ਟੀ-20 ਵਰਲਡ ਕੱਪ ਜਿੱਤਣਾ ਸਾਡੇ ਲਈ ਵੱਡੀ ਉਪਲੱਬਧੀ ਹੋਵੇਗੀ : ਹਰਮਨਪ੍ਰੀਤ
Monday, Feb 17, 2020 - 03:41 PM (IST)

ਸਿਡਨੀ : ਵਨ ਡੇ ਵਰਲਡ ਕੱਪ ਖਿਤਾਬ ਜਿੱਤਣ ਤੋਂ ਮਾਮੂਲੀ ਜਿਹੇ ਫਰਕ ਨਾਲ ਖੁੰਝਣ ਵਾਲੀ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਇਸ ਹਫਤੇ ਸ਼ੁਰੂ ਹੋ ਰਹੇ ਆਈ. ਸੀ. ਸੀ. ਮਹਿਲਾ ਟੀ-20 ਵਰਲਡ ਕੱਪ ਦੀ ਟਰਾਫੀ ਚੁੱਕਣ 'ਤੇ ਹੈ, ਜਿਸ ਦੇ ਲਈ ਟੀਮ ਚੋਟੀ ਦਾਅਵੇਦਾਰਾਂ ਵਿਚੋਂ ਇਕ ਹੈ। ਭਾਰਤੀ ਮਹਿਲਾ ਟੀਮ 2017 ਵਨ ਡੇ ਵਰਲਡ ਕੱਪ ਖਿਤਾਬ ਦੇ ਕਾਫੀ ਕਰੀਬ ਪਹੁੰਚ ਕੇ ਫਾਈਨਲ ਵਿਚ ਮੇਜ਼ਬਾਨ ਇੰਗਲੈਂਡ ਹੱਥੋਂ 9 ਦੌੜਾਂ ਨਾਲ ਹਾਰ ਗਈ ਸੀ।
ਹਰਮਨਪ੍ਰੀਤ ਨੇ ਕਿਹਾ ਕਿ ਭਾਰਤੀ ਟੀਮ ਪਿਛਲੇ 3 ਸਾਲਾਂ ਦੇ ਤਜ਼ਰਬੇ ਦਾ ਪੂਰਾ ਫਾਇਦਾ ਲਵੇਗੀ। ਉਸ ਨੇ ਕਿਹਾ, ''ਸਾਡੀ ਟੀਮ ਰੋਜ਼ਾਨਾ ਮਜ਼ਬੂਤ ਹੋ ਰਹੀ ਹੈ। ਹਰ ਕਿਸੇ ਦੀ ਹਾਂ ਪੱਖੀ ਸੋਚ ਹੈ। ਜੇਕਰ ਅਸੀਂ ਜਿੱਤਦੇ ਹਾਂ ਤਾਂ ਇਹ ਵੱਡੀ ਉਪਲੱਬਧੀ ਹੋਵੇਗੀ। 2017 ਵਿਚ ਸਾਨੂੰ ਜੋ ਪ੍ਰਤੀਕਿਰਿਆ ਮਿਲੀ ਉਸ ਤੋਂ ਮੈਂ ਹੈਰਾਨ ਸੀ। ਮੇਰੇ ਮਾਤਾ-ਪਿਤਾ ਨੇ ਇਸ ਬਾਰੇ ਮੈਨੂੰ ਦੱਸਿਆ, ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਸਾਡੇ 'ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਆਵੇ। ਅਸੀਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ।