ਯੂਥ ਓਲੰਪਿਕ ਦੇ ਤਮਗਾ ਜੇਤੂ ਨਕਦ ਇਨਾਮਾਂ ਨਾਲ ਸਨਮਾਨਿਤ
Sunday, Oct 21, 2018 - 11:20 PM (IST)

ਨਵੀਂ ਦਿੱਲੀ— ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਅਰਜਨਟੀਨਾ ਦੇ ਬਿਊਨਸ ਆਇਰਸ ਵਿਚ ਤੀਜੀਆਂ ਯੂਥ ਓਲੰਪਿਕ ਖੇਡਾਂ ਵਿਚ ਤਮਗਾ ਜਿੱਤਣ ਵਾਲੇ ਨੌਜਵਾਨ ਖਿਡਾਰੀਆਂ ਨੂੰ ਐਤਵਾਰ ਨੂੰ ਇੱਥੇ ਇਕ ਸਮਾਰੋਹ ਵਿਚ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ।
ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ, ਆਈ. ਓ. ਏ. ਦੇ ਮੁਖੀ ਡਾ. ਨਰਿੰਦਰ ਧਰੁਵ ਬੱਤਰਾ ਤੇ ਜਨਰਲ ਸਕੱਤਰ ਰਾਜੀਵ ਮੇਹਤਾ ਨੇ ਇਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਨਕਦ ਇਨਾਮ ਪ੍ਰਦਾਨ ਕੀਤੇ। ਭਾਰਤੀ ਖਿਡਾਰੀਆਂ ਨੇ ਤੀਰਅੰਦਾਜ਼ੀ, ਐਥਲੈਟਿਕਸ, ਬੈਡਮਿੰਟਨ, ਪੁਰਸ਼ ਤੇ ਮਹਿਲਾ ਹਾਕੀ, ਜੂਡੋ, ਨਿਸ਼ਾਨੇਬਾਜ਼ੀ, ਵੇਟਲਿਫਟਿੰਗ ਤੇ ਕੁਸ਼ਤੀ ਵਿਚ ਤਮਗੇ ਜਿੱਤੇ। ਯੂਥ ਓਲੰਪਿਕ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਹੁਣ ਤਕ ਦਾ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ 3 ਸੋਨ, 9 ਚਾਂਦੀ ਤੇ 1 ਕਾਂਸੀ ਸਣੇ ਕੁਲ 13 ਤਮਗੇ ਜਿੱਤੇ। ਇਸ ਦੇ ਇਲਾਵਾ ਪਹਿਲੀ ਵਾਰ ਆਯੋਜਿਤ ਕੌਮਾਂਤਰੀ ਮਿਕਸਡ ਇਵੈਂਟ ਵਿਚ ਵੀ ਭਾਰਤੀ ਖਿਡਾਰੀਆਂ ਨੂੰ ਇਕ ਸੋਨ ਤੇ ਦੋ ਚਾਂਦੀ ਤਮਗੇ ਜਿੱਤਣ ਵਿਚ ਕਾਮਯਾਬੀ ਮਿਲੀ।
ਸੋਨ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ 3 ਲੱਖ, ਚਾਂਦੀ ਤਮਗੇ ਲਈ ਡੇਢ ਲੱਖ ਤੇ ਕਾਂਸੀ ਤਮਗੇ ਲਈ 1 ਲੱਖ ਰੁਪਏ ਦਿੱਤੇ ਗਏ। ਟੀਮ ਪ੍ਰਤੀਯੋਗਿਤਾ ਵਿਚ ਸੋਨ ਤੇ ਚਾਂਦੀ ਤਮਗੇ ਲਈ ਕ੍ਰਮਵਾਰ 2 ਲੱਖ ਤੇ 1 ਲੱਖ ਰੁਪਏ ਸਾਰੇ ਖਿਡਾਰੀਆਂ ਵਿਚ ਵੰਡੇ ਗਏ। ਕੌਮਾਂਤਰੀ ਮਿਕਸਡ ਇਵੈਂਟ ਵਿਚ ਸੋਨੇ ਲਈ ਦੋ ਲੱਖ ਤੇ ਚਾਂਦੀ ਲਈ ਇਕ ਲੱਖ ਰੁਪਏ ਦਿੱਤੇ ਗਏ।