ਵਿਸ਼ਵ ਕੱਪ 2023: ਆਤਮਵਿਸ਼ਵਾਸ ਨਾਲ ਭਰਪੂਰ ਭਾਰਤ ਦਾ ਸਾਹਮਣਾ ਖਰਾਬ ਫਾਰਮ ਨਾਲ ਜੂਝ ਰਹੀ ਸ਼੍ਰੀਲੰਕਾ ਨਾਲ
Thursday, Nov 02, 2023 - 12:15 PM (IST)
ਮੁੰਬਈ– 12 ਸਾਲ ਪਹਿਲਾਂ ਇਸ ਮੈਦਾਨ ’ਤੇ ਖਿਤਾਬ ਜਿੱਤ ਕੇ ਇਕ ਅਰਬ ਦੇਸ਼ਵਾਸੀਆਂ ਨੂੰ ਅਪ੍ਰੈਲ ਵਿੱਚ ‘ਦੀਵਾਲੀ’ ਮਨਾਉਣ ਦਾ ਮੌਕਾ ਦੇਣ ਵਾਲੀ ਭਾਰਤੀ ਟੀਮ ਜਦੋਂ ਇਕ ਵਾਰ ਫਿਰ ਵੀਰਵਾਰ ਨੂੰ ਉਸੇ ਵਿਰੋਧੀ ਸ਼੍ਰੀਲੰਕਾ ਨਾਲ ਵਿਸ਼ਵ ਕੱਪ ਦਾ ਲੀਗ ਮੈਚ ਖੇਡੇਗੀ ਤਾਂ ਇਸ ਵਾਰ ਮੁਕਾਬਲਾ ਬਹੁਤ ਹੀ ਬੇਮੇਲ ਹੋਵੇਗਾ। ਤੀਜੇ ਖਿਤਾਬ ਵੱਲ ਵੱਧ ਰਹੀ ਭਾਰਤੀ ਟੀਮ ਜ਼ਬਰਦਸਤ ਫਾਰਮ ਵਿੱਚ ਹੈ ਤੇ ਸ਼੍ਰੀਲੰਕਾ ਹਾਰ ਦਰ ਹਾਰ ਤੋਂ ਪ੍ਰੇਸ਼ਾਨ ਹੈ। ਲਗਾਤਾਰ 6 ਮੈਚ ਜਿੱਤ ਚੁੱਕੀ ਭਾਰਤੀ ਟੀਮ ਨੂੰ ਸਹੀ ਅਰਥਾਂ ਵਿੱਚ ਅਜੇ ਤਕ ਕੋਈ ਚੁਣੌਤੀ ਨਹੀਂ ਮਿਲੀ ਹੈ। ਭਾਰਤ ਨੇ ਹਰ ਵਿਭਾਗ ਵਿੱਚ ਇਕ ਚੈਂਪੀਅਨ ਦੀ ਤਰ੍ਹਾਂ ਪ੍ਰਦਰਸ਼ਨ ਕੀਤਾ ਹੈ।
ਆਤਮਵਿਸ਼ਵਾਸ ਨਾਲ ਭਰਪੂਰ ਹੋਣ ਦਾ ਕਾਰਨ ਇਹ ਵੀ ਹੈ ਕਿ ਮੁਸ਼ਕਿਲ ਹਾਲਾਤ ’ਚ ਵੀ ਭਾਰਤ ਨੇ ਵਾਪਸੀ ਕਰਕੇ ਜਿੱਤ ਦਰਜ ਕੀਤੀ ਹੈ ਅਰਥਾਤ ਚੇਨਈ ਵਿੱਚ ਆਸਟਰੇਲੀਆ ਵਿਰੁੱਧ 5 ਦੌੜਾਂ ’ਤੇ 3 ਵਿਕਟਾਂ ਗਵਾਉਣਾ ਹੋਵੇ ਜਾਂ ਇੰਗਲੈਂਡ ਵਿਰੁੱਧ ਲਖਨਊ ਵਿੱਚ 9 ਵਿਕਟਾਂ ’ਤੇ 229 ਦੌੜਾਂ ਦੇ ਸਾਧਾਰਨ ਸਕੋਰ ਦੇ ਬਾਵਜੂਦ ਜਿੱਤ ਦਰਜ ਕਰਨਾ ਹੋਵੇ। ਇਸ ਨੇ ਵਿਰੋਧੀ ਟੀਮਾਂ ਲਈ ਵੀ ਖਤਰੇ ਦੀ ਘੰਟੀ ਵਜਾ ਦਿੱਤੀ ਹੈ ਕਿ ਰੋਹਿਤ ਸ਼ਰਮਾ ਦੀ ਟੀਮ ਦਾ ਸਾਹਮਣਾ ਕਰਨ ਲਈ ਉਸ ਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ।
ਇਹ ਵੀ ਪੜ੍ਹੋ- ਅਸੀਂ ਟੀਚੇ ਦਾ ਪਿੱਛਾ ਕਰ ਸਕਦੇ ਹਾਂ...ਪਾਕਿ ਖ਼ਿਲਾਫ਼ ਮੈਚ ਜਿੱਤ ਕੇ ਸਾਨੂੰ ਅਹਿਸਾਸ ਹੋਇਆ : ਸ਼ਾਹਿਦੀ
ਹਾਰਦਿਕ ਪੰਡਯਾ ਦੀ ਗੈਰ-ਮੌਜੂਦਗੀ ਵਿੱਚ ਮੁਹੰਮਦ ਸ਼ੰਮੀ ਨੂੰ ਮੌਕਾ ਦਿੱਤਾ ਗਿਆ, ਜਿਸ ਨੇ 2 ਮੈਚਾਂ ਵਿੱਚ 9 ਵਿਕਟਾਂ ਲੈ ਕੇ ਚੋਣਕਾਰਾਂ ਲਈ ਸੁਖਦਾਇਕ ਸਿਰਦਰਦੀ ਪੈਦਾ ਕਰ ਦਿੱਤੀ ਹੈ। ਕਪਤਾਨ ਰੋਹਿਤ ਤੇ ਕੋਚ ਰਾਹੁਲ ਦ੍ਰਾਵਿੜ ਨੂੰ ਪਤਾ ਹੈ ਕਿ ਸ਼ੰਮੀ ਨੂੰ ਅੱਗੇ ਦੇ ਵੱਡੇ ਮੁਕਾਬਲਿਆਂ ਲਈ ਸੁਰੱਖਿਅਤ ਰੱਖਣਾ ਪਵੇਗਾ। ਪੰਡਯਾ ਦੀ ਵਾਪਸੀ ਨੂੰ ਲੈ ਕੇ ਅਜੇ ਕੋਈ ਖ਼ਬਰ ਨਹੀਂ ਹੈ ਪਰ ਭਾਰਤ ਦੀ ਯੂਥ ਬ੍ਰਿਗੇਡ ਦਾ ਪ੍ਰਦਰਸ਼ਨ ਜ਼ਰੂਰ ਚਿੰਤਾ ਦਾ ਵਿਸ਼ਾ ਹੈ।
ਲਗਾਤਾਰ ਚੰਗਾ ਪ੍ਰਦਰਸ਼ਨ ਕਰਕੇ ਵਿਸ਼ਵ ਕੱਪ ਵਿੱਚ ਆਏ ਸ਼ੁਭਮਨ ਗਿੱਲ ਤੇ ਸ਼੍ਰੇਅਸ ਅਈਅਰ ਅਜੇ ਤਕ ਕੋਈ ਵੱਡੀ ਪਾਰੀ ਨਹੀਂ ਖੇਡ ਸਕੇ ਹਨ। ਗਿੱਲ ਡੇਂਗੂ ਕਾਰਨ ਪਹਿਲੇ ਦੋ ਮੈਚ ਨਹੀਂ ਖੇਡ ਸਕਿਆ ਸੀ ਤੇ ਵਾਪਸੀ ਤੋਂ ਬਾਅਦ ਵੀ ਸਿਰਫ਼ ਇਕ ਅਰਧ ਸੈਂਕੜਾ ਲਾ ਸਕਿਆ ਹੈ। ਇਸ ਸਾਲ 24 ਵਨ ਡੇ ਵਿੱਚ 4 ਸੈਂਕੜੇ ਤੇ 6 ਅਰਧ ਸੈਂਕੜਿਆਂ ਸਮੇਤ 1334 ਦੌੜਾਂ ਬਣਾ ਚੁੱਕੇ ਗਿੱਲ ਨੂੰ ਆਪਣੀ ਵਿਕਟ ਗਵਾਉਣ ਤੋਂ ਬਚਣਾ ਪਵੇਗਾ। ਸ਼ਾਟ ਗੇਂਦਾਂ ਵਿਰੁੱਧ ਉਸਦੀ ਕਮਜ਼ੋਰੀ ਜ਼ਾਹਿਰ ਹੈ ਜਦਕਿ ਅਈਅਰ ਵੀ ਗੇਂਦਬਾਜ਼ਾਂ ’ਤੇ ਦਬਾਅ ਨਹੀਂ ਬਣਾ ਸਕਿਆ ਹੈ। ਅਈਅਰ ਨੇ 6 ਮੈਚਾਂ ਵਿਚ ਸਿਰਫ 1 ਅਰਧ ਸੈਂਕੜਾ ਬਣਾਇਆ ਹੈ। ਕਈ ਮੌਕਿਆਂ ’ਤੇ ਉਹ ਫਿਨਿਸ਼ਰ ਦੀ ਭੂਮਿਕਾ ਨਿਭਾਉਣ ਵਿੱਚ ਅਸਫਲ ਰਿਹਾ ਹੈ। ਹੁਣ ਆਪਣੇ ਘਰੇਲੂ ਮੈਦਾਨ ’ਤੇ ਪਿਛਲੀਆਂ ਅਸਫਲਤਾਵਾਂ ਭੁੱਲ ਕੇ ਉਸ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ।
ਇਹ ਵੀ ਪੜ੍ਹੋ- ਪਾਕਿਸਤਾਨ ਕ੍ਰਿਕਟ ਟੀਮ ਨੇ ਚਖਿਆ ਕੋਲਕਾਤਾ ਦੀ ਮਸ਼ਹੂਰ ਬਿਰਯਾਨੀ ਦਾ ਸਵਾਦ, ਕਬਾਬ ਵੀ ਖਾਧਾ
ਰੋਹਿਤ, ਸੂਰਯਕੁਮਾਰ ਯਾਦਵ ਤੇ ਸ਼ਾਰਦੁਲ ਠਾਕੁਰ ਦਾ ਵੀ ਇਹ ਘਰੇਲੂ ਮੈਦਾਨ ਹੈ। ਇਸ ਵਿਸ਼ਵ ਕੱਪ ਵਿਚ 66.33 ਦੀ ਔਸਤ ਨਾਲ ਭਾਰਤ ਲਈ ਸਭ ਤੋਂ ਵੱਧ 398 ਦੌੜਾਂ ਬਣਾ ਚੁੱਕਾ ਰੋਹਿਤ ਆਪਣੇ ਬੱਲੇ ਨਾਲ ਦੌੜਾਂ ਦਾ ਮੀਂਹ ਵਰ੍ਹਾ ਕੇ ਘਰੇਲੂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਾ ਚਾਹੇਗਾ।
ਉੱਥੇ ਹੀ, ਕੁਆਲੀਫਿਕੇਸ਼ਨ ਦੌਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਸ਼੍ਰੀਲੰਕਾਈ ਟੀਮ ਵਿਸ਼ਵ ਕੱਪ ਵਿੱਚ ਅਸਫ਼ਲ ਰਹੀ ਹੈ। ਪ੍ਰਮੁੱਖ ਖਿਡਾਰੀਆਂ ਦੀਆਂ ਸੱਟਾਂ ਤੇ ਅਣਉਪਲੱਬਧਤਾ ਨੇ ਉਸਦੀਆਂ ਪ੍ਰੇਸ਼ਾਨੀਆਂ ਹੋਰ ਵਧਾ ਦਿੱਤੀਆਂ ਹਨ। ਸ਼੍ਰੀਲੰਕਾ ਲਈ ਸਦੀਰਾ ਸਮਰਵਿਕ੍ਰਮਾ ਨੇ 6 ਮੈਚਾਂ ਵਿੱਚ ਸਭ ਤੋਂ ਵੱਧ 331 ਦੌੜਾਂ ਬਣਾਈਆਂ ਹਨ, ਜਿਸ ਵਿਚ ਇਕ ਸੈਂਕੜਾ ਸ਼ਾਮਲ ਹੈ। ਪਾਥੁਮ ਨਿਸਾਂਕਾ ਨੇ ਵੀ ਇਸ ਸਾਲ ਇਕ ਹਜ਼ਾਰ ਤੋਂ ਵੱਧ ਵਨ ਡੇ ਦੌੜਾਂ ਬਣਾਈਆਂ ਹਨ। ਵਿਸ਼ਵ ਕੱਪ ਵਿੱਚ ਉਸ ਨੇ ਲਗਾਤਾਰ ਚਾਰ ਅਰਧ ਸੈਂਕੜੇ ਲਾਏ ਹਨ। ਕਪਤਾਨ ਕੁਸ਼ਲ ਮੈਂਡਿਸ ਤੇ ਐਂਜੇਲੋ ਮੈਥਿਊਜ਼ ਦੇ ਰੂਪ ਵਿੱਚ ਸ਼੍ਰੀਲੰਕਾ ਕੋਲ ਮੈਚ ਜੇਤੂ ਖਿਡਾਰੀ ਹਨ। ਸ਼੍ਰੀਲੰਕਾ ਦੇ ਗੇਂਦਬਾਜ਼ਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਤਜਰਬੇ ਦੀ ਘਾਟ ਵਿੱਚ ਭਾਰਤੀ ਬੱਲੇਬਾਜ਼ ਉਨ੍ਹਾਂ ਲਈ ਵੱਡੀ ਚੁਣੌਤੀ ਸਾਬਤ ਹੋਣਗੇ।
ਟੀਮਾਂ ਇਸ ਤਰ੍ਹਾਂ ਹਨ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਕੁਲਦੀਪ ਯਾਦਵ, ਮੁਹੰਮਦ ਸ਼ੰਮੀ, ਆਰ. ਅਸ਼ਵਿਨ, ਈਸ਼ਾਨ ਕਿਸ਼ਨ, ਸੂਰਯਕੁਮਾਰ ਯਾਦਵ।
ਸ਼੍ਰੀਲੰਕਾ : ਕੁਸ਼ਲ ਮੈਂਡਿਸ (ਕਪਤਾਨ), ਕੁਸ਼ਲ ਪਰੇਰਾ, ਪਥੁਮ ਨਿਸਾਂਕਾ, ਦੁਸ਼ਮੰਤ ਚਮੀਰਾ, ਦਿਮੁਥ ਕਰੁਣਾਰਤਨੇ, ਸਦੀਰਾ ਸਰਮਵਿਕ੍ਰਮਾ, ਚਰਿਥ ਅਸਾਲੰਕਾ, ਧਨੰਜਯ ਡੀ ਸਿਲਵਾ, ਮਹੇਸ਼ ਤੀਕਸ਼ਣਾ, ਦੁਨਿਥ ਵੇਲਾਲਾਗੇ, ਕਾਸੁਨ ਰਾਜਿਥਾ, ਐਂਜੇਲੋ ਮੈਥਿਊਜ਼, ਦਿਲਸ਼ਾਨ ਮਧੂਸ਼ਨਾਕਾ, ਦੁਸ਼ਾਨ ਹੇਮੰਥਾ, ਚਮਿਕਾ ਕਰੁਣਾਰਤਨੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ