ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਚੌਥਾ T20i ਮੈਚ ਅੱਜ, ਜਾਣੋ ਕਿਹੜੀ ਟੀਮ ਦਾ ਪਲੜਾ ਹੈ ਭਾਰੀ
Wednesday, Oct 14, 2026 - 10:55 AM (IST)
ਸਪੋਰਟਸ ਡੈਸਕ : ਸ਼ਾਨਦਾਰ ਫਾਰਮ ’ਚ ਚੱਲ ਰਹੇ ਭਾਰਤੀ ਬੱਲੇਬਾਜ਼ ਵੈਸਟਇੰਡੀਜ਼ ਵਿਰੁੱਧ ਬੁੱਧਵਾਰ ਨੂੰ ਇੱਥੇ ਚੌਥੇ ਟੀ-20 ਮੈਚ ’ਚ ਇਸੇ ਲੈਅ ਨੂੰ ਬਰਕਰਾਰ ਰੱਖਦੇ ਹੋਏ ਸ਼ਾਨਦਾਰ ਜਿੱਤ ਦੇ ਨਾਲ ਲੜੀ ਆਪਣੇ ਨਾਂ ਕਰਨਾ ਚਾਹੁਣਗੇ। ਭਾਰਤ ਇਸ ਸਮੇਂ 2-1 ਨਾਲ ਅੱਗੇ ਹੈ ਤੇ ਉਸ ਨੂੰ ਲੜੀ ਆਪਣੇ ਨਾਂ ਕਰਨ ਲਈ ਸਿਰਫ ਇਕ ਜਿੱਤ ਦੀ ਲੋੜ ਹੈ।
ਉੱਥੇ ਹੀ, ਪਿਛਲੇ ਮੈਚ ’ਚ ਕਰਾਰੀ ਹਾਰ ਤੋਂ ਬਾਅਦ ਵੈਸਟਇੰਡੀਜ਼ ਵਾਪਸੀ ਕਰਕੇ ਲੜੀ ’ਚ ਬਣੇ ਰਹਿਣ ਦੀ ਕੋਸ਼ਿਸ਼ ’ਚ ਹੋਵੇਗਾ। ਇਕ ਵਾਰ ਫਿਰ ਮੈਚ ਦਾ ਰੁਖ਼ ਦੋਵਾਂ ਟੀਮਾਂ ਦੇ ‘ਪਾਵਰ ਹਿੱਟਰਜ਼’ ’ਤੇ ਨਿਰਭਰ ਕਰੇਗਾ। ਭਾਰਤ ਦੇ ਚੋਟੀਕ੍ਰਮ ਦੇ ਬੱਲੇਬਾਜ਼ ਸੰਜੂ ਸੈਮਸਨ, ਅਭਿਸ਼ੇਕ ਸ਼ਰਮਾ ਅਤੇ ਈਸ਼ਾਨ ਕਿਸ਼ਨ ਨੇ ਅਜੇ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਲੜੀ ’ਚ ਅਜੇ ਤੱਕ ਭਾਰਤੀ ਮੱਧਕ੍ਰਮ ’ਤੇ ਜ਼ਿਆਦਾ ਦਬਾਅ ਨਹੀਂ ਬਣਿਆ ਹੈ। ਅਭਿਸ਼ੇਕ ਨੇ ਇੰਦੌਰ ’ਚ ਤੀਜੇ ਟੀ-20 ’ਚ 30 ਗੇਂਦਾਂ ’ਚ 69 ਦੌੜਾਂ ਬਣਾਈਆਂ ਜਿਨ੍ਹਾਂ ’ਚ 6 ਚੌਕੇ ਤੇ 5 ਛੱਕੇ ਸ਼ਾਮਲ ਸਨ। ਭਾਰਤ ਨੇ 223 ਦੌੜਾਂ ਦਾ ਸਕੋਰ ਬਣਾ ਕੇ ਮੈਚ ਜਿੱਤਿਆ ਸੀ। ਭਾਰਤ ਲਈ ਚਿੰਤਾ ਦਾ ਇਕਲੌਤਾ ਕਾਰਨ ਚੋਟੀਕ੍ਰਮ ਦੀ ਸ਼ਾਨਦਾਰ ਫਾਰਮ ਦੇ ਕਾਰਨ ਮੱਧਕ੍ਰਮ ਦੇ ਬੱਲੇਬਾਜ਼ਾਂ ਨੂੰ ਜ਼ਿਆਦਾ ਅਭਿਆਸ ਨਾ ਮਿਲ ਸਕਣਾ ਹੈ। ਟਾਪ-3 ਦੇ ਅਸਫਲ ਰਹਿਣ ’ਤੇ ਤਿਲਕ ਵਰਮਾ, ਨਿਤੀਸ਼ ਕੁਮਾਰ ਰੈੱਡੀ ਅਤੇ ਨਮਨ ਧੀਰ ਨੂੰ ਜ਼ਿੰਮੇਵਾਰੀ ਸੰਭਾਲਣੀ ਪਵੇਗੀ, ਖਾਸ ਤੌਰ ’ਤੇ ਜਦੋਂ ਨਿਸ਼ਾਨਾ ਵੱਡਾ ਹੋਵੇ।
ਦੂਜੇ ਪਾਸੇ, ਵੈਸਟਇੰਡੀਜ਼ ਲਈ ਚੁਣੌਤੀ ਭਾਰਤੀ ਰਨ ਰੇਟ ’ਤੇ ਠੱਲ੍ਹ ਪਾਉਣ ਦੀ ਹੋਵੇਗੀ। ਕਪਤਾਨ ਸ਼੍ਰੇਅਸ ਅਈਅਰ ਨੇ ਪਹਿਲੇ ਟੀ-20 ’ਚ ਸੈਂਕੜਾ ਲਾਇਆ ਸੀ ਜਦਕਿ ਦੂਜੇ ਮੈਚ ’ਚ ਸੈਮਸਨ ਤੇ ਈਸ਼ਾਨ ਨੇ ਵੱਡੀਆਂ ਪਾਰੀਆਂ ਖੇਡੀਆਂ ਸਨ, ਭਾਵੇਂ ਇਹ ਮੈਚ ਵੈਸਟਇੰਡੀਜ਼ ਨੇ ਜਿੱਤਿਆ। ਤੀਜੇ ਮੈਚ ’ਚ ਅਭਿਸ਼ੇਕ ਦਾ ਦਬਦਬਾ ਰਿਹਾ। ਵੈਸਟਇੰਡੀਜ਼ ਦੇ ਆਲਰਾਊਂਡਰ ਸ਼ਾਮਾਰ ਸਪ੍ਰਿੰਗਰ ਨੇ ਕਬੂਲ ਕੀਤਾ ਸੀ ਕਿ ਅਭਿਸ਼ੇਕ ਦੇ ਫਾਰਮ ’ਚ ਹੋਣ ’ਤੇ ਉਨ੍ਹਾਂ ਦੀ ਟੀਮ ਕੋਲ ਰੱਖਿਆਤਮਕ ਖੇਡਣ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਜਾਂਦਾ। ਉਸ ਨੇ ਕਿਹਾ ਸੀ,‘‘ਪਲਾਨ-ਬੀ ਇਹੋ ਹੈ ਕਿ ਅਸੀਂ ਰੱਖਿਆਤਮਕ ਖੇਡਣ ਦੀ ਕੋਸ਼ਿਸ਼ ਕਰਾਂਗੇ ਤੇ ਇਹੋ ਕੋਸ਼ਿਸ਼ ਰਹੇਗੀ ਕਿ ਉਹ ਇਕ ਜਾਂ ਦੋ ਦੌੜਾਂ ਹੀ ਲੈ ਸਕੇ।’’
ਵੈਸਟਇੰਡੀਜ਼ ਦੇ ਸਲਾਮੀ ਬੱਲੇਬਾਜ਼ ਸ਼ੇਰਫਨ ਰਦਰਫੋਰਡ ਨੇ ਅਜੇ ਤੱਕ 189 ਦੀ ਸਟ੍ਰਾਈਕ ਰੇਟ ਨਾਲ 172 ਦੌੜਾਂ ਬਣਾਈਆਂ ਹਨ। ਉਸ ਨੇ 3 ਮੈਚਾਂ ’ਚ 12 ਛੱਕੇ ਲਾਏ ਹਨ। ਕਪਤਾਨ ਸ਼ਾਈ ਹੋਪ ਨੇ 182 ਦੀ ਸਟ੍ਰਾਈਕ ਰੇਟ ਨਾਲ 159 ਦੌੜਾਂ ਬਣਾਈਆਂ ਹਨ। ਵਿਸ਼ਵ ਚੈਂਪੀਅਨ ਭਾਰਤ ਨੂੰ ਉਸ ਦੀ ਧਰਤੀ ’ਤੇ ਹਰਾਉਣ ਲਈ ਹਾਲਾਂਕਿ ਵੈਸਟਇੰਡੀਜ਼ ਨੂੰ ਸਰਵੋਤਮ ਪ੍ਰਦਰਸ਼ਨ ਕਰਨਾ ਹੋਵੇਗਾ। ਭਾਰਤ ਦੇ ਗੇਂਦਬਾਜ਼ਾਂ ਨੂੰ ਅਨੁਸ਼ਾਸਿਤ ਪ੍ਰਦਰਸ਼ਨ ਕਰਨਾ ਪਵੇਗਾ ਕਿਉਂਕਿ ਰਾਂਚੀ ’ਚ ਦੂਜੇ ਟੀ-20 ’ਚ ਜਿੱਤ ਲਈ 250 ਦੌੜਾਂ ਦਾ ਨਿਸ਼ਾਨਾ ਵੈਸਟਇੰਡੀਜ਼ ਨੇ 9 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ ਸੀ, ਜਿਸ ’ਚ ਹੋਪ ਨੇ 45 ਗੇਂਦਾਂ ’ਚ 102 ਦੌੜਾਂ ਬਣਾਈਆਂ ਸਨ।
ਇੰਦੌਰ ’ਚ ਸ਼ਿਮਰੋਨ ਹੈੱਟਮਾਇਰ (43) , ਕਾਮਿਲ ਪੂਰਨ (42) ਅਤੇ ਸਪ੍ਰਿੰਗਰ (ਅਜੇਤੂ 35) ਨੇ ਚੰਗੀਆਂ ਪਾਰੀਆਂ ਖੇਡੀਆਂ। ਅਰਸ਼ਦੀਪ ਸਿੰਘ ਦੀਆਂ 3 ਵਿਕਟਾਂ ਦੀ ਮਦਦ ਨਾਲ ਭਾਰਤ ਨੇ ਹਾਲਾਂਕਿ ਮੁਕਾਬਲਾ ਜਿੱਤਿਆ। ਭਾਰਤ ਨੇ ਇਸ ਮੈਦਾਨ ’ਤੇ ਪਿਛਲੀ ਵਾਰ ਟੀ-20 ਮੈਚ ਬੰਗਲਾਦੇਸ਼ ਵਿਰੁੱਧ 2024 ’ਚ ਖੇਡਿਆ ਸੀ ਜਦੋਂ 6 ਵਿਕਟਾਂ ’ਤੇ 297 ਦੌੜਾਂ ਬਣਾ ਕੇ 133 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਸੈਮਸਨ ਨੇ ਉਸ ਮੈਚ ’ਚ 43 ਗੇਂਦਾਂ ’ਚ 111 ਦੌੜਾਂ ਬਣਾਈਆਂ ਸਨ ਅਤੇ ਉਹ ਇਕ ਵਾਰ ਫਿਰ ਇੱਥੇ ਯਾਦਗਾਰੀ ਪਾਰੀ ਖੇਡਣਾ ਚਾਹੇਗਾ।
ਟੀਮਾਂ :
ਭਾਰਤ : ਸ਼੍ਰੇਅਸ ਅਈਅਰ (ਕਪਤਾਨ), ਈਸ਼ਾਨ ਕਿਸ਼ਨ, ਸੰਜੂ ਸੈਮਸਨ (ਵਿਕਟਕੀਪਰ), ਨਮਨ ਧੀਰ, ਵੈਭਵ ਸੂਰਯਵੰਸ਼ੀ, ਤਿਲਕ ਵਰਮਾ (ਉਪ ਕਪਤਾਨ), ਅਭਿਸ਼ੇਕ ਸ਼ਰਮਾ, ਸ਼ਿਵਮ ਦੂਬੇ, ਨਿਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਪ੍ਰਿੰਸ ਯਾਦਵ, ਰਵੀ ਬਿਸ਼ਨੋਈ, ਮਯੰਕ ਯਾਦਵ।
ਵੈਸਟਇੰਡੀਜ਼ : ਸ਼ਾਈ ਹੋਪ (ਕਪਤਾਨ ਅਤੇ ਵਿਕਟਕੀਪਰ), ਜੁਏਲ ਐਂਡ੍ਰਿਊ (ਵਿਕਟਕੀਪਰ), ਸ਼ਿਮਰੋਨ ਹੈੱਟਮਾਇਰ, ਆਮਿਰ ਜਾਂਗੂ (ਵਿਕਟਕੀਪਰ), ਕਾਮਿਲ ਪੂਰਨ, ਰੋਵਮੈਨ ਪੋਵੈੱਲ, ਸ਼ੇਰਫਨ ਰਦਰਫੋਰਡ, ਕੁਐਂਟਿਨ ਸੈਂਪਸਨ, ਰੋਸਟਨ ਚੇਜ਼, ਕੀਮੋ ਪੌਲ, ਰੋਮਾਰੀਓ ਸ਼ੈਫਰਡ, ਸ਼ਮਰ ਸਪ੍ਰਿੰਗਰ, ਮੈਥਿਊ ਫੋਰਡ, ਅਕੀਲ ਹੁਸੈਨ, ਸ਼ਮਰ ਜੋਸਫ, ਗੁਡਾਕੇਸ਼ ਮੋਤੀ।
