ਮਹਿਲਾ ਏਸ਼ੀਆ ਕੱਪ 2022 : UAE ''ਤੇ ਭਾਰਤ ਦੀ ਵੱਡੀ ਜਿੱਤ, 104 ਦੌੜਾਂ ਨਾਲ ਜਿੱਤਿਆ ਮੈਚ
Tuesday, Oct 04, 2022 - 05:22 PM (IST)
ਸਪੋਰਟਸ ਡੈਸਕ— ਮਹਿਲਾ ਏਸ਼ੀਆ ਕੱਪ 2022 'ਚ ਭਾਰਤੀ ਟੀਮ ਨੇ ਸੰਯੁਕਤ ਅਰਬ ਅਮੀਰਾਤ (UAE) ਨੂੰ 104 ਦੌੜਾਂ ਨਾਲ ਹਰਾ ਕੇ ਵੱਡੀ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਭਾਰਤ ਮਹਿਲਾ ਏਸ਼ੀਆ ਕੱਪ 2022 ਵਿੱਚ ਸਿਖਰ ’ਤੇ ਪਹੁੰਚ ਗਿਆ ਹੈ। ਜੇਮਿਮਾ ਰੌਡਰਿਗਜ਼ ਨੂੰ ਉਸ ਦੇ ਸ਼ਾਨਦਾਰ ਅਰਧ ਸੈਂਕੜੇ ਲਈ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ। ਭਾਰਤ ਦਾ ਅਗਲਾ ਮੁਕਾਬਲਾ 7 ਅਕਤੂਬਰ ਨੂੰ ਪਾਕਿਸਤਾਨ ਨਾਲ ਹੋਵੇਗਾ।
ਭਾਰਤੀ ਮਹਿਲਾ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜੇਮਿਮਾ ਰੌਡਰਿਗਜ਼ (ਅਜੇਤੂ 75) ਅਤੇ ਦੀਪਤੀ ਸ਼ਰਮਾ (64) ਦੀ ਬਦੌਲਤ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਸਾਹਮਣੇ 5 ਵਿਕਟਾਂ 'ਤੇ 178 ਦੌੜਾਂ ਦਾ ਵੱਡਾ ਟੀਚਾ ਰੱਖਿਆ। ਜੇਮਿਮਾ ਅਤੇ ਦੀਪਤੀ ਤੋਂ ਇਲਾਵਾ ਕੋਈ ਹੋਰ ਮਹਿਲਾ ਖਿਡਾਰਨ 15 ਦੇ ਸਕੋਰ ਤੱਕ ਵੀ ਨਹੀਂ ਪਹੁੰਚ ਸਕੀ। ਛਾਇਆ ਮੁਗਲ (ਕਪਤਾਨ), ਮਾਹਿਕਾ ਗੌਰ, ਈਸ਼ਾ ਰੋਹਿਤ ਓਝਾ, ਸੁਰੱਕਸ਼ਾ ਕੋਟੇ ਨੇ ਇੱਕ-ਇੱਕ ਵਿਕਟ ਲਈਆਂ ।
ਇਹ ਵੀ ਪੜ੍ਹੋ : ਵਿਸ਼ਵ ਯੁਵਾ ਸ਼ਤਰੰਜ ਓਲੰਪੀਆਡ - ਭਾਰਤ ਨੇ ਪਨਾਮਾ ਨੂੰ 4-0 ਨਾਲ ਹਰਾ ਕੇ ਕੀਤੀ ਸ਼ੁਰੂਆਤ
ਟੀਚੇ ਦਾ ਪਿੱਛਾ ਕਰਦੇ ਹੋਏ ਯੂਏਈ ਦੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਸਿਰਫ਼ ਪੰਜ ਦੌੜਾਂ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ। ਹਾਲਾਂਕਿ ਭਾਰਤੀ ਟੀਮ ਨੂੰ ਚੌਥੀ ਵਿਕਟ ਲਈ ਇੰਤਜ਼ਾਰ ਕਰਨਾ ਪਿਆ ਅਤੇ ਖੁਸ਼ੀ ਸ਼ਰਮਾ ਦੀ ਵਿਕਟ 17.3 ਓਵਰਾਂ ਵਿੱਚ ਡਿੱਗ ਗਈ। ਅੰਤ ਵਿੱਚ ਟੀਮ ਚਾਰ ਵਿਕਟਾਂ ਦੇ ਨੁਕਸਾਨ ’ਤੇ ਸਿਰਫ਼ 74 ਦੌੜਾਂ ਹੀ ਬਣਾ ਸਕੀ ਅਤੇ 104 ਦੌੜਾਂ ਨਾਲ ਮੈਚ ਹਾਰ ਗਈ। ਭਾਰਤ ਲਈ ਰਾਜੇਸ਼ਵਰੀ ਗਾਇਕਵਾੜ ਨੇ 2 ਵਿਕਟਾਂ ਲਈਆਂ ਜਦਕਿ ਦਿਆਲਨ ਹੇਮਲਤਾ ਨੇ ਇਕ ਵਿਕਟ ਲਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।