ਵਿੰਡੀਜ਼ ਨੇ ਜਿੱਤਿਆ ਦੂਜਾ ਟੈਸਟ ਮੈਚ, ਬੰਗਲਾਦੇਸ਼ ਨੂੰ 2-0 ਨਾਲ ਕੀਤਾ ਕਲੀਨ ਸਵੀਪ
Sunday, Feb 14, 2021 - 08:16 PM (IST)
ਢਾਕਾ– ਵੈਸਟਇੰਡੀਜ਼ ਨੇ ਐਤਵਾਰ ਨੂੰ ਇੱਥੇ ਦੂਜੇ ਤੇ ਆਖਰੀ ਟੈਸਟ ਦੇ ਚੌਥੇ ਦਿਨ ਬੰਗਲਾਦੇਸ਼ ’ਤੇ 17 ਦੌੜਾਂ ਦੀ ਰੋਮਾਂਚਕ ਜਿੱਤ ਹਾਸਲ ਕਰਕੇ ਲੜੀ ਕਲੀਨ ਸਵੀਪ ਕੀਤੀ। ਵੈਸਟਇੰਡੀਜ਼ ਨੇ ਪਹਿਲਾ ਟੈਸਟ 395 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ 3 ਵਿਕਟਾਂ ਨਾਲ ਜਿੱਤਿਆ ਸੀ।
ਆਫ ਸਪਿਨਰ ਰਹਕੀਮ ਕੋਰਨਵਾਲ ਨੇ ਮੈਚ ਵਿਚ ਅਹਿਮ ਭੂਮਿਕਾ ਨਿਭਾਈ, ਜਿਸ ਨੇ 179 ਦੌੜਾਂ ਦੇ ਕੇ 9 ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਵੈਸਟਇੰਡੀਜ਼ ਨੇ ਮੇਹਦੀ ਹਸਨ ਵਲੋਂ ਦਿਖਾਏ ਗਏ ਜਜ਼ਬੇ ਦੇ ਬਾਵਜੂਦ ਲੜੀ ਜਿੱਤ ਲਈ। ਕੋਰਨਵਾਲ ਨੇ ਪਹਿਲੀ ਪਾਰੀ ਵਿਚ 74 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ ਤੇ ਉਸ ਨੇ ਦੂਜੀ ਪਾਰੀ ਵਿਚ 105 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਬੰਗਲਾਦੇਸ਼ ਦੀ ਟੀਮ 231 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 213 ਦੌੜਾਂ ’ਤੇ ਢੇਰ ਹੋ ਗਈ। ਇਸ ਆਫ ਸਪਿਨਰ ਨੇ ਮੈਚ ਦੇ ਵੱਖ-ਵੱਖ ਗੇੜਾਂ ਵਿਚ ਕਈ ਅਹਿਮ ਸਾਂਝੇਦਾਰੀਆਂ ਤੋੜੀਆਂ ਤੇ ਆਪਣੀ ਟੀਮ ਨੂੰ ਜਿੱਤ ਵੱਲ ਵਧਾਇਆ ਪਰ ਮੇਹਦੀ ਹਸਨ (31) ਨੇ ਤੈਅ ਕੀਤਾ ਕਿ ਵੈਸਟਇੰਡੀਜ਼ ਨੂੰ ਜਿੱਤ ਲਈ ਮਿਹਨਤ ਕਰਨੀ ਪਵੇ।
ਬੰਗਲਾਦੇਸ਼ ਦੀ 9ਵੀਂ ਵਿਕਟ ਤਦ ਡਿੱਗੀ ਜਦੋਂ ਟੀਮ ਟੀਚੇ ਤੋਂ 43 ਦੌੜਾਂ ਦੂਰ ਸੀ ਪਰ ਹਸਨ ਖੱਬੇ ਹੱਥ ਦੇ ਸਪਿਨਰ ਜੋਮੇਲ ਵਾਰਿਕਨ ਦੀ ਗੇਂਦ ’ਤੇ ਆਊਟ ਹੋਇਆ, ਜਿਸਦਾ ਕੈਚ ਕੋਰਨਵਾਲ ਨੇ ਕੀਤਾ। ਖੱਬੇ ਹੱਥ ਦੇ ਸਪਿਨਰ ਤਾਈਜੁਲ ਇਸਲਾਮ (36 ਦੌੜਾਂ ’ਤੇ 4 ਵਿਕਟਾਂ) ਦੀ ਮਦਦ ਨਾਲ ਵੈਸਟਇੰਡੀਜ਼ ਨੂੰ ਦੂਜੀ ਪਾਰੀ ਵਿਚ 117 ਦੌੜਾਂ ’ਤੇ ਢੇਰ ਕਰ ਦਿੱਤਾ ਸੀ। ਇਸ ਤੋਂ ਬਾਅਦ ਟੀਮ 231 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।