6 ਛੱਕੇ-5 ਚੌਕੇ... ਯੁਵਰਾਜ ਸਿੰਘ ਨੇ ਕੀਤੀ ਤਾਬੜਤੋੜ ਬੱਲੇਬਾਜ਼ੀ, AUS ਗੇਂਦਬਾਜ਼ਾਂ ਦਾ ਰੱਜ ਕੇ ਚਾੜ੍ਹਿਆ ਕੁੱਟਾਪਾ

Sunday, Oct 04, 2026 - 11:33 AM (IST)

6 ਛੱਕੇ-5 ਚੌਕੇ... ਯੁਵਰਾਜ ਸਿੰਘ ਨੇ ਕੀਤੀ ਤਾਬੜਤੋੜ ਬੱਲੇਬਾਜ਼ੀ, AUS ਗੇਂਦਬਾਜ਼ਾਂ ਦਾ ਰੱਜ ਕੇ ਚਾੜ੍ਹਿਆ ਕੁੱਟਾਪਾ

ਸਪੋਰਟਸ ਡੈਸਕ :ਵਰਲਡ ਚੈਂਪੀਅਨਸ਼ਿਪ ਆਫ਼ ਲੀਜੈਂਡਜ਼ (WCL) 2026 ਦੇ ਪਹਿਲੇ ਹੀ ਮੁਕਾਬਲੇ ਵਿੱਚ ਇੰਡੀਆ ਚੈਂਪੀਅਨਜ਼ ਨੇ ਆਸਟ੍ਰੇਲੀਆ ਚੈਂਪੀਅਨਜ਼ ਨੂੰ 46 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। 44 ਸਾਲਾ ਕਪਤਾਨ ਯੁਵਰਾਜ ਸਿੰਘ ਨੇ ਧਮਾਕੇਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ 161 ਦੇ ਸਟ੍ਰਾਈਕ ਰੇਟ ਨਾਲ 71 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ ਆਪਣੀ ਪਾਰੀ ਦੌਰਾਨ ਯੁਵੀ ਨੇ 6 ਛੱਕੇ ਤੇ 5 ਚੌਕੇ ਲਾਏ।  ਇਸ ਪਾਰੀ ਦੀ ਬਦੌਲਤ ਭਾਰਤ ਨੇ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ 'ਤੇ 196 ਦੌੜਾਂ ਬਣਾਈਆਂ ਅਤੇ ਆਸਟ੍ਰੇਲੀਆ ਸਾਹਮਣੇ ਜਿੱਤ ਲਈ 197 ਦੌੜਾਂ ਦਾ ਟੀਚਾ ਰੱਖਿਆ। ਜਵਾਬ ਵਿੱਚ ਆਸਟ੍ਰੇਲੀਆਈ ਟੀਮ 16.2 ਓਵਰਾਂ ਵਿੱਚ 150 ਦੌੜਾਂ 'ਤੇ ਹੀ ਆਲ ਆਊਟ ਹੋ ਗਈ।

ਯੁਵਰਾਜ ਸਿੰਘ ਦੀ ਧਮਾਕੇਦਾਰ ਫਿਫ਼ਟੀ ਤੇ ਧਵਨ-ਪਠਾਨ ਦਾ ਤੂਫ਼ਾਨ
ਯੁਵਰਾਜ ਸਿੰਘ ਨੇ ਆਸਟ੍ਰੇਲੀਆਈ ਗੇਂਦਬਾਜ਼ਾਂ ਵਿਰੁੱਧ ਆਕ੍ਰਾਮਕ ਰੁੱਖ ਅਪਣਾਉਂਦੇ ਹੋਏ ਮਹਿਜ਼ 31 ਗੇਂਦਾਂ ਵਿੱਚ ਆਪਣਾ ਅਰਧ-ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਕੁੱਲ 44 ਗੇਂਦਾਂ ਵਿੱਚ 6 ਸ਼ਾਨਦਾਰ ਛੱਕਿਆਂ ਅਤੇ 5 ਚੌਕਿਆਂ ਦੀ ਮਦਦ ਨਾਲ 71 ਦੌੜਾਂ ਬਣਾਈਆਂ। ਨਮਨ ਓਝਾ ਨੇ 31 ਦੌੜਾਂ ਦਾ ਯੋਗਦਾਨ ਦਿੱਤਾ, ਜਦਕਿ ਅੰਬਾਤੀ ਰਾਇਡੂ (4) ਅਤੇ ਸਟੂਅਰਟ ਬਿੰਨੀ (13) ਜਲਦੀ ਆਊਟ ਹੋ ਗਏ। ਹੇਠਲੇ ਕ੍ਰਮ ਵਿੱਚ ਯੂਸੁਫ਼ ਪਠਾਨ ਨੇ 20 ਗੇਂਦਾਂ ਵਿੱਚ 4 ਛੱਕਿਆਂ ਦੀ ਮਦਦ ਨਾਲ 37 ਦੌੜਾਂ ਅਤੇ ਰਿਸ਼ੀ ਧਵਨ ਨੇ 12 ਗੇਂਦਾਂ ਵਿੱਚ 4 ਛੱਕਿਆਂ ਨਾਲ ਨਾਬਾਦ 35 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਆਸਟ੍ਰੇਲੀਆ ਵੱਲੋਂ ਬੇਨ ਹਿਲਫੇਨਹੌਸ, ਬੇਨ ਲੌਫਲਿਨ ਅਤੇ ਫਵਾਦ ਅਹਿਮਦ ਨੇ 2-2 ਵਿਕਟਾਂ ਹਾਸਲ ਕੀਤੀਆਂ।

ਧਵਲ ਕੁਲਕਰਨੀ ਦੀ ਗੇਂਦਬਾਜ਼ੀ ਅੱਗੇ ਫਲਾਪ ਰਹੀ ਆਸਟ੍ਰੇਲੀਆਈ ਬੱਲੇਬਾਜ਼ੀ
197 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉੱਤਰੀ ਆਸਟ੍ਰੇਲੀਆ ਚੈਂਪੀਅਨਜ਼ ਦੀ ਟੀਮ 150 ਦੌੜਾਂ 'ਤੇ ਹੀ ਸਿਮਟ ਗਈ। ਆਸਟ੍ਰੇਲੀਆ ਲਈ ਡਾਰਸੀ ਸ਼ਾਰਟ ਨੇ ਸਭ ਤੋਂ ਵੱਧ 28 ਗੇਂਦਾਂ ਵਿੱਚ 65 ਦੌੜਾਂ ਬਣਾਈਆਂ, ਜਦਕਿ ਜੋ ਬਰਨਜ਼ ਨੇ 45 ਅਤੇ ਜੋਨਾਥਨ ਵੈੱਲਜ਼ ਨੇ 11 ਦੌੜਾਂ ਦਾ ਯੋਗਦਾਨ ਦਿੱਤਾ। ਇਨ੍ਹਾਂ ਤਿੰਨਾਂ ਤੋਂ ਇਲਾਵਾ ਟੀਮ ਦੇ ਬਾਕੀ 8 ਬੱਲੇਬਾਜ਼ ਦਹਾਈ ਦਾ ਅੰਕੜਾ ਵੀ ਨਹੀਂ ਛੂਹ ਸਕੇ। ਭਾਰਤ ਵੱਲੋਂ ਗੇਂਦਬਾਜ਼ੀ ਵਿੱਚ ਧਵਲ ਕੁਲਕਰਨੀ ਨੇ ਸਭ ਤੋਂ ਵੱਧ 4 ਵਿਕਟਾਂ ਝਟਕਾਈਆਂ, ਜਦਕਿ ਮੋਹਿਤ ਸ਼ਰਮਾ ਨੇ 3 ਵਿਕਟਾਂ ਹਾਸਲ ਕਰਕੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।


author

Tarsem Singh

Content Editor

Related News