ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ ਅਧਿਬਨ-ਗਾਂਗੁਲੀ ਨੇ ਜਿੱਤੇ ਸੋਨ ਤਮਗੇ

03/15/2019 9:17:35 PM

ਅਸਤਾਨਾ (ਕਜ਼ਾਕਿਸਤਾਨ) (ਨਿਕਲੇਸ਼ ਜੈਨ)— ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ 'ਚ ਭਾਰਤ ਭਾਵੇਂ ਹੀ ਆਖਰੀ ਸਮੇਂ ਵਿਚ ਤਮਗੇ ਤੋਂ ਖੁੰਝ ਗਿਆ ਪਰ ਉਸ ਦੇ 2 ਖਿਡਾਰੀ ਅਧਿਬਨ ਭਾਸਕਰਨ ਤੇ ਸੂਰਯ ਸ਼ੇਖਰ ਗਾਂਗੁਲੀ ਆਪਣੇ ਪ੍ਰਦਰਸ਼ਨ ਦੇ ਆਧਾਰ 'ਤੇ ਕ੍ਰਮਵਾਰ ਬੋਰਡ 1 ਤੇ 3 ਦਾ ਸੋਨ ਤਮਗਾ ਜਿੱਤਣ 'ਚ ਕਾਮਯਾਬ ਰਹੇ। ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ ਦੇ ਇਤਿਹਾਸ 'ਚ ਭਾਰਤ ਦੇ 2 ਖਿਡਾਰੀਆਂ ਨੂੰ ਸੋਨ ਤਮਗਾ ਮਿਲਣ ਦਾ ਇਹ ਪਹਿਲਾ ਮੌਕਾ ਹੈ। 2683 ਰੇਟਿੰਗ ਵਾਲਾ ਅਧਿਬਨ ਭਾਸਕਰਨ 3 ਜਿੱਤਾਂ ਤੇ 6 ਡਰਾਅ ਨਾਲ ਅਜੇਤੂ ਰਿਹਾ ਤੇ 2828 ਦਾ ਪ੍ਰ੍ਰਦਰਸ਼ਨ ਕਰਦੇ ਹੋਏ 2700 ਰੇਟਿੰਗ 'ਤੇ ਪਹੁੰਚਣ ਵਾਲਾ ਇਤਿਹਾਸ ਦਾ 5ਵਾਂ ਭਾਰਤੀ ਖਿਡਾਰੀ ਬਣ ਗਿਆ। ਉਸ ਤੋਂ ਪਹਿਲਾਂ ਵਿਸ਼ਵਨਾਥਨ ਆਨੰਦ, ਕ੍ਰਿਸ਼ਣਨ ਸ਼ਸ਼ੀਕਿਰਣ, ਪੇਂਟਾਲਾ ਹਰਿਕ੍ਰਿਸ਼ਣਾ ਤੇ ਵਿਦਿਤ ਗੁਜਰਾਤੀ ਇਹ ਕਾਰਨਾਮਾ ਕਰ ਚੁੱਕੇ ਹਨ। ਇਸ ਦੇ ਨਾਲ ਹੀ ਵਿਸ਼ਵ ਰੈਂਕਿੰਗ ਵਿਚ 18 ਸਥਾਨਾਂ ਦੀ ਛਲਾਂਗ ਨਾਲ ਉਹ 40ਵੇਂ ਸਥਾਨ 'ਤੇ ਜਾ ਪਹੁੰਚਿਆ ਹੈ।
ਉਥੇ ਹੀ ਪਿਛਲੇ ਸਮੇਂ ਤੋਂ ਖਰਾਬ ਲੈਅ ਨਾਲ ਜੂਝ ਰਹੇ ਸੂਰਯ ਸ਼ੇਖਰ ਗਾਂਗੁਲੀ ਨੇ ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ ਤੋਂ ਨਾ ਸਿਰਫ ਜ਼ਬਰਦਸਤ ਵਾਪਸੀ ਕੀਤੀ ਸਗੋਂ 2633 ਰੇਟਿੰਗ ਦੇ ਗਾਂਗੁਲੀ ਨੇ 2850 ਦਾ ਪ੍ਰਦਰਸ਼ਨ ਕਰਦੇ ਹੋਏ ਆਪਣੀ ਰੇਟਿੰਗ ਵਿਚ 21 ਅੰਕ ਜੋੜਦੇ ਹੋਏ ਬੋਰਡ 3 ਦਾ ਸੋਨ ਤਮਗਾ ਹਾਸਲ ਕਰ ਲਿਆ। ਉਸ ਨੇ ਤੀਜੇ ਬੋਰਡ 'ਤੇ ਭਾਰਤ ਲਈ 5 ਜਿੱਤਾਂ ਤੇ 4 ਡਰਾਅ ਖੇਡਦੇ ਹੋਏ 7 ਅੰਕ ਹਾਸਲ ਕੀਤੇ। 


Gurdeep Singh

Content Editor

Related News