ ਹੈਮਸਟ੍ਰਿੰਗ ਦੀ ਸੱਟ ਦੱਸਿਆ ਗਿਆ। ਬੁੱਧਵਾਰ ਨੂੰ ਗੁਵਾਹਾਟੀ ’ਚ ਦੂਸਰੇ ਵਨ ਡੇ ’ਚ ਪ੍ਰਸਿੱਧ ਨੂੰ ਹਲਕੀ ਸੱਟ ਲੱਗੀ ਤੇ ਉਹ ਸਿਰਫ 5 ਓਵਰ ਗੇਂਦਬਾਜ਼ੀ ਕਰ ਸਕੇ। ਭਾਰਤ ਨੇ ਇਸ ’ਚ ਜਿੱਤ ਤੋਂ 3 ਮੈਚਾਂ ਦੀ ਸੀਰੀਜ਼ ’ਚ 2-0 ਦੀ ਅਜੇਤੂ ਬੜ੍ਹਤ ਲੈ ਲਈ। ਕੰਬੋਜ ਫਿਲਹਾਲ ਪੁੱਡੁਚੇਰੀ ’ਚ ਆਸਟ੍ਰੇਲੀਆ-ਏ ਵਿਰੁੱਧ 4 ਦਿਨਾ ਮੈਚ ’ਚ ਭਾਰਤ-ਏ ਲਈ ਖੇਡ ਰਹੇ ਹਨ।
ਰਾਸ਼ਟਰੀ ਚੋਣਕਾਰਾਂ ਨੇ ਵੈਸਟਇੰਡੀਜ਼ ਵਿਰੁੱਧ 6 ਅਕਤੂਬਰ ਤੋਂ ਲਖਨਊ ’ਚ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਸੀਰੀਜ਼ ਲਈ ਭਾਰਤ ਦੀ ਟੀ-20 ਕੌਮਾਂਤਰੀ ਟੀਮ ਤੋਂ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਵੀ ਬਾਹਰ ਕਰਨ ਦਾ ਫੈਸਲਾ ਕੀਤਾ। ਇਹ ਫੈਸਲਾ ਨਿਊਜ਼ੀਲੈਂਡ ਦੇ ਆਗਾਜ਼ੀ ਟੈਸਟ ਦੌਰੇ ਨੂੰ ਧਿਆਨ ’ਚ ਰੱਖਦਿਆ ਲਿਆ ਗਿਆ ਹੈ ਅਤੇ ਸੁੰਦਰ ਹੁਣ ਤਾਮਿਲਨਾਡੂ ਲਈ ਕੁਝ ਰਣਜੀ ਟਰਾਫੀ ਮੈਚ ’ਚ ਖੇਡੇਗਾ।
