ਮਹਿਲਾ ਵਿਸ਼ਵ ਕੱਪ : ਵੈਸਟਇੰਡੀਜ਼ ਦੀ ਬੰਗਲਾਦੇਸ਼ ''ਤੇ ਰੋਮਾਂਚਕ ਜਿੱਤ
Friday, Mar 18, 2022 - 05:32 PM (IST)
ਮਾਉਂਟ ਮੋਨਗਾਨੁਈ- ਵੈਸਟਇੰਡੀਜ਼ ਦੇ ਸਪਿਨਰਾਂ ਨੇ ਉਲਟ ਹਾਲਾਤ 'ਚ ਆਪਣਾ ਸੰਜਮ ਬਰਕਰਾਰ ਰੱਖ ਕੇ ਘੱਟ ਸਕੋਰ ਦਾ ਸਫਲ਼ਤਾ ਨਾਲ ਬਚਾਅ ਕਰਕੇ ਆਪਣੀ ਟੀਮ ਨੂੰ ਮਹਿਲਾ ਵਿਸ਼ਵ ਕੱਪ ਕ੍ਰਿਕਟ 'ਚ ਸ਼ੁੱਕਰਵਾਰ ਨੂੰ ਇੱਥੇ ਬੰਗਲਾਦੇਸ਼ 'ਤੇ ਚਾਰ ਦੌੜਾਂ ਨਾਲ ਰੋਮਾਂਚਕ ਜਿੱਤ ਦਿਵਾਈ।
ਵੈਸਟਇੰਡੀਜ਼ ਦੀ ਟੀਮ ਪਹਿਲਾਂ ਬੱਲੇਬਾਜ਼ੀ ਲਈ ਸੱਦੇ ਜਾਣ 'ਤੇ ਸਟੇਫਨੀ ਕੈਂਪਬੇਲ ਦੇ ਅਜੇਤੂ ਅਰਧ ਸੈਂਕੜੇ ਦੇ ਬਾਵਜੂਦ 50 ਓਵਰਾਂ 'ਚ 9 ਵਿਕਟਾਂ 'ਤੇ 140 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਨੂੰ ਆਖ਼ਰੀ ਓਰਰ 'ਚ ਜਿੱਤ ਲਈ 8 ਦੌੜਾਂ ਚਾਹੀਦੀਆਂ ਸਨ ਪਰ ਉਸ ਦਾ ਇਕ ਹੀ ਵਿਕਟ ਬਚਿਆ ਸੀ। ਅਖ਼ੀਰ 'ਚ ਉਸ ਦੀ ਟੀਮ 49.3 ਓਵਰ 'ਚ 136 ਦੌੜਾਂ 'ਤੇ ਆਊਟ ਹੋ ਗਈ। ਵੈਸਟਇੰਡੀਜ਼ ਦੀ ਇਹ ਪੰਜ ਮੈਚਾਂ 'ਚ ਤੀਜੀ ਜਿੱਤ ਹੈ ਜਿਸ ਨਾਲ ਉਹ ਭਾਰਤ ਨੂੰ ਪਿੱਛੇ ਛੱਡ ਤੀਜੇ ਸਥਾਨ 'ਤੇ ਪੁੱਜ ਗਿਆ ਹੈ।
ਬੰਗਲਾਦੇਸ਼ ਨੂੰ ਚਾਰ ਮੈਚਾਂ 'ਚ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। ਕੈਰੇਬੀਆਈ ਟੀਮ ਦੀ ਜਿੱਤ 'ਚ ਸਪਿਨਰਾਂ ਨੇ ਅਹਿਮ ਭੂਮਿਕਾ ਨਿਭਾਈ। ਆਫ ਸਪਿਨਰ ਹੇਲੀ ਮੈਥਿਊਜ਼ ਨੇ 10 ਓਵਰ 'ਚ 15 ਦੌੜਾ ਦੇ ਕੇ 4 ਵਿਕਟਾਂ ਲਈਆਂ। ਲੈੱਗ ਸਪਿਨਰ ਏਫੀ ਫਲੇਚਰ (10 ਓਵਰ 'ਚ 29 ਦੌੜਾਂ ਦੇ ਕੇ ਤਿੰਨ ਵਿਕਟਾਂ) ਤੇ ਆਫ਼ ਸਪਿਨਰ ਸਟੇਫਨੀ ਟੇਲਰ (9.3 ਓਵਰ 'ਚ 29 ਦੌੜਾਂ ਦੇ ਕੇ ਤਿੰਨ ਵਿਕਟਾਂ) ਨੇ ਚੰਗਾ ਸਾਥ ਦਿੱਤਾ। ਮਹਿਲਾ ਵਿਸ਼ਵ ਕੱਪ 'ਚ ਇਹ ਪਹਿਲਾ ਮੌਕਾ ਹੈ ਜਦੋਂ 10 ਵਿਕਟਾਂ ਸਪਿਨਰਾਂ ਨੇ ਲਈਆਂ ਹਨ।
ਨਾਹਿਦਾ ਅਖ਼ਤਰ (ਅਜੇਤੂ 25) ਨੇ ਆਖ਼ਰੀ ਓਵਰ ਤਕ ਬੰਗਲਾਦੇਸ਼ ਦੀ ਉਮੀਦਾਂ ਬਣਾਏ ਰੱਖੀਆਂ ਪਰ ਆਖ਼ਰੀ ਓਵਰ ਦੀ ਦੂਜੀ ਗੇਂਦ 'ਤੇ ਇਕ ਦੌੜ ਲੈਣੀ ਉਨ੍ਹਾਂ ਨੂੰ ਮਹਿੰਗੀ ਪੈ ਗਈ ਕਿਉਂਕਿ ਟੇਲਰ ਨੇ ਅਗਲੀ ਗੇਂਦ 'ਤੇ 11ਵੇਂ ਨੰਬਰ ਦੀ ਬੱਲੇਬਾਜ਼ ਫਰੀਹਾ ਤ੍ਰਿਸ਼ਨਾ ਨੂੰ ਬੋਲਡ ਕਰ ਦਿੱਤਾ। ਨਾਹਿਦਾ ਦੇ ਇਲਾਵਾ ਬੰਗਲਾਦੇਸ਼ ਵਲੋਂ ਸ਼ਰਮੀਨ ਅਖ਼ਤਰ (17), ਫਰਗਾਨਾ ਹੱਕ (23), ਕਪਤਾਨ ਨਿਗਾਰ ਸੁਲਤਾਨਾ (25) ਤੇ ਸਲਮਾ ਖ਼ਾਤੂਨ (23) ਹੀ ਦੋਹਰੇ ਅੰਕ 'ਚ ਪੁੱਜੀਆਂ।
ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੀ ਪਾਰੀ ਵਿਕਟਕੀਪਰ ਬੱਲੇਬਾਜ਼ ਸਟੇਫਨੀ ਕੈਂਪਬੇਲ ਦੇ ਆਲੇ-ਦੁਆਲੇ ਘੁੰਮਦੀ ਰਹੀ ਜਿਨ੍ਹਾਂ ਨੇ 107 ਗੇਂਦਾਂ 'ਤੇ ਪੰਜ ਚੌਕਿਆਂ ਦੀ ਮਦਦ ਨਾਲ ਅਜੇਤੂ 53 ਦੌੜਾਂ ਬਣਈਆਂ। ਉਨ੍ਹਾਂ ਤੋਂ ਇਲਾਵਾ ਹੇਲੀ ਮੈਥਿਊਜ਼ (18), ਡੀਂਡ੍ਰਾ ਡੋਟਿਨ (17) ਤੇ ਏਫੀ ਫਲੇਚਰ ਹੀ ਦੋਹਰੇ ਅੰਕ 'ਚ ਪੁੱਜ ਸਕੀਆਂ। ਬੰਗਲਾਦੇਸ਼ ਵਲੋਂ ਨਾਹਿਦਾ ਤੇ ਸਲਮਾ ਖ਼ਾਤੂਨ ਨੇ 2-2 ਵਿਕਟਾਂ ਲਈਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।