‘ਸ਼ੁੱਧ ਰੂਪ ਨਾਲ’ ਕੁਸ਼ਤੀ ਖੇਡਣੀ ਹੈ ਤਾਂ ਸੰਨਿਆਸ ਦੇ ਫੈਸਲੇ ’ਤੇ ਦੁਬਾਰਾ ਵਿਚਾਰ ਕਰੇ ਵਿਨੇਸ਼ : WFI
Monday, Aug 26, 2024 - 06:50 PM (IST)
ਇੰਦੌਰ (ਮੱਧ ਪ੍ਰਦੇਸ਼)– ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਦੇ ਮੁਖੀ ਸੰਜੇ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਪੈਰਿਸ ਓਲੰਪਿਕ ਵਿਚ ਤਮਗੇ ਤੋਂ ਖੁੰਝਣ ਤੋਂ ਬਾਅਦ ਖੇਡ ਤੋਂ ਸੰਨਿਆਸ ਦਾ ਐਲਾਨ ਕਰਨ ਵਾਲੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਆਪਣੇ ਇਸ ਫੈਸਲੇ ’ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ, ਬਸ਼ਰਤੈ ਉਸਦਾ ਇਰਾਦਾ ‘ਸ਼ੁੱਧ ਰੂਪ ਨਾਲ’ ਕੁਸ਼ਤੀ ਖੇਡਣ ਦਾ ਹੀ ਹੋਵੇ। ਪੈਰਿਸ ਓਲੰਪਿਕ ਵਿਚ ਮਹਿਲਾਵਾਂ ਦੇ 50 ਕਿ. ਗ੍ਰਾ. ਭਾਰ ਵਰਗ ਦੇ ਫਾਈਨਲ ਤੋਂ ਪਹਿਲਾਂ ਵਿਨੇਸ਼ ਦਾ ਭਾਰ 100 ਗ੍ਰਾਮ ਵੱਧ ਭਾਰ ਨਿਕਲਿਆ ਸੀ, ਜਿਸ ਕਾਰਨ ਉਸ ਨੂੰ ਅਯੋਗ ਐਲਾਨ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਖੇਡ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਸੰਜੇ ਨੇ ਕਿਹਾ,‘‘ਜੇਕਰ ਵਿਨੇਸ਼ ਨੂੰ ਸ਼ੁੱਧ ਰੂਪ ਨਾਲ ਕੁਸ਼ਤੀ ਖੇਡਣੀ ਹੈ ਤਾਂ ਉਸ ਨੂੰ ਸੰਨਿਆਸ ਦੇ ਆਪਣੇ ਫੈਸਲੇ ’ਤੇ ਇਕ ਵਾਰ ਫਿਰ ਤੋਂ ਵਿਚਾਰ ਕਰਨਾ ਚਾਹੀਦਾ ਹੈ। ਉਸ ਤੋਂ ਪ੍ਰੇਰਣਾ ਲੈ ਕੇ ਮਹਿਲਾ ਪਹਿਲਵਾਨਾਂ ਦੀ ਸਾਡੀ ਨਵੀਂ ਪੀੜ੍ਹੀ ਅੱਗੇ ਵਧੇਗੀ।’’ ਉਸਨੇ ਹਾਲਾਂਕਿ ਆਪਣੀ ਗੱਲ ਵਿਚ ਤੁਰੰਤ ਜੋੜਿਆ,‘‘ਜਿਸ ਹਿਸਾਬ ਨਾਲ ਉਹ (ਵਿਨੇਸ਼) ਅੱਜ-ਕੱਲ ਸਿਆਸੀ ਮੰਚ ਸਾਂਝੇ ਕਰ ਰਹੀ ਹੈ, ਅਜਿਹੇ ਵਿਚ ਜੇਕਰ ਉਸ ਨੂੰ (ਭਵਿੱਖ ਵਿਚ) ਸਿਆਸਤ ਹੀ ਕਰਨੀ ਹੈ ਤਾਂ ਫਿਰ ਉਸ ਨੂੰ ਕੁਸ਼ਤੀ ਵਿਚ ਸਿਆਸਤ ਨਹੀਂ ਕਰਨੀ ਚਾਹੀਦੀ।’’
ਵਿਨੇਸ਼ ਦੇ ਸਿਆਸਤ ਦੇ ਅਖਾੜੇ ਵਿਚ ਉਤਰਨ ਦੀਆਂ ਅਟਕਲਾਂ ’ਤੇ ਸੰਜੇ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਇਸ 30 ਸਾਲਾ ਪਹਿਲਵਾਨ ਦਾ ਵਿਅਕਤੀਗਤ ਮਾਮਲਾ ਹੈ। ਉਸ ਨੇ ਕਿਹਾ ਕਿ ਜੇਕਰ ਵਿਨੇਸ਼ ਮੁਕਾਬਲੇਬਾਜ਼ੀ ਕੁਸ਼ਤੀ ਵਿਚ ਪਰਤਦੀ ਹੈ ਤਾਂ ਉਹ ਉਸ ਨੂੰ ਪੂਰਾ ਸਹਿਯੋਗ ਕਰਨਗੇ। ਸੰਜੇ ਨੇ ਇਹ ਵੀ ਕਿਹਾ ਕਿ 2023 ਵਿਚ ਦੇਸ਼ ਦੇ ਪਹਿਲਵਾਨਾਂ ਦਾ ਅੰਦੋਲਨ ਡਬਲਯੂ. ਐੱਫ. ਆਈ. ਨੂੰ ‘ਬਹੁਤ ਵੱਡੀ ਸਿੱਖਿਆ’ ਦੇ ਕੇ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਅੰਦੋਲਨ ਕਥਿਤ ਜਬਰ-ਜ਼ਨਾਹ ਮਾਮਲੇ ਵਿਚ ਤਤਕਾਲੀਨ ਡਬਲਯੂ. ਐੱਫ. ਆਈ. ਮੁਖੀ ਬ੍ਰਿਜਭੂਸ਼ਣ ਸ਼ਰਣਸਿੰਘ ਦਾ ਕਰੀਬੀ ਮੰਨਿਆ ਜਾਂਦਾ ਹੈ।
ਮੌਜੂਦਾ ਡਬਲਯੂ. ਐੱਫ. ਆਈ. ਮੁਖੀ ਨੇ ਕਿਹਾ,‘‘ਅਸੀਂ ਪੈਰਿਸ ਓਲੰਪਿਕ ਵਿਚ ਭਾਰਤੀ ਪਹਿਲਵਾਨਾਂ ਦੇ 6 ਤਮਗੇ ਜਿੱਤਣ ਦੀ ਉਮੀਦ ਕਰ ਰਹੇ ਸੀ ਪਰ ਦੇਸ਼ ਵਿਰੋਧੀ ਤਾਕਤਾਂ ਦੀ ਸਾਜ਼ਿਸ਼ ਦੇ ਤਹਿਤ 18 ਮਹੀਨੇ ਤੱਕ ਕੁਸ਼ਤੀ ਦੀਆਂ ਗਤੀਵਿਧੀਆਂ ਠੱਪ ਕਰ ਦਿੱਤੀਆਂ ਗਈਆਂ। ਇਸ ਅੰਦੋਲਨ ਦੇ ਚੱਲਦੇ ਦੇਸ਼ ਨੂੰ ਓਲੰਪਿਕ ਵਿਚ ਸਿਰਫ ਇਕ ਤਮਗਾ ਮਿਲ ਸਕਿਆ ਹੈ।’’ ਸੰਜੇ ਨੇ ਕਿਹਾ,‘ਮੈਂ ਕੁਸ਼ਤੀ ਤੇ ਸਿਆਸਤ ਨੂੰ ਵੱਖ-ਵੱਖ ਰੱਖਣਾ ਚਾਹੁੰਦਾ ਹਾਂ। ਇਸ ਲਈ ਮੈਂ ਅਜਿਹੇ ਕਿਸੇ ਵੀ ਵਿਅਕਤੀ ਦਾ ਨਾਂ ਲੈਣਾ ਨਹੀਂ ਚਾਹੁੰਦਾ ਹਾਂ, ਜਿਸ ਨੇ ਇਹ ਅੰਦੋਲਨ ਖੜ੍ਹਾ ਕੀਤਾ ਸੀ ਪਰ ਕੁਸ਼ਤੀ ਵਿਚ ਸਿਅਸਾਤ ਵੜਨ ਦੀ ਵਜ੍ਹਾ ਨਾਲ ਹੀ ਪੈਰਿਸ ਓਲੰਪਿਕ ਵਿਚ ਕੁਸ਼ਤੀ ਦਾ ਇਹ ਹਾਲ ਹੋਇਆ।’’