ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਗੁਜਰਾਤ ਨੂੰ ਦਿਵਾਈ ਪਹਿਲੀ ਜਿੱਤ, GG ਨੇ RCB ਨੂੰ 19 ਦੌੜਾਂ ਨਾਲ ਹਰਾਇਆ
Thursday, Mar 07, 2024 - 01:19 AM (IST)
ਸਪੋਰਟਸ ਡੈਸਕ– ਸਲਾਮੀ ਬੱਲੇਬਾਜ਼ਾਂ ਕਪਤਾਨ ਬੇਥ ਮੂਨੀ ਤੇ ਲੌਰਾ ਵੋਲਵਾਰਟ ਦੇ ਅਰਧ ਸੈਂਕੜਿਆਂ ਤੇ ਦੋਵਾਂ ਵਿਚਾਲੇ ਹੋਈ ਸੈਂਕੜੇ ਦੀ ਸਾਂਝੇਦਾਰੀ ਦੀ ਬਦੌਲਤ ਗੁਜਰਾਤ ਜਾਇੰਟਸ ਨੇ ਮਹਿਲਾ ਪ੍ਰੀਮੀਅਰ ਲੀਗ ਟੀ-20 ਟੂਰਨਾਮੈਂਟ-2024 ਵਿਚ ਇਥੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 19 ਦੌੜਾਂ ਨਾਲ ਹਰਾ ਕੇ ਲਗਾਤਾਰ 4 ਹਾਰਾਂ ਦੇ ਕ੍ਰਮ ਨੂੰ ਤੋੜਦੇ ਹੋਏ ਪਹਿਲੀ ਜਿੱਤ ਦਰਜ ਕੀਤੀ।
ਗੁਜਰਾਤ ਨੇ ਮੂਨੀ ਦੀ ਅਜੇਤੂ 85 ਦੌੜਾਂ (51 ਗੇਂਦਾਂ ’ਚ 12 ਚੌਕੇ ਤੇ 1 ਛੱਕਾ) ਦੀ ਪਾਰੀ ਅਤੇ ਲੌਰਾ ਦੇ 45 ਗੇਂਦਾਂ ’ਚ 76 ਦੌੜਾਂ (13 ਚੌਕੇ) ਨਾਲ ਪਹਿਲੀ ਵਿਕਟ ਲਈ 140 ਦੌੜਾਂ ਦੀ ਸਾਂਝੇਦਾਰੀ ਨਾਲ 5 ਵਿਕਟਾਂ ’ਤੇ 199 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ 8 ਵਿਕਟਾਂ ’ਤੇ 180 ਦੌੜਾਂ ਹੀ ਬਣਾ ਸਕੀ।
ਰਾਇਲ ਚੈਲੰਜਰਜ਼ ਬੈਂਗਲੁਰੂ ਵੱਲੋਂ ਜਾਰਜੀਆ ਵੇਅਰਹੈਮ ਨੇ 22 ਗੇਂਦਾਂ ’ਚ 48 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਪਰ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੀ। ਉਸ ਨੇ ਆਪਣੀ ਪਾਰੀ ਵਿਚ 6 ਚੌਕੇ ਤੇ 2 ਛੱਕੇ ਲਾਏ। ਰਿਚਾ ਘੋਸ਼ (30), ਸਮ੍ਰਿਤੀ ਮੰਧਾਨਾ (24), ਐਲਿਸ ਪੈਰੀ (24) ਤੇ ਸੋਫੀ ਡਿਵਾਈਨ (23) ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿਚ ਬਦਲਣ ਵਿਚ ਅਸਫਲ ਰਹੀਆਂ। ਗੁਜਰਾਤ ਲਈ ਐਸ਼ਲੇ ਗਾਰਡਨਰ ਨੇ 23 ਦੌੜਾਂ ਦੇ ਕੇ 2 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਰਾਇਲ ਚੈਲੰਜਰਜ਼ ਬੈਂਗਲੁਰੂ ਦੀਆਂ ਗੇਂਦਬਾਜ਼ਾਂ ਨੂੰ ਵਿਕਟਾਂ ਲਈ ਜੂਝਣਾ ਪਿਆ। ਸੋਫੀ ਮੋਲਿਨਯੂ (32 ਦੌੜਾਂ ’ਤੇ 1 ਵਿਕਟ) ਤੇ ਜਾਰਜੀਆ ਵੇਅਰਹੈਮ (36 ਦੌੜਾਂ ’ਤੇ 1 ਵਿਕਟ) ਤੋਂ ਇਲਾਵਾ ਉਸ ਦੀ ਕਿਸੇ ਗੇਂਦਬਾਜ਼ ਨੂੰ ਵਿਕਟ ਨਹੀਂ ਮਿਲੀ। ਗੁਜਰਾਤ ਦੀਆਂ 3 ਬੱਲੇਬਾਜ਼ ਰਨ ਆਊਟ ਹੋਈਆਂ।
ਮੂਨੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਲੌਰਾ ਵੋਲਵਾਰਟ ਦੇ ਨਾਲ ਮਿਲ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਦੋਵਾਂ ਨੇ ਪਾਵਰਪਲੇਅ ’ਚ ਬਿਨਾਂ ਵਿਕਟ ਗੁਆਏ 59 ਦੌੜਾਂ ਬਣਾਈਆਂ। ਵੋਲਵਾਰਟ ਨੇ ਸੋਫੀ ਡਿਵਾਇਨ ਦੇ ਪਾਰੀ ਦੇ ਪਹਿਲੇ ਓਵਰ ਵਿਚ ਦੋ ਚੌਕਿਆਂ ਦੇ ਨਾਲ ਸ਼ੁਰੂਆਤ ਕੀਤੀ ਤੇ ਫਿਰ ਸੋਫੀ ਮੋਲਨਿਯੂ ਦੇ ਓਵਰ ਵਿਚ ਵੀ ਦੋ ਚੌਕੇ ਲਾਏ। ਮੂਨੀ ਨੇ ਵੀ ਰੇਣੂਕਾ ਸਿੰਘ ’ਤੇ ਦੋ ਚੌਕੇ ਲਾਏ।
ਮੂਨੀ ਨੇ ਏਕਤਾ ਬਿਸ਼ਟਾ ਦਾ ਸਵਾਗਤ ਲਗਾਤਾਰ ਦੋ ਚੌਕਿਆਂ ਦੇ ਨਾਲ ਕੀਤਾ। ਲੌਰਾ ਨੇ 10ਵੇਂ ਓਵਰ ਵਿਚ ਐਲਿਸ ਪੈਰੀ ’ਤੇ ਲਗਾਤਾਰ ਤਿੰਨ ਚੌਕਿਆਂ ਨਾਲ ਸਿਰਫ 32 ਗੇਂਦਾਂ ’ਚ ਅਰਧ ਸੈਂਕੜਾ ਪੂਰਾ ਕੀਤਾ ਤੇ ਇਸ ਓਵਰ ਵਿਚ ਟੀਮ ਦੀਆਂ ਦੌੜਾਂ ਦਾ ਸੈਂਕੜਾ ਵੀ ਪੂਰਾ ਕੀਤਾ। ਇਹ ਟੀਮ ਦੀ ਮਹਿਲਾ ਪ੍ਰੀਮੀਅਰ ਲੀਗ ਵਿਚ ਪਹਿਲੀ ਸੈਂਕੜੇ ਵਾਲੀ ਸਾਂਝੇਦਾਰੀ ਹੈ।
ਲੌਰਾ ਨੇ ਬਿਸ਼ਟ ’ਤੇ ਵੀ ਦੋ ਚੌਕੇ ਲਾਏ ਪਰ ਇਸ ਤੋਂ ਬਾਅਦ ਤੇਜ਼ੀ ਨਾਲ ਦੌੜ ਲੈਣ ਦੀ ਕੋਸ਼ਿਸ਼ ਵਿਚ ਰਨ ਆਊਟ ਹੋ ਗਈ। ਮੂਨੀ ਨੇ ਮੋਲਨਿਯੂ ਦੀ ਗੇਂਦ ਨੂੰ ਬੈਕਵਰਡ ਪੁਆਇੰਟ ’ਤੇ ਖੇਡਿਆ ਤੇ ਦੌੜ ਲੈਣ ਲਈ ਦੌੜ ਪਈ। ਲੌਰਾ ਦੇ ਹਾਲਾਂਕਿ ਬੱਲੇਬਾਜ਼ੀ ਵਾਲੇ ਪਾਸੇ ’ਤੇ ਪਹੁੰਚਣ ਤੋਂ ਪਹਿਲਾਂ ਬਿਸ਼ਟ ਦੀ ਥ੍ਰੋਅ ’ਤੇ ਵਿਕਟਕੀਪਰ ਰਿਚਾ ਘੋਸ਼ ਨੇ ਉਸ ਨੂੰ ਰਨ ਆਊਟ ਕਰ ਦਿੱਤਾ। ਮੂਨੀ ਨੇ ਵੀ ਇਸ ਵਿਚਾਲੇ ਮੋਲਨਿਯੂ ਦੀ ਗੇਂਦ ’ਤੇ 3 ਦੌੜਾਂ ਦੇ ਨਾਲ 32 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ। ਮੂਨੀ ਨੇ ਸੋਫੀ ਡਿਵਾਈਨ ’ਤੇ ਪਾਰੀ ਦਾ ਪਹਿਲਾ ਛੱਕਾ ਲਾਇਆ ਤੇ ਫਿਰ ਉਸਦੀ ਤੇ ਬਿਸ਼ਟ ਦੀ ਗੇਂਦ ਨੂੰ ਬਾਊਂਡਰੀ ਦੇ ਦਰਸ਼ਨ ਕਰਵਾਏ।
ਫੋਏਬ ਲਿਚਫੀਲਡ ਵੀ 19ਵੇਂ ਓਵਰ ਵਿਚ 17 ਗੇਂਦਾਂ ’ਚ 18 ਦੌੜਾਂ ਬਣਾਉਣ ਤੋਂ ਬਾਅਦ ਰਨ ਆਊਟ ਹੋਈ। ਜਾਰਜੀਆ ਵੇਅਰਹੈਮ ਨੇ ਅਗਲੀ ਗੇਂਦ ’ਤੇ ਐਸ਼ਲੇ ਗਾਰਡਨਰ (00) ਨੂੰ ਪੈਵੇਲੀਅਨ ਭੇਜਿਆ। ਮੋਲਨਿਯੂ ਨੇ ਅਗਲੇ ਓਵਰ ਵਿਚ ਦਿਆਲਨ ਹੇਮਲਤਾ (1) ਨੂੰ ਵਿਕਟਕੀਪਰ ਰਿਚਾ ਦੇ ਹੱਥੋਂ ਕੈਚ ਕਰਵਾਇਆ ਜਦਕਿ ਵੇਦਾ ਕ੍ਰਿਸ਼ਣਮੂਰਤੀ (1) ਵੀ ਇਸੇ ਓਵਰ ਵਿਚ ਰਨ ਆਊਟ ਹੋਈ।
51 ਗੇਂਦਾਂ 'ਤੇ ਨਾਬਾਦ 85 ਦੌੜਾਂ ਦੀ ਪਾਰੀ ਖੇਡਣ ਵਾਲੀ ਗੁਜਰਾਤ ਦੀ ਕਪਤਾਨ ਬੇਥ ਮੂਨੀ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e