ਰੋਨਾਲਡੋ ਦੇ ਦੋ ਗੋਲਾਂ ਨਾਲ ਯੁਵੈਂਟਸ ਨੇ ਲਾਜੀਓ ਨੂੰ ਹਰਾਇਆ, ਖਿਤਾਬ ਦੇ ਨੇੜੇ

Wednesday, Jul 22, 2020 - 01:28 AM (IST)

ਤੂਰਿਨ - ਦੂਜੇ ਹਾਫ ਦੇ ਤਿੰਨ ਮਿੰਟ ਵਿਚ ਕ੍ਰਿਸਟੀਆਨੋ ਰੋਨਾਲਡੋ ਦੇ ਦੋ ਗੋਲਾਂ ਨਾਲ ਯੁਵੈਂਟਸ ਨੇ ਲਾਜੀਓ ਨੂੰ 2-1 ਨਾਲ ਹਰਾ ਕੇ ਸਿਰੀ-ਏ ਖਿਤਾਬ ਵੱਲ ਮਜ਼ਬੂਤ ਕਦਮ ਵਧਾਏ। ਰੋਨਾਲਡੋ ਨੇ ਨਾਲ ਹੀ ਤੈਅ ਕਰ ਦਿੱਤਾ ਕਿ ਟੀਮ ਨੂੰ ਮੌਜੂਦਾ ਸੈਸ਼ਨ ਵਿਚ ਤੀਜੀ ਵਾਰ ਲਾਜੀਓ ਵਿਰੁੱਧ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ। 

ਅਜੇ ਜਦੋਂ ਚਾਰ ਦੌਰ ਦੀ ਖੇਡ ਬਾਕੀ ਹੈ ਤਦ ਯੁਵੈਂਟਸ ਨੇ ਦੂਜੇ ਸਥਾਨ 'ਤੇ ਮੌਜੂਦ ਇੰਟਰ ਮਿਲਾਨ 'ਤੇ 8 ਅੰਕਾਂ ਦੀ ਬੜ੍ਹਤ ਬਣਾ ਲਈ ਹੈ ਜਦਕਿ ਅਟਲਾਂਟਾ ਤੋਂ 9 ਤੇ ਲਾਜੀਓ ਤੋਂ 11 ਅੰਕ ਅੱਗੇ ਹੈ। ਯੁਵੈਂਟਸ ਨੇ ਇਸਦੇ ਨਾਲ ਹੀ ਦਸੰਬਰ ਵਿਚ ਸਿਰੀ-ਏ ਤੇ ਇਟਾਲੀਅਨ ਸੁਪਰ ਕੱਪ ਵਿਚ ਲਾਜੀਓ ਵਿਰੁੱਧ ਹਾਰ ਦਾ ਬਦਲਾ ਵੀ ਲੈ ਲਿਆ।

ਰੋਨਾਲਡੋ ਨੇ ਵੀ. ਏ. ਆਰ. ਤੋਂ ਹੈਂਡਬਾਲ ਦਾ ਪਤਾ ਲੱਗਣ 'ਤੇ ਮਿਲੀ ਪੈਨਲਟੀ ਨੂੰ ਗੋਲ ਵਿਚ ਬਦਲਿਆ ਤੇ ਫਿਰ ਪਾਓਲੋ ਡਾਈਬਾਲਾ ਦੇ ਪਾਸ ਨੂੰ ਗੋਲ ਵਿਚ ਬਦਲਿਆ। ਕਾਇਰੋ ਇਮੋਬਾਈਲ ਨੇ 83ਵੇਂ ਮਿੰਟ ਵਿਚ ਪੈਨਲਟੀ 'ਤੇ ਲਾਜੀਓ ਵਲੋਂ ਇਕਲੌਤਾ ਗੋਲ ਕੀਤਾ। ਰੋਨਾਲਡੋ ਤੇ ਇਮੋਬਾਈਲ 30 ਗੋਲਾਂ ਨਾਲ ਲੀਗ ਵਿਚ ਸਭ ਤੋਂ ਵੱਧ ਗੋਲ ਕਰਨ ਵਾਲਿਆਂ ਦੀ ਸੂਚੀ ਵਿਚ ਚੋਟੀ 'ਤੇ ਹਨ। ਇਸਦੇ ਨਾਲ ਹੀ ਰੋਨਾਲਡੋ ਪ੍ਰੀਮੀਅਰ ਲੀਗ, ਸਪੈਨਿਸ਼ ਲਾ ਲਿਗਾ ਤੇ ਸਿਰੀ-ਏ ਵਿਚ ਘੱਟ ਤੋਂ ਘੱਟ 50 ਗੋਲ ਕਰਨ ਵਾਲਾ ਦੁਨੀਆ ਦਾ ਪਹਿਲਾ ਖਿਡਾਰੀ ਬਣ ਗਿਆ। ਉਸ ਨੇ ਇਟਲੀ ਵਿਚ 51, ਪ੍ਰੀਮੀਅਰ ਲੀਗ ਵਿਚ 84 ਤੇ ਲਾ ਲਿਗਾ ਵਿਚ 311 ਗੋਲ ਕੀਤੇ ਹਨ।
 


Inder Prajapati

Content Editor

Related News