ਦੱਖਣੀ ਅਫਰੀਕਾ ਨੇ 298 ਦੌੜਾਂ ਬਣਾਉਣ ਤੋਂ ਬਾਅਦ ਵਿੰਡੀਜ਼ ਨੂੰ ਕੀਤਾ 149 ਦੌੜਾਂ 'ਤੇ ਢੇਰ
Sunday, Jun 20, 2021 - 07:54 PM (IST)
ਗ੍ਰੇਸ ਆਈਲੇਟ- ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਗੇਂਦਬਾਜ਼ਾਂ ਦੀ ਤੂਫਾਨੀ ਗੇਂਦਬਾਜ਼ੀ ਨਾਲ ਦੱਖਣੀ ਅਫਰੀਕਾ ਨੇ ਵੈਸਟਇੰਡੀਜ਼ ਵਿਰੁੱਧ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਆਪਣਾ ਪਲੜਾ ਭਾਰੀ ਰੱਖਿਆ। ਕਾਗਿਸੋ ਰਬਾਡਾ (24 ਦੌੜਾਂ 'ਤੇ 2 ਵਿਕਟਾਂ), ਲੂੰਗੀ ਐਨਗਿਡੀ (27 ਦੌੜਾਂ 'ਤੇ 2 ਵਿਕਟਾਂ) ਅਤੇ ਐਨਰਿਚ ਨੋਰਟਜੇ (41 ਦੌੜਾਂ 'ਤੇ 1 ਵਿਕਟ) ਨੇ ਵੈਸਟਇੰਡੀਜ਼ ਦੇ ਚੋਟੀ ਕ੍ਰਮ ਨੂੰ ਢੇਰ ਕਰ ਦਿੱਤਾ ਜਦਕਿ ਵਿਯਾਨ ਮੁਲਡਰ ਨੇ ਸਿਰਫ ਇਕ ਦੌੜ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਵੈਸਟਇੰਡੀਜ਼ ਦੀ ਟੀਮ 2 ਸੈਸ਼ਨ ਵਿਚ 149 ਦੌੜਾਂ 'ਤੇ ਢੇਰ ਹੋ ਗਈ। ਕੇਸ਼ਵ ਮਹਾਰਾਜ ਨੇ ਵੀ 47 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।
ਵੈਸਟਇੰਡੀਜ਼ ਵਲੋਂ ਸ਼ਾਈ ਹੋਪ ਨੇ 43 ਜਦਕਿ ਆਖਰੀ ਬੱਲੇਬਾਜ਼ ਦੇ ਰੂਪ ਵਿਚ ਪਵੇਲੀਅਨ ਗਏ ਜਰਮਨ ਬਲੈਕਵੁਡ ਨੇ 49 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਵਿਚ 298 ਦੌੜਾਂ ਬਣਾਈਆਂ ਸਨ, ਜਿਸ ਨਾਲ ਟੀਮ ਦੂਜੀ ਪਾਰੀ ਦੀ ਸ਼ੁਰੂਆਤ 149 ਦੌੜਾਂ ਦੀ ਬੜ੍ਹਤ ਦੇ ਨਾਲ ਕਰੇਗੀ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਦਿਨ ਦੀ ਸ਼ੁਰੂਆਤ ਪੰਜ ਵਿਕਟ 'ਤੇ 218 ਦੌੜਾਂ ਨਾਲ ਕੀਤੀ। ਕਵਿੰਟਨ ਡੀ ਕਾਕ ਲਗਾਤਾਰ ਦੂਜੇ ਸੈਂਕੜੇ ਤੋਂ ਖੁੰਝ ਗਏ ਅਤੇ 96 ਦੌੜਾਂ ਬਣਾਉਣ ਤੋਂ ਬਾਅਦ ਕਾਈਲ ਮਾਯਰਸ ਦੀ ਗੇਂਦ 'ਤੇ ਹੋਪ ਨੂੰ ਕੈਚ ਦੇ ਬੈਠੇ। ਕਵਿੰਟਨ ਨੇ ਆਪਣੀ ਪਾਰੀ ਦੌਰਾਨ 8 ਚੌਕੇ ਲਗਾਏ। ਕਵਿੰਟਨ ਡੀ ਕਾਕ ਨੇ ਪਹਿਲੇ ਟੈਸਟ ਵਿਚ ਅਜੇਤੂ 141 ਦੌੜਾਂ ਬਣਾਈਆਂ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।