ਪੈਰਾ ਤੀਰਅੰਦਾਜ਼ੀ ਵਿਸ਼ਵ ਚੈਂਪੀਅਨਸ਼ਿਪ: ਚਾਂਦੀ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ ਪੂਜਾ ਜਾਤਯਾਨ

Monday, Feb 28, 2022 - 12:57 PM (IST)

ਪੈਰਾ ਤੀਰਅੰਦਾਜ਼ੀ ਵਿਸ਼ਵ ਚੈਂਪੀਅਨਸ਼ਿਪ: ਚਾਂਦੀ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ ਪੂਜਾ ਜਾਤਯਾਨ

ਦੁਬਈ (ਭਾਸ਼ਾ)- ਪੈਰਾ ਤੀਰਅੰਦਾਜ਼ ਪੂਜਾ ਜਾਤਯਾਨ ਨੇ ਐਤਵਾਰ ਨੂੰ ਇੱਥੇ ਪੈਰਾ ਵਿਸ਼ਵ ਚੈਂਪੀਅਨਸ਼ਿਪ ਦੇ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਵਿਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਕੇ ਇਤਿਹਾਸ ਰਚ ਦਿੱਤਾ ਹੈ। ਪੂਜਾ ਨੂੰ ਫਾਈਨਲ ਵਿਚ ਇਟਲੀ ਦੀ ਪੈਟ੍ਰੀਲੀ ਵਿਨਸੇਂਜ਼ਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਨ੍ਹਾਂ ਨੂੰ ਚਾਂਦੀ ਦੇ ਤਗ਼ਮੇ ਨਾਲ ਸੰਤੁਸ਼ਟ ਰਹਿਣਾ ਪਿਆ।

24 ਸਾਲਾ ਪੈਰਾ ਤੀਰਅੰਦਾਜ਼ ਦੀਆਂ ਨਜ਼ਰਾਂ ਸੀਨੀਅਰ ਪੱਧਰ 'ਤੇ ਪਹਿਲੀ ਮਹਿਲਾ ਤੀਰਅੰਦਾਜ਼ ਵਿਸ਼ਵ ਚੈਂਪੀਅਨ ਬਣਨ 'ਤੇ ਟਿਕੀਆਂ ਹੋਈਆਂ ਸਨ ਪਰ ਗੁਰੂਗ੍ਰਾਮ ਦੀ ਇਹ ਖਿਡਾਰਨ ਫਾਈਨਲ 'ਚ ਟੋਕੀਓ ਪੈਰਾਲੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਦੀ ਚੁਣੌਤੀ ਨੂੰ ਪਾਰ ਨਹੀਂ ਕਰ ਸਕੀ ਅਤੇ 3-7 (24-24, 23-21, 26-28, 24-26, 25-27) ਨਾਲ ਹਾਰ ਗਈ। ਉਨ੍ਹਾਂ ਨੇ ਬ੍ਰਿਟੇਨ ਦੀ ਹੇਜ਼ਲ ਚੇਸਟੀ ਤੋਂ 0-2 ਨਾਲ ਪਛੜਨ ਦੇ ਬਾਅਦ ਵਾਪਸੀ ਕਰਦੇ ਹੋਏ 6-2 ਨਾਲ ਜਿੱਤ ਦਰਜ ਕਰਕੇ ਫਾਈਨਲ ਵਿਚ ਵਾਪਸੀ ਕੀਤੀ ਸੀ। ਭਾਰਤ ਨੇ ਇਸ ਤਰ੍ਹਾਂ ਵਿਸ਼ਵ ਤੀਰਅੰਦਾਜ਼ੀ ਪੈਰਾ ਚੈਂਪੀਅਨਸ਼ਿਪ 'ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਕੇ ਮੁਹਿੰਮ ਨੂੰ 2 ਚਾਂਦੀ ਦੇ ਤਗਮਿਆਂ ਨਾਲ ਸਮਾਪਤ ਕੀਤਾ।

ਪੂਜਾ ਅਤੇ ਉਨ੍ਹਾਂ ਦੇ ਹੀ ਸਮਾਨ ਨਾਮ ਦੀ ਸੀਨੀਅਰ ਸਾਥੀ ਪੂਜਾ ਖੰਨਾ ਦੀ ਟੀਮ ਕਾਂਸੀ ਤਮਗੇ ਲਈ ਮੰਗੋਲੀਆ ਦੇ ਵਿਰੋਧੀਆਂ ਸਾਹਮਣੇ ਸਨ ਪਰ ਉਨ੍ਹਾਂ ਨੂੰ 1-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਾਮ ਸੁੰਦਰ ਸਵਾਮੀ ਅਤੇ ਜੋਤੀ ਬਾਲਿਆਨ ਦੀ ਮਿਸ਼ਰਤ ਜੋੜੀ ਨੇ ਇਸ ਤੋਂ ਪਹਿਲਾਂ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਿਆ ਸੀ, ਜੋ ਦੇਸ਼ ਦਾ ਵਿਸ਼ਵ ਤੀਰਅੰਦਾਜ਼ੀ ਪੈਰਾ ਚੈਂਪੀਅਨਸ਼ਿਪ ਵਿਚ ਪਹਿਲਾ ਤਮਗਾ ਵੀ ਸੀ। ਕੁਆਲੀਫਾਈ ਕਰਨ ਵਾਲੀ ਚੌਥਾ ਦਰਜਾ ਪ੍ਰਾਪਤ ਪੂਜਾ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਪੂਜਾ ਖੰਨਾ ਨੂੰ 7-1 ਨਾਲ ਹਰਾ ਕੇ ਕੀਤੀ। ਉਨ੍ਹਾਂ ਨੂੰ ਕੁਆਰਟਰ ਫਾਈਨਲ ਵਿਚ ਸ਼ਵੇਤਲਾਨਾ ਬਾਰਾਂਤਸੇਵਾ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਪਰ ਉਹ 6-4 ਨਾਲ ਜਿੱਤ ਦਰਜ ਕਰਨ ਵਿਚ ਕਾਮਯਾਬ ਰਹੀ।


author

cherry

Content Editor

Related News