Women's Asia Cup Final: ਭਾਰਤ-ਸ਼੍ਰੀਲੰਕਾ ਵਿਚਾਲੇ ਖਿਤਾਬੀ ਮੁਕਾਬਲਾ ਅੱਜ, ਜਾਣੋ ਕਿਸ ਦਾ ਪਲੜਾ ਭਾਰੀ

Sunday, Sep 13, 2026 - 01:51 PM (IST)

Women's Asia Cup Final: ਭਾਰਤ-ਸ਼੍ਰੀਲੰਕਾ ਵਿਚਾਲੇ ਖਿਤਾਬੀ ਮੁਕਾਬਲਾ ਅੱਜ, ਜਾਣੋ ਕਿਸ ਦਾ ਪਲੜਾ ਭਾਰੀ

ਦੁਬਈ– 7 ਵਾਰ ਦੀ ਚੈਂਪੀਅਨ ਭਾਰਤੀ ਟੀਮ ਦੀਆਂ ਨਜ਼ਰਾਂ ਸ਼੍ਰੀਲੰਕਾ ਵਿਰੁੱਧ ਐਤਵਾਰ ਨੂੰ ਮਹਿਲਾ ਟੀ-20 ਏਸ਼ੀਆ ਕੱਪ ਫਾਈਨਲ ’ਚ ਸ਼੍ਰੀਲੰਕਾ ਨੂੰ ਹਰਾ ਕੇ 8ਵੀਂ ਵਾਰ ਖਿਤਾਬ ਜਿੱਤਣ ’ਤੇ ਲੱਗੀਆਂ ਹੋਣਗੀਆਂ ਤੇ ਇਸ ਲਈ ਸ਼ੈਫਾਲੀ ਵਰਮਾ ਦੇ ਨਾਲ ਦੀਪਤੀ ਸ਼ਰਮਾ ’ਤੇ ਕਾਫੀ ਦਾਰੋਮਦਾਰ ਰਹੇਗਾ। 2 ਅਰਧ ਸੈਂਕੜਿਆਂ ਸਮੇਤ 168 ਦੌੜਾਂ ਬਣਾ ਚੁੱਕੀ ਸ਼ੈਫਾਲੀ ਭਾਰਤ ਦੀ ਸਰਵੋਤਮ ਬੱਲੇਬਾਜ਼ ਸਾਬਤ ਹੋਈ ਹੈ ਤੇ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਦੌੜਾਂ ਉਸ ਨੇ ਹੀ ਬਣਾਈਆਂ ਹਨ। ਹੌਲੀ ਤੇ ਸਪਿੰਨਰਾਂ ਦੀ ਮਦਦਗਾਰ ਦੁਬਈ ਕੌਮਾਂਤਰੀ ਕ੍ਰਿਕਟ ਸਟੇਡੀਅਮ ਦੀ ਪਿੱਚ ’ਤੇ ਵੀ ਉਸ ਨੇ ਸਹਿਜ ਬੱਲੇਬਾਜ਼ੀ ਕੀਤੀ ਹੈ। ਸਮ੍ਰਿਤੀ ਮੰਧਾਨਾ (154) ਨੇ ਇਕ ਸ਼ਾਨਦਾਰ ਸੈਂਕੜਾ ਲਾਇਆ ਪਰ 2 ਮੈਚਾਂ ’ਚ ਦੋਹਰੇ ਅੰਕ ਤੱਕ ਨਹੀਂ ਪਹੁੰਚ ਸਕੀ। ਸ਼ੈਫਾਲੀ ਦੇ ਪ੍ਰਦਰਸ਼ਨ ’ਚ ਨਿਰੰਤਰਤਾ ਰਹੀ ਹੈ। ਸ਼ੈਫਾਲੀ ਨੂੰ ਆਪਣੇ ਪੁਰਾਣੇ ਅੰਦਾਜ਼ ’ਚ ਸਟ੍ਰੋਕ ਖੇਡਣ ’ਚ ਵੀ ਪ੍ਰੇਸ਼ਾਨੀ ਨਹੀਂ ਆਈ ਜਦਕਿ ਦੂਜੀਆਂ ਬੱਲੇਬਾਜ਼ ਜੂਝਦੀਆਂ ਨਜ਼ਰ ਆਈਆਂ ਹਨ।

ਸ਼੍ਰੀਲੰਕਾ ਦੀ ਕਪਤਾਨ ਚਾਮਾਰੀ ਅਟਾਪੱਟੂ ਦੇ ਨਾਲ ਸਭ ਤੋਂ ਵੱਧ 11 ਵਿਕਟਾਂ ਲੈ ਚੁੱਕੀ ਦੀਪਤੀ ਨੇ ਗੇਂਦਬਾਜ਼ੀ ਤੋਂ ਇਲਾਵਾ ਬੱਲੇ ਦੇ ਜੌਹਰ ਵੀ ਦਿਖਾਏ ਹਨ। ਬੰਗਲਾਦੇਸ਼ ਵਿਰੁੱਧ ਸੈਮੀਫਾਈਨਲ ’ਚ 6 ਗੇਂਦਾਂ ’ਚ 13 ਦੌੜਾਂ ਬਣਾ ਕੇ ਉਸ ਨੇ ਭਾਰਤ ਨੂੰ 150 ਦੌੜਾਂ ਦੇ ਕੋਲ ਪਹੁੰਚਾਇਆ ਸੀ। ਦੀਪਤੀ ਦੇ ਨਾਲ ਸ਼੍ਰੀ ਚਰਣੀ ਤੇ ਪ੍ਰੇਮਾ ਰਾਵਤ ਨੇ ਵੀ ਸ਼ਾਨਦਾਰ ਸਪਿੰਨ ਗੇਂਦਬਾਜ਼ੀ ਕੀਤੀ ਹੈ ਤੇ ਇਨ੍ਹਾਂ ਤਿੰਨਾਂ ਨੇ ਟੂਰਨਾਮੈਂਟ ’ਚ ਆਪਣਾ ਦਬਦਬਾ ਬਰਕਰਾਰ ਰੱਖਿਆ ਹੈ।

ਦੋਵੇਂ ਟੀਮਾਂ ਫਾਈਨਲ ਤੱਕ ਦੇ ਸਫਰ ’ਚ ਅਜੇਤੂ ਰਹੀਆਂ ਹਨ ਤੇ ਪਿਛਲੀ ਵਾਰ 2024 ’ਚ ਭਾਰਤ ਨੂੰ ਸ਼੍ਰੀਲੰਕਾ ਨੇ ਹੀ ਫਾਈਨਲ ’ਚ 8 ਵਿਕਟਾਂ ਨਾਲ ਹਰਾਇਆ ਸੀ। ਅਟਾਪੱਟੂ ਦੀ ਟੀਮ ਨੇ ਵੀ ਪੂਰੇ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਪਾਕਿਸਤਾਨ ਵਿਰੁੱਧ ਜੁਝਾਰੂਪਨ ਦਿਖਾਉਂਦੇ ਹੋਏ ਸੈਮੀਫਾਈਨਲ ’ਚ ਜਿੱਤ ਦਰਜ ਕੀਤੀ। ਪਹਿਲੇ 2 ਓਵਰਾਂ ’ਚ 5 ਦੌੜਾਂ ’ਤੇ 2 ਵਿਕਟਾਂ ਤੇ 7ਵੇਂ ਓਵਰ ’ਚ 33 ਦੌੜਾਂ ’ਤੇ 4 ਵਿਕਟਾਂ ਨਿਕਲ ਜਾਣ ਦੇ ਬਾਵਜੂਦ ਸ਼੍ਰੀਲੰਕਾ ਨੇ 131 ਦੌੜਾਂ ਦਾ ਟੀਚਾ ਹਾਸਲ ਕੀਤਾ।

ਹਰਸ਼ਿਤਾ ਸਮਰਵਿਕਰਮਾ ਨੇ ਸਭ ਤੋਂ ਵੱਧ 36 ਦੌੜਾਂ ਬਣਾਈਆਂ ਜਦਕਿ ਕਵਿਸ਼ਾ ਦਿਲਹਾਰੀ ਨੇ 33 ਦੌੜਾਂ ਦਾ ਯੋਗਦਾਨ ਦਿੱਤਾ। ਨੀਲਾਕਸ਼ਿਕਾ ਸਿਲਵਾ ਤੇ ਕੌਸ਼ਿਨੀ ਨੁਤੀਆਂਗਨਾ ਨੇ ਫਿਨਿਸ਼ਰ ਦੀ ਭੂਮਿਕਾ ਬਾਖੂਬੀ ਨਿਭਾਈ। 2 ਸਾਲ ਪਹਿਲਾਂ ਦਾਂਬੁਲਾ ’ਚ ਹਰਸ਼ਿਤਾ ਤੇ ਅਟਾਪੱਟੂ ਨੇ ਮਿਲ ਕੇ ਭਾਰਤ ਨੂੰ ਫਾਈਨਲ ’ਚ ਜਿੱਤ ਦਰਜ ਕਰਨ ਤੋਂ ਰੋਕਿਆ ਸੀ। ਦੋਵਾਂ ਨੇ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡ ਕੇ ਟੀਚਾ ਹਾਸਲ ਕੀਤਾ ਸੀ। ਉਸ ਟੀਮ ਦੀਆਂ ਜ਼ਿਆਦਾਤਰ ਖਿਡਾਰਨਾਂ ਇਕ ਵਾਰ ਫਿਰ ਫਾਈਨਲ ’ਚ ਹੋਣਗੀਆਂ ਤੇ ਹਰਮਨਪ੍ਰੀਤ ਕੌਰ ਦੀ ਟੀਮ ਉਨ੍ਹਾਂ ਗਲਤੀਆਂ ਨੂੰ ਦੁਹਰਾਉਣ ਤੋਂ ਬਚਣਾ ਚਾਹੇਗੀ। ਭਾਰਤੀ ਬੱਲੇਬਾਜ਼ੀ ਨੂੰ ਮੱਧਕ੍ਰਮ ਦੀ ਅਸਫਲਤਾ ਤੇ ਖਰਾਬ ਫੀਲਡਿੰਗ ਦੀਆਂ ਕਮਜ਼ੋਰੀਆਂ ਤੋਂ ਉਭਰਨਾ ਪਵੇਗਾ। ਸ਼ੈਫਾਲੀ ਦੀ ਫਾਰਮ ਤੇ ਮੰਧਾਨਾ ਦੇ ਸੈਂਕੜੇ ਨੂੰ ਛੱਡ ਦਿੱਤਾ ਜਾਵੇ ਤਾਂ ਭਾਰਤ ਦੀਆਂ ਸਾਰੀਆਂ ਬੱਲੇਬਾਜ਼ ਚੰਗੀ ਸ਼ੁਰੂਆਤ ਨੂੰ ਵੱਡੀਆਂ ਪਾਰੀਆਂ ’ਚ ਬਦਲਣ ’ਚ ਅਸਫਲ ਰਹੀਆਂ ਹਨ। ਬੰਗਲਾਦੇਸ਼ ਵਿਰੁੱਧ ਸੈਮੀਫਾਈਨਲ ’ਚ ਭਾਰਤ ਨੇ 4 ਕੈਚ ਛੱਡੇ ਤੇ 2 ਪ੍ਰਤਿਕਾ ਰਾਵਲ ਦੇ ਹੱਥੋਂ ਛੁੱਟੇ। ਇਸ ਤੋਂ ਪਹਿਲਾਂ ਪਾਕਿਸਤਾਨ ਵਿਰੁੱਧ ਵੀ ਪ੍ਰਤਿਕਾ ਨੇ 2 ਕੈਚ ਛੱਡੇ ਸਨ। ਥਾਈਲੈਂਡ ਵਿਰੁੱਧ ਪਹਿਲੇ ਮੈਚ ’ਚ ਵੀ ਭਾਰਤ ਨੇ 2 ਕੈਚ ਛੱਡੇ ਸਨ ਅਰਥਾਤ ਹੁਣ ਤੱਕ 4 ਮੈਚਾਂ ’ਚ 9 ਕੈਚ ਛੁੱਟ ਚੁੱਕੇ ਹਨ।

ਟੀਮਾਂ :

ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਭਾਰਤੀ ਫੁਲਮਾਲੀ, ਰਿਚਾ ਘੋਸ਼ (ਵਿਕਟਕੀਪਰ), ਗੁਨਾਲਨ ਕਮਲਿਨੀ (ਵਿਕਟਕੀਪਰ), ਪ੍ਰਤਿਕਾ ਰਾਵਲ, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਕ੍ਰਾਂਤੀ ਗੌੜ, ਪ੍ਰੇਮਾ ਰਾਵਤ, ਅਰੁੰਧਤੀ ਰੈੱਡੀ, ਰੇਣੁਕਾ ਸਿੰਘ ਠਾਕੁਰ, ਨੰਦਨੀ ਸ਼ਰਮਾ, ਸ਼੍ਰੀ ਚਰਣੀ, ਰਾਧਾ ਯਾਦਵ।

ਸ਼੍ਰੀਲੰਕਾ : ਚਾਮਾਰੀ ਅਟਾਪੱਟੂ (ਕਪਤਾਨ), ਹਰਸ਼ਿਤਾ ਸਮਰਵਿਕਰਮਾ (ਉਪ ਕਪਤਾਨ), ਇਮੇਸ਼ਾ ਦੁਲਾਨੀ, ਵਿਸ਼ਮੀ ਗੁਣਰਤਨੇ, ਕੌਸ਼ਿਨੀ ਐੱਨ. (ਵਿਕਟਕੀਪਰ), ਸੰਜਨਾ ਕਵਿੰਦੀ, ਹਸਿਨੀ ਪਰੇਰਾ, ਨਿਲਾਕਸ਼ਿਕਾ ਸਿਲਵਾ, ਕਵਿਸ਼ਾ ਦਿਲਹਾਰੀ, ਮਿਤਾਲੀ ਅਯੋਧਿਆ, ਕਾਵਿਆ ਕਾਵਿੰਦੀ, ਸੁਗੰਧਿਕਾ ਕੁਮਾਰੀ, ਨਿਮਾਸ਼ਾ ਮੀਪਾਗੇ, ਚਾਮੁਦੀ ਪ੍ਰਬੋਧਾ, ਚੇਤਨਾ ਵਿਮੁਕਤੀ।


author

Tarsem Singh

Content Editor

Related News