Year Ender 2022 : ਇਸ ਸਾਲ ਭਾਰਤ ਦੇ ਇਨ੍ਹਾਂ ਧਾਕੜ ਖਿਡਾਰੀਆਂ ਨੇ ਵਿਸ਼ਵ ਪੱਧਰ 'ਤੇ ਲਹਿਰਾਇਆ ਦੇਸ਼ ਦਾ ਪਰਚਮ
Thursday, Dec 29, 2022 - 02:26 PM (IST)

ਸਪੋਰਟਸ ਡੈਸਕ- ਸਾਲ 2022 ਹੁਣ ਆਪਣੇ ਆਖ਼ਰੀ ਮੋੜ 'ਤੇ ਆ ਗਿਆ ਹੈ। ਇਸ ਸਾਲ ਖੇਡਾਂ ਵਿੱਚ ਭਾਰਤ ਲਈ ਕਈ ਵਿਸ਼ੇਸ਼ ਮੌਕੇ ਆਏ, ਜਿਨ੍ਹਾਂ 'ਚ ਭਾਰਤੀ ਧਾਕੜ ਖਿਡਾਰੀਆਂ ਨੇ ਪੂਰੀ ਦੁਨੀਆ ਵਿੱਚ ਭਾਰਤ ਦਾ ਝੰਡਾ ਲਹਿਰਾਇਆ। ਹਾਲਾਂਕਿ ਕ੍ਰਿਕਟ ਦੇ ਮੈਦਾਨ 'ਤੇ ਭਾਰਤ ਨੂੰ ਕੁਝ ਨਿਰਾਸ਼ਾ ਮਿਲੀ ਪਰ ਰਾਸ਼ਟਰਮੰਡਲ ਖੇਡਾਂ ਅਤੇ ਥਾਮਸ ਕੱਪ 'ਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਰਿਹਾ।
ਇਹ ਵੀ ਪੜ੍ਹੋ : ਧਾਕੜ ਗੇਂਦਬਾਜ਼ ਅਰਸ਼ਦੀਪ ਸਿੰਘ ICC ਇਮਰਜਿੰਗ ਕ੍ਰਿਕਟਰ ਐਵਾਰਡ ਦੀ ਦੌੜ 'ਚ ਸ਼ਾਮਲ
ਜਾਣੋ ਸਾਲ 2022 'ਚ ਭਾਰਤ ਦੇ ਸਪੋਰਟਸ ਦੇ ਟਾਪ ਦੇ ਮੋਮੈਂਟਸ
ਅੰਡਰ-19 ਵਿਸ਼ਵ ਕੱਪ 'ਚ ਵੀ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਭਾਰਤ ਨੇ ਅੰਡਰ-19 ਵਿਸ਼ਵ ਕੱਪ 'ਚ ਆਪਣੇ ਪਿਛਲੇ ਪ੍ਰਦਰਸ਼ਨਾਂ ਵਾਂਗ ਇਸ ਵਾਰ ਵੀ ਆਪਣਾ ਦਬਦਬਾ ਕਾਇਮ ਰੱਖਿਆ। ਇਸ ਸਾਲ ਭਾਰਤ ਨੇ ਫਾਈਨਲ 'ਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਇਹ ਖਿਤਾਬ ਜਿੱਤਿਆ।
ਭਾਰਤੀ ਮਹਿਲਾ ਕ੍ਰਿਕਟਰ ਟੀਮ ਨੇ ਰਾਸ਼ਟਰਮੰਡਲ ਵਿੱਚ ਖੇਡੀ ਜਾਣ ਵਾਲੀ ਕ੍ਰਿਕਟ ਵਿੱਚ ਇਤਿਹਾਸ ਰਚਦਿਆਂ ਪਹਿਲੀ ਵਾਰ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਹਾਲਾਂਕਿ ਟੀਮ ਨੂੰ ਸੋਨ ਤਗਮੇ ਦੇ ਮੁਕਾਬਲੇ 'ਚ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਕ੍ਰਿਕਟ ਤੋਂ ਇਲਾਵਾ ਬੈਡਮਿੰਟਨ ਵਿੱਚ ਵੀ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਸਾਲ 2022 ਵਿੱਚ ਇਤਿਹਾਸ ਰਚਦਿਆਂ ਪੁਰਸ਼ਾਂ ਦੀ ਬੈਡਮਿੰਟਨ ਟੀਮ ਨੇ ਪਹਿਲੀ ਵਾਰ ਥਾਮਸ ਕੱਪ ਜਿੱਤਿਆ।
ਪਹਿਲੀ ਵਾਰ IPL ਖੇਡ ਰਹੀ ਗੁਜਰਾਤ ਟਾਈਟਨਸ ਨੇ ਇੰਡੀਅਨ ਪ੍ਰੀਮੀਅਰ ਲੀਗ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਇਹ ਕਾਰਨਾਮਾ ਹਾਰਦਿਕ ਪੰਡਯਾ ਦੀ ਕਪਤਾਨੀ ਵਿੱਚ ਕੀਤਾ।
ਭਾਰਤ ਦੀ ਸਟਾਰ ਮਹਿਲਾ ਮੁੱਕੇਬਾਜ਼ ਨਿਖਤ ਨੇ ਇਸ ਸਾਲ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਜਿੱਤਿਆ। ਉਸ ਨੇ 52 ਕਿਲੋ ਵਿੱਚ ਇਹ ਇਤਿਹਾਸ ਰਚਿਆ।
ਭਾਰਤ ਵੱਲੋਂ ਇਤਿਹਾਸ ਭਰਪੂਰ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਨੀਰਜ ਚੋਪੜਾ ਨੇ ਇਸ ਸਾਲ ਇੱਕ ਹੋਰ ਉਪਲਬੱਧੀ ਹਾਸਲ ਕਰਦਿਆਂ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ।
ਇਸ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਇੰਡੀਆ ਨੇ ਇਸ ਸਾਲ ਕੁੱਲ 61 ਤਗਮੇ ਜਿੱਤੇ ਹਨ। ਜਿਸ ਵਿੱਚ 22 ਸੋਨ, 16 ਚਾਂਦੀ ਅਤੇ 23 ਕਾਂਸੀ ਦੇ ਤਗਮੇ ਸ਼ਾਮਲ ਸਨ।
ਵਿਸ਼ਵ ਪੱਧਰ ਦੇ ਇਨ੍ਹਾਂ ਤਿੰਨ ਵੱਡੇ ਈਵੈਂਟਾਂ ਦੇ ਜੇਤੂਆਂ 'ਤੇ ਇਕ ਝਾਤ
ਭਾਰਤ ਤੋਂ ਇਲਾਵਾ ਸ਼੍ਰੀਲੰਕਾ ਨੇ ਵੀ ਇਸ ਸਾਲ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ਼੍ਰੀਲੰਕਾ ਦੀ ਟੀਮ ਨੇ ਇਸ ਸਾਲ ਏਸ਼ੀਆ ਕੱਪ 2022 'ਤੇ ਕਬਜ਼ਾ ਕੀਤਾ ਸੀ। ਫਾਈਨਲ ਮੈਚ ਵਿੱਚ ਸ਼੍ਰੀਲੰਕਾ ਦੀ ਟੀਮ ਨੇ ਪਾਕਿਸਤਾਨ ਨੂੰ ਹਰਾਇਆ।
ਇਸ ਦੇ ਨਾਲ ਹੀ ਸਾਲ ਦੇ ਆਖਰੀ ਵੱਡੇ ਟੂਰਨਾਮੈਂਟ ਟੀ-20 ਵਿਸ਼ਵ ਕੱਪ 2022 'ਚ ਇੰਗਲੈਂਡ ਦੀ ਟੀਮ ਨੇ ਆਪਣਾ ਝੰਡਾ ਲਹਿਰਾ ਕੇ ਦੂਜੀ ਵਾਰ ਇਹ ਖਿਤਾਬ ਜਿੱਤਿਆ। ਇੰਗਲੈਂਡ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾ ਕੇ ਮਾਣ ਹਾਸਲ ਕੀਤਾ।
ਫੀਫਾ ਵਰਲਡ ਕੱਪ 2022 ਦੇ ਫਾਈਨਲ 'ਚ ਅਰਜਨਟੀਨਾ ਨੇ ਫਰਾਂਸ ਨੂੰ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕੀਤਾ। ਇਸ ਫਾਈਨਲ 'ਚ ਅਰਜਨਟੀਨਾ ਦੇ ਧਾਕੜ ਫੁੱਟਬਾਲਰ ਲਿਓਨਿਲ ਮੇਸੀ ਨੇ ਖ਼ਿਤਾਬ ਜਿੱਤਣ 'ਚ ਅਹਿਮ ਭੂਮਿਕਾ ਨਿਭਾਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਇੰਟਰਨੈਸ਼ਨਲ ਤਾਈਕਵਾਂਡੋ ਚੈਂਪੀਅਨਸ਼ਿਪ ਦਾ ਆਯੋਜਨ, ਪੰਜ ਦੇਸ਼ਾਂ ਦੇ ਖਿਡਾਰੀ ਲੈਣਗੇ ਹਿੱਸਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।