World Cup 2023: ਨਿਊਜ਼ੀਲੈਂਡ ਹੱਥੋਂ ਮੌਜੂਦਾ ਚੈਂਪੀਅਨ ਇੰਗਲੈਂਡ ਦੀ ਕਰਾਰੀ ਹਾਰ, ਰਾਚਿਨ-ਕੋਨਵੇ ਨੇ ਜੜੇ ਸੈਂਕੜੇ
Thursday, Oct 05, 2023 - 09:09 PM (IST)

ਸਪੋਰਟਸ ਡੈਸਕ : ਕ੍ਰਿਕਟ ਵਿਸ਼ਵ ਕੱਪ 2023 ਦੇ ਸ਼ੁਰੂਆਤੀ ਮੈਚ 'ਚ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 9 ਵਿਕਟਾਂ ਨਾਲ ਹਰਾ ਕੇ ਕ੍ਰਿਕਟ ਵਿਸ਼ਵ ਕੱਪ 2019 ਦੇ ਫਾਈਨਲ 'ਚ ਮਿਲੀ ਹਾਰ ਦਾ ਬਦਲਾ ਲੈ ਲਿਆ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਮੈਚ ਦੌਰਾਨ ਇੰਗਲੈਂਡ ਨੇ ਪਹਿਲਾਂ ਖੇਡਦੇ ਹੋਏ 282 ਦੌੜਾਂ ਬਣਾਈਆਂ ਸਨ। ਬੇਅਰਸਟੋ 37, ਜੋ ਰੂਟ 77 ਅਤੇ ਜੋਸ ਬਟਲਰ 43 ਦੌੜਾਂ ਬਣਾਉਣ 'ਚ ਸਫਲ ਰਹੇ। ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਨੇ ਵਿਲ ਯੰਗ ਦੀ ਵਿਕਟ 0 'ਤੇ ਗੁਆਉਣ ਦੇ ਬਾਵਜੂਦ ਰਚਿਨ ਰਵਿੰਦਰਾ ਅਤੇ ਡੋਨਵੋਨ ਕੋਨਵੇ ਦੇ ਸੈਂਕੜੇ ਦੀ ਬਦੌਲਤ 9 ਵਿਕਟਾਂ ਨਾਲ ਜਿੱਤ ਦਰਜ ਕੀਤੀ। ਕੋਨਵੇ ਨੇ 152 ਅਤੇ ਰਵਿੰਦਰਾ ਨੇ 122 ਦੌੜਾਂ ਬਣਾਈਆਂ। ਦੋਵਾਂ ਨੇ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਸਕੋਰ ਬਣਾਇਆ। ਕੋਨਵੇ ਅਤੇ ਰਵਿੰਦਰਾ ਨੇ ਦੂਜੀ ਵਿਕਟ ਲਈ 273 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਨਿਊਜ਼ੀਲੈਂਡ ਵੱਲੋਂ ਵਿਸ਼ਵ ਕੱਪ ਵਿਚ ਕਿਸੇ ਵੀ ਵਿਕਟ ਲਈ ਇਹ ਸਭ ਤੋਂ ਵੱਡੀ ਸਾਂਝੇਦਾਰੀ ਹੈ। ਇਨ੍ਹਾਂ ਜ਼ਬਰਦਸਤ ਪਾਰੀਆਂ ਨਾਲ, ਨਿਊਜ਼ੀਲੈਂਡ 2019 ਦੇ ਫਾਈਨਲ ਦੀਆਂ ਕੌੜੀਆਂ ਯਾਦਾਂ ਨੂੰ ਪਿੱਛੇ ਛੱਡਣ ਦੇ ਯੋਗ ਹੋ ਗਿਆ ਜਦੋਂ ਉਹ ਬਾਊਂਡਰੀ ਗਿਣਤੀ 'ਤੇ ਇੰਗਲੈਂਡ ਤੋਂ ਖਿਤਾਬ ਗੁਆ ਬੈਠਾ ਸੀ।
ਇਹ ਖ਼ਬਰ ਵੀ ਪੜ੍ਹੋ - ਫਿਰ ਵਿਵਾਦਾਂ 'ਚ ਘਿਰੀ ਪੰਜਾਬ ਪੁਲਸ, ਇਟਲੀ ਦੇ ਨਾਗਰਿਕ ਦਾ ਫਰਜ਼ੀ ਐਨਕਾਊਂਟਰ ਕਰਨ ਦੀ ਕੋਸ਼ਿਸ਼, ਕੀਤਾ ਤਸ਼ੱਦਦ
ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਇੰਗਲੈਂਡ ਦੀ ਟੀਮ ਨਿਯਮਤ ਅੰਤਰਾਲ 'ਤੇ ਵਿਕਟਾਂ ਗੁਆਉਣ ਕਾਰਨ 9 ਵਿਕਟਾਂ 'ਤੇ 282 ਦੌੜਾਂ ਹੀ ਬਣਾ ਸਕੀ। ਉਸ ਦੀ ਤਰਫੋਂ ਤਜਰਬੇਕਾਰ ਬੱਲੇਬਾਜ਼ ਜੋ ਰੂਟ ਨੇ ਸਭ ਤੋਂ ਵੱਧ 77 ਦੌੜਾਂ ਦਾ ਯੋਗਦਾਨ ਪਾਇਆ। ਨਿਊਜ਼ੀਲੈਂਡ ਦੇ ਅਸਥਾਈ ਸਪਿਨਰ ਗਲੇਨ ਫਿਲਿਪਸ ਨੇ ਤਿੰਨ ਓਵਰਾਂ ਵਿੱਚ 17 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ, ਜਿਸ ਵਿੱਚ ਰੂਟ ਅਤੇ ਆਲਰਾਊਂਡਰ ਮੋਇਨ ਅਲੀ (11) ਵਰਗੇ ਖਿਡਾਰੀ ਸ਼ਾਮਲ ਸਨ। ਮਿਸ਼ੇਲ ਸੈਂਟਨਰ ਨੇ 37 ਦੌੜਾਂ ਦੇ ਕੇ ਦੋ ਵਿਕਟਾਂ ਅਤੇ ਮੈਟ ਹੈਨਰੀ ਨੇ 10 ਓਵਰਾਂ ਵਿੱਚ 48 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਕੌਨਵੇ ਨੇ ਕ੍ਰਿਸ ਵੋਕਸ ਦੇ ਪਹਿਲੇ ਓਵਰ 'ਚ ਦੋ ਚੌਕੇ ਲਗਾ ਕੇ 10 ਦੌੜਾਂ ਬਣਾਈਆਂ ਪਰ ਅਗਲੇ ਓਵਰ ਦੀ ਪਹਿਲੀ ਗੇਂਦ 'ਤੇ ਸੈਮ ਕੁਰਾਨ ਨੇ ਵਿਲ ਯੰਗ (00) ਨੂੰ ਵਿਕਟ ਦੇ ਪਿੱਛੇ ਕੈਚ ਦੇ ਦਿੱਤਾ। ਇਸ ਤੋਂ ਬਾਅਦ ਇੰਗਲੈਂਡ ਦੇ ਗੇਂਦਬਾਜ਼ ਵਿਕਟਾਂ ਹਾਸਲ ਕਰਨ ਲਈ ਤਰਸਦੇ ਰਹੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8