IPL 2027 ਤੋਂ ਪਹਿਲਾਂ CSK ਦਾ ਵੱਡਾ ਫੈਸਲਾ, ਇਕ ਹੋਰ ਧੁਰੰਧਰ ਦੀ ਹੋਈ ਟੀਮ ''ਚੋਂ ਛੁੱਟੀ

Saturday, Oct 10, 2026 - 08:09 PM (IST)

IPL 2027 ਤੋਂ ਪਹਿਲਾਂ CSK ਦਾ ਵੱਡਾ ਫੈਸਲਾ, ਇਕ ਹੋਰ ਧੁਰੰਧਰ ਦੀ ਹੋਈ ਟੀਮ ''ਚੋਂ ਛੁੱਟੀ

ਨਵੀਂ ਦਿੱਲੀ — ਆਈ.ਪੀ.ਐੱਲ. (IPL) 2027 ਤੋਂ ਠੀਕ ਪਹਿਲਾਂ ਪੰਜ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ (CSK) ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਸਟੀਫਨ ਫਲੇਮਿੰਗ ਅਤੇ ਐਰਿਕ ਸਿਮੰਸ ਤੋਂ ਬਾਅਦ, ਹੁਣ CSK ਨੇ ਆਪਣੇ ਲੰਬੇ ਸਮੇਂ ਤੋਂ ਜੁੜੇ ਬੈਟਿੰਗ ਕੋਚ ਮਾਈਕਲ ਹਸੀ ਨਾਲ ਵੀ ਰਸਤੇ ਅਲੱਗ ਕਰ ਲਏ ਹਨ।

ਆਸਟ੍ਰੇਲੀਆ ਦੇ ਸਾਬਕਾ ਖੱਬੇ ਹੱਥ ਦੇ ਬੱਲੇਬਾਜ਼ ਮਾਈਕਲ ਹਸੀ ਨੇ ਪਹਿਲਾਂ ਬਤੌਰ ਖਿਡਾਰੀ CSK ਲਈ ਕਈ ਯਾਦਗਾਰ ਪਾਰੀਆਂ ਖੇਡੀਆਂ ਸਨ। ਇਸ ਤੋਂ ਬਾਅਦ ਸਾਲ 2018 ਵਿੱਚ ਉਹ ਬੈਟਿੰਗ ਕੋਚ ਵਜੋਂ ਫਰੈਂਚਾਈਜ਼ੀ ਨਾਲ ਜੁੜੇ ਸਨ। ਸ਼ਨੀਵਾਰ ਨੂੰ ਫਰੈਂਚਾਈਜ਼ੀ ਨੇ ਕੋਚਿੰਗ ਸਟਾਫ਼ ਦੇ ਪੁਨਰਗਠਨ ਤਹਿਤ ਹਸੀ ਤੋਂ ਵੱਖ ਹੋਣ ਦਾ ਫੈਸਲਾ ਲਿਆ।

ਚੇਨਈ ਸੁਪਰ ਕਿੰਗਜ਼ ਦੀ ਟੀਮ ਆਉਣ ਵਾਲੇ ਸੀਜ਼ਨ ਵਿੱਚ ਬਿਲਕੁਲ ਨਵੇਂ ਅੰਦਾਜ਼ ਵਿੱਚ ਨਜ਼ਰ ਆਉਣ ਵਾਲੀ ਹੈ। ਫਰੈਂਚਾਈਜ਼ੀ ਨੇ ਪਹਿਲਾਂ ਸਟੀਫਨ ਫਲੇਮਿੰਗ ਦੀ ਜਗ੍ਹਾ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਨੂੰ ਮੁੱਖ ਕੋਚ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਗੇਂਦਬਾਜ਼ੀ ਕੋਚ ਐਰਿਕ ਸਿਮੰਸ ਦੀ ਜਗ੍ਹਾ ਸਾਬਕਾ ਭਾਰਤੀ ਗੇਂਦਬਾਜ਼ ਮੋਹਿਤ ਸ਼ਰਮਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਫੀਲਡਿੰਗ ਕੋਚ ਜੇਮਸ ਫੋਸਟਰ ਦਾ ਭਵਿੱਖ ਵੀ ਅਜੇ ਅਨਿਸ਼ਚਿਤ ਬਣਿਆ ਹੋਇਆ ਹੈ।

ਚਰਚਾਵਾਂ ਹਨ ਕਿ ਮਾਈਕਲ ਹਸੀ ਜਲਦ ਹੀ ਇੰਗਲੈਂਡ ਦੀ ਟੈਸਟ ਟੀਮ ਦੇ ਨਵੇਂ ਬੈਟਿੰਗ ਕੋਚ ਵਜੋਂ ਜ਼ਿੰਮੇਵਾਰੀ ਸੰਭਾਲ ਸਕਦੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ 2022 ਟੀ-20 ਵਿਸ਼ਵ ਕੱਪ ਦੌਰਾਨ ਇੰਗਲੈਂਡ ਟੀਮ ਦੇ ਕੰਸਲਟੈਂਟ ਵਜੋਂ ਕੰਮ ਕੀਤਾ ਸੀ ਅਤੇ ਉਹ 'ਦ ਹੰਡ੍ਰੇਡ' ਟੂਰਨਾਮੈਂਟ ਵਿੱਚ 'ਵੇਲਸ਼ ਫਾਇਰ' ਦੇ ਹੈੱਡ ਕੋਚ ਵੀ ਹਨ।
 


author

Inder Prajapati

Content Editor

Related News