ਡੋਪ ਟੈਸਟ ’ਚ ਫੇਲ ਹੋਣ ਕਾਰਨ ਸੀਮਾ ਪੂਨੀਆ ’ਤੇ ਲੱਗੀ 16 ਮਹੀਨੇ ਦੀ ਪਾਬੰਦੀ
Saturday, Dec 06, 2025 - 05:42 PM (IST)
ਨਵੀਂ ਦਿੱਲੀ- ਏਸ਼ੀਆਈ ਖੇਡਾਂ ਦੀ ਸਾਬਕਾ ਸੋਨ ਤਮਗਾ ਜੇਤੂ ਡਿਸਕਸ ਥ੍ਰੋਅਰ ਸੀਮਾ ਪੂਨੀਆ ’ਤੇ ਡੋਪ ਟੈਸਟ ਵਿਚ ਅਸਫਲ ਹੋਣ ਕਾਰਨ 16 ਮਹੀਨੇ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਵੱਲੋਂ ਜਾਰੀ ਡੋਪਿੰਗ ਦੀ ਤਾਜ਼ਾ ਸੂਚੀ ਅਨੁਸਾਰ 42 ਸਾਲਾ ਸੀਮਾ ਦੀ ਪਾਬੰਦੀ 10 ਨਵੰਬਰ ਤੋਂ ਲਾਗੂ ਹੋਵੇਗੀ।
ਨਾਡਾ ਨੇ ਹਾਲਾਂਕਿ ਇਹ ਨਹੀ ਦੱਸਿਆ ਕਿ ਉਹ ਕਿਸ ਪਦਾਰਥ ਲਈ ਪਾਜ਼ੇਟਿਵ ਪਾਈ ਗਈ ਹੈ। ਸੀਮਾ ਲਈ ਡੋਪਿੰਗ ਦਾ ਇਹ ਤੀਜਾ ਮਾਮਲਾ ਹੈ। ਉਹ ਜੂਨੀਅਰ ਪੱਧਰ ’ਤੇ ਵੀ ਇਕ ਵਾਰ ਡੋਪਿੰਗ ਮਾਮਲੇ ਵਿਚ ਫਸ ਚੁੱਕੀ ਹੈ। ਉਸਦੀ ਪਿਛਲੀ ਵੱਡੀ ਪ੍ਰਤੀਯੋਗਿਤਾ 2023 ਵਿਚ ਹਾਂਗਝੋਊ ਏਸ਼ੀਆਈ ਖੇਡਾਂ ਸੀ, ਜਿਸ ਵਿਚ ਉਸ ਨੇ ਕਾਂਸੀ ਤਮਗਾ ਜਿੱਤਿਆ ਸੀ। ਉਹ ਚਾਰ ਵਾਰ ਰਾਸ਼ਟਰਮੰਡਲ ਖੇਡਾਂ ਦੀ ਤਮਗਾ ਜੇਤੂ ਵੀ ਹੈ। ਇਨ੍ਹਾਂ ਵਿਚੋਂ ਤਿੰਨ ਚਾਂਦੀ ਤਮਗੇ ਹਨ। ਉਸਦਾ ਪਹਿਲਾ ਤੇ ਇਕਲੌਤਾ ਏਸ਼ੀਆਈ ਖੇਡਾਂ ਦਾ ਸੋਨ ਤਮਗਾ 2014 ਦੇ ਇੰਚੀਓਨ ਸੈਸ਼ਨ ਵਿਚ ਆਇਆ ਸੀ। ਉਸ ਨੇ ਜੂਨੀਅਰ ਪੱਧਰ ’ਤੇ 2002 ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਿਆ ਸੀ।
