WPL 2024 : ਇਕਪਾਸੜ ਮੁਕਾਬਲੇ ''ਚ ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੰਜਰਜ਼ ਬੈਂਗਲੌਰ ਨੂੰ 7 ਵਿਕਟਾਂ ਨਾਲ ਹਰਾਇਆ
Saturday, Mar 02, 2024 - 11:45 PM (IST)
ਸਪੋਰਟਸ ਡੈਸਕ– ਮੁੰਬਈ ਇੰਡੀਅਨਜ਼ ਨੇ ਗੇਂਦਬਾਜ਼ੀ ਤੇ ਬੱਲੇਬਾਜ਼ੀ ਵਿਚ ਖਿਡਾਰੀਆਂ ਦੇ ਚੰਗੇ ਪ੍ਰਦਰਸ਼ਨ ਦੀ ਬਦੌਲਤ ਸ਼ਨੀਵਾਰ ਨੂੰ ਇਥੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ.) ਦੇ ਇਕਪਾਸੜ ਟੀ-20 ਮੈਚ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੂੰ 29 ਗੇਂਦਾਂ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਹਰਾ ਦਿੱਤਾ।
ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਆਰ.ਸੀ.ਬੀ. ਦੀ ਬੱਲੇਬਾਜ਼ੀ ਮੁੰਬਈ ਇੰਡੀਅਨਜ਼ ਦੀ ਗੇਂਦਬਾਜ਼ੀ ਖ਼ਿਲਾਫ਼ ਸੰਘਰਸ਼ ਕਰਦੀ ਦਿਸੀ, ਜਿਸ ਨਾਲ ਟੀਮ 6 ਵਿਕਟਾਂ ’ਤੇ 131 ਦੌੜਾਂ ਹੀ ਬਣਾ ਸਕੀ।
ਮੁੰਬਈ ਨੇ ਫਿਰ ਬੱਲੇਬਾਜ਼ੀ ਵਿਚ ਵੀ ਦਬਦਬਾ ਬਣਾਉਂਦੇ ਹੋਏ ਇਹ ਟੀਚਾ ਸਿਰਫ਼ 15.1 ਓਵਰਾਂ ਵਿਚ 3 ਵਿਕਟਾਂ ’ਤੇ 133 ਦੌੜਾਂ ਬਣਾ ਕੇ ਹਾਸਲ ਕਰ ਲਿਆ। ਮੁੰਬਈ ਦੀ ਟੀਮ ਚਾਰ ਮੈਚਾਂ ਵਿਚੋਂ ਤੀਜੀ ਜਿੱਤ ਨਾਲ 6 ਅੰਕ ਲੈ ਕੇ ਅੰਕ ਸੂਚੀ ਵਿਚ ਚੋਟੀ ’ਤੇ ਪਹੁੰਚ ਗਈ ਹੈ ਜਦਕਿ ਆਰ.ਸੀ.ਬੀ. ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਮੁੰਬਈ ਲਈ ਅਮੇਲੀਆ ਕੇਰ ਅਜੇਤੂ 40 ਦੌੜਾਂ ਬਣਾ ਕੇ ਟਾਪ ਸਕੋਰਰ ਰਹੀ। ਉਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਯਸਤਿਕਾ ਭਾਟੀਆ ਨੇ 31 ਦੌੜਾਂ, ਹੈਲੀ ਮੈਥਿਊਜ਼ ਨੇ 26 ਦੌੜਾਂ ਤੇ ਨਿਯਮਤ ਕਪਤਾਨ ਹਰਮਨਪ੍ਰੀਤ ਕੌਰ ਦੀ ਗੈਰ-ਹਾਜ਼ਰੀ ਵਿਚ ਟੀਮ ਦੀ ਅਗਵਾਈ ਕਰ ਰਹੀ ਨੈਟ ਸਾਈਵਰ ਬ੍ਰੰਟ ਨੇ 27 ਦੌੜਾਂ ਦਾ ਯੋਗਦਾਨ ਦਿੱਤਾ।
ਯਸਤਿਕਾ ਨੇ 16 ਗੇਂਦਾਂ ਵਿਚ 4 ਚੌਕੇ ਤੇ 2 ਛੱਕਿਆਂ ਨਾਲ 31 ਦੌੜਾਂ ਬਣਾ ਕੇ ਟੀਮ ਨੂੰ ਤੇਜ਼ ਸ਼ੁਰੂਆਤ ਕਰਵਾਈ। ਫਿਰ ਮੈਥਿਊਜ਼ ਤੇ ਨੈਟ ਸਾਈਵਰ ਬ੍ਰੰਟ ਨੇ ਉਪਯੋਗੀ ਯੋਗਦਾਨ ਦਿੱਤਾ। ਅਮੇਲੀਆ ਦੀ 24 ਗੇਂਦਾਂ ਵਿਚ 7 ਚੌਕਿਆਂ ਨਾਲ ਸਜੀ ਅਜੇਤੂ ਪਾਰੀ ਨਾਲ ਮੁੰਬਈ ਨੇ ਆਸਾਨ ਜਿੱਤ ਦਰਜ ਕੀਤੀ।
ਇਸ ਤੋਂ ਪਹਿਲਾਂ ਆਰ.ਸੀ.ਬੀ. ਲਈ ਜੇਕਰ ਐਲਿਸ ਪੈਰੀ ਨੇ ਅਜੇਤੂ 44 ਦੌੜਾਂ ਤੇ ਜਾਰਜੀਆ ਵਾਰੇਹੈਮ ਨੇ 27 ਦੌੜਾਂ ਨਾ ਬਣਾਈਆਂ ਹੁੰਦੀਆਂ ਤੇ ਦੋਵਾਂ ਵਿਚਾਲੇ 6ਵੀਂ ਵਿਕਟ ਲਈ 52 ਦੌੜਾਂ ਦੀ ਸਾਂਝੇਦਾਰੀ ਨਾ ਹੁੰਦੀ ਤਾਂ ਆਰ.ਸੀ.ਬੀ. ਇਸ ਸਕੋਰ ਤੱਕ ਵੀ ਨਹੀਂ ਪਹੁੰਚਦੀ।
ਮੁੰਬਈ ਦੀ ਟੀਮ ਆਪਣੀ ਨਿਯਮਤ ਕਪਤਾਨ ਹਰਮਨਪ੍ਰੀਤ ਕੌਰ ਤੇ ਮੁੱਖ ਤੇਜ਼ ਗੇਂਦਬਾਜ਼ ਸ਼ਬਨੀਮ ਇਸਮਾਇਲ ਦੇ ਬਿਨਾਂ ਮੈਦਾਨ 'ਤੇ ਉਤਰੀ, ਜਿਹੜੀਆਂ ਸੱਟਾਂ ਤੋਂ ਉੱਭਰ ਰਹੀਆਂ ਹਨ ਪਰ ਮੈਦਾਨ ਵਿਚ ਉਨ੍ਹਾਂ ਦੀ ਕਮੀ ਨਹੀਂ ਮਹਿਸੂਸ ਹੋਈ।
ਆਰ.ਸੀ.ਬੀ. ਦੀਆਂ ਚੋਟੀਕ੍ਰਮ ਦੀਆਂ ਬੱਲੇਬਾਜ਼ਾਂ ਸਬਰ ਨਾਲ ਨਹੀਂ ਖੇਡ ਸਕੀਆਂ ਤੇ ਮੁੰਬਈ ਦੀਆਂ ਗੇਂਦਬਾਜ਼ਾਂ ਦੀ ਸਹੀ ਲਾਈਨ ਤੇ ਲੈਂਥ ਦੇ ਅੱਗੇ ਟਿਕ ਨਹੀਂ ਸਕੀਆਂ। ਕਪਤਾਨ ਸਮ੍ਰਿਤੀ ਮੰਧਾਨਾ (11 ਗੇਂਦਾਂ ’ਤੇ 9 ਦੌੜਾਂ) ਸਬਰ ਗੁਆਉਣ ਕਾਰਨ ਤੇਜ਼ ਗੇਂਦਬਾਜ਼ ਇਸੀ ਵੋਂਗ ਦੀ ਗੇਂਦ ਨੂੰ ਮੈਦਾਨ ਦੇ ਬਾਹਰ ਪਹੁੰਚਾਉਣ ਦੀ ਕੋਸ਼ਿਸ਼ ਵਿਚ ਨੈਟ ਸਾਈਵਰ ਬ੍ਰੰਟ ਨੂੰ ਆਸਾਨ ਕੈਚ ਦੇ ਕੇ ਆਊਟ ਹੋਈ।
ਟੀਮ ਦੀਆਂ ਚੋਟੀਕ੍ਰਮ ਦੀਆਂ ਹੋਰ ਬੱਲੇਬਾਜ਼ਾਂ ਰਿਚਾ ਘੋਸ਼ ਤੇ ਐੱਸ. ਮੇਘਨਾ ਦੇ ਨਾਲ ਵੀ ਅਜਿਹਾ ਹੀ ਹੋਇਆ। ਪੈਰੀ ਨੇ ਹਾਲਾਂਕਿ ਦਿਖਾਇਆ ਕਿ ਅਜਿਹੀ ਪਿੱਚ ’ਤੇ ਦੌੜਾਂ ਕਿਵੇਂ ਬਣਾਈਆਂ ਜਾਂਦੀਆਂ ਹਨ ਤੇ ਉਸ ਨੇ ਗੇਂਦਬਾਜ਼ਾਂ ਵਿਰੁੱਧ ਦੌੜਾਂ ਬਣਾਉਣ ਲਈ ਸਹੀ ਗੇਂਦਾਂ ਚੁਣੀਆਂ। ਵਾਰੇਹੈਮ ਨੇ ਵੀ ਪੈਰੀ ਦਾ ਚੰਗਾ ਸਾਥ ਦਿੰਦਿਆਂ ਸਟ੍ਰਾਈਕ ਰੋਟੇਟ ਕੀਤੀ ਤੇ ਕਦੇ-ਕਦੇ ਗੇਂਦ ਬਾਊਂਡਰੀ ਦੇ ਪਾਰ ਵੀ ਕਰਵਾਈ।
24 ਗੇਂਦਾਂ 'ਤੇ 40 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਮੁੰਬਈ ਦੀ ਜਿੱਤ 'ਚ ਅਹਿਮ ਯੋਗਦਾਨ ਪਾਉਣ ਵਾਲੀ ਅਮੀਲੀਆ ਕੇਰ ਨੂੰ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e