ਭਾਰਤ ਦੌਰੇ ’ਤੇ ਜ਼ਿੰਬਾਬਵੇ ਦੀ ਕਪਤਾਨੀ ਕਰੇਗੀ ਨਕੋਮੋ
Sunday, Oct 11, 2026 - 12:48 PM (IST)
ਬੁਲਾਵਾਯੋ (ਜ਼ਿੰਬਾਬਵੇ)– ਆਲਰਾਊਂਡਰ ਜੋਸੇਫਿਨ ਨਕੋਮੋ 16 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਭਾਰਤ ਦੇ ਪਹਿਲੇ ਦੌਰੇ ’ਤੇ ਜ਼ਿੰਬਾਬਵੇ ਦੀ 15 ਮੈਂਬਰੀ ਮਹਿਲਾ ਟੀਮ ਦੀ ਕਪਤਾਨੀ ਕਰੇਗੀ। ਜ਼ਿੰਬਾਬਵੇ ਨੇ ਸਤੰਬਰ-ਅਕਤੂਬਰ ’ਚ ਵੈਸਟਇੰਡੀਜ਼ ਵਿਰੁੱਧ ਖੇਡਣ ਵਾਲੀ ਟੀਮ ਦਾ ਹੀ ਚੋਣ ਕੀਤੀ ਹੈ। ਉਸ ਦੀ ਟੀਮ ਨੇ ਵੈਸਟਇੰਡੀਜ਼ ਨੂੰ ਹਰਾਰੇ ’ਚ ਖੇਡੇ ਗਏ ਦੂਜੇ ਵਨ ਡੇ ’ਚ 4 ਵਿਕਟਾਂ ਨਾਲ ਹਰਾਇਆ ਸੀ।
ਭਾਰਤੀ ਦੌਰੇ ਲਈ ਚੁਣੀ ਗਈ 15 ਮੈਂਬਰੀ ਟੀਮ ’ਚ ਨਿਆਸ਼ਾ ਗਵਾਂਜ਼ੁਰਾ ਅਤੇ ਮਿਸ਼ੇਲ ਮਾਵੁੰਗਾ ਵੀ ਸ਼ਾਮਲ ਹਨ ਜਿਨ੍ਹਾਂ ਨੇ ਵੈਸਟਇੰਡੀਜ਼ ਵਿਰੁੱਧ ਜਿੱਤ ’ਚ ਮਿਲ ਕੇ 7 ਵਿਕਟਾਂ ਲਈਆਂ ਸਨ।ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਟੀ-20 ਕੌਮਾਂਤਰੀ ਮੈਚ 16, 18 ਅਤੇ 20 ਅਕਤੂਬਰ ਨੂੰ ਰਾਏਪੁਰ ’ਚ ਖੇਡੇ ਜਾਣਗੇ। ਇਸ ਤੋਂ ਬਾਅਦ 23, 25 ਅਤੇ 28 ਅਕਤੂਬਰ ਨੂੰ ਵਡੋਦਰਾ ’ਚ ਵਨ ਡੇ ਮੈਚ ਹੋਣਗੇ। ਵਨ ਡੇ ਮੈਚ ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ ਦਾ ਹਿੱਸਾ ਹੋਣਗੇ।
