ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਵਿਸ਼ਵ ਰਿਕਾਰਡ ਨਾਲ ਥ੍ਰੀ-ਪੀ ਵਿਚ ਜਿੱਤਿਆ ਸੋਨ ਤਮਗਾ
Wednesday, Dec 17, 2025 - 03:54 PM (IST)
ਨਵੀਂ ਦਿੱਲੀ/ਭੋਪਾਲ : ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਮਗਾ ਜੇਤੂ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਮੰਗਲਵਾਰ ਨੂੰ 68ਵੀਂ ਨਿਸ਼ਾਨੇਬਾਜ਼ੀ ਰਾਸ਼ਟਰੀ ਪ੍ਰਤੀਯੋਗਿਤਾ ’ਚ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਮੱਧ ਪ੍ਰਦੇਸ਼ ਸੂਬਾਈ ਨਿਸ਼ਾਨੇਬਾਜ਼ੀ ਕੰਪਲੈਕਸ ’ਚ ਆਯੋਜਿਤ ਪੁਰਸ਼ਾਂ ਦੀ 50 ਮੀਟਰ ਰਾਈਫ਼ਲ ਥ੍ਰੀ ਪੁਜ਼ੀਸ਼ਨ ਫਾਈਨਲ ਵਿਚ 470.5 ਦਾ ਵਿਸ਼ਵ ਰਿਕਾਰਡ ਬਣਾਉਂਦਿਆਂ ਸੋਨ ਤਮਗਾ ਜਿੱਤਿਆ। ਐਸ਼ਵਰਿਆ ਦਾ ਸਕੋਰ ਮੌਜੂਦਾ ਵਿਸ਼ਵ ਰਿਕਾਰਡ ਤੋਂ 1.6 ਅੰਕ ਵੱਧ ਹੈ।
ਦਿੱਲੀ ਦੇ ਡਾ. ਕਰਣੀ ਸਿੰਘ ਨਿਸ਼ਾਨੇਬਾਜ਼ੀ ਕੰਪਲੈਕਸ ’ਚ ਇਸ ਦੇ ਨਾਲ ਹੀ ਆਯੋਜਿਤ ਸ਼ਾਟਗੰਨ ਪ੍ਰਤੀਯੋਗਿਤਾ ’ਚ ਗੁਰਜੋਤ ਸਿੰਘ ਨੇ ਸਬਰ ਨਾਲ ਪ੍ਰਦਰਸ਼ਨ ਕਰਦਿਆਂ 55 ਨਿਸ਼ਾਨੇ ਲਾ ਕੇ ਪੁਰਸ਼ਾਂ ਦੇ ਸਕੀਟ ਮੁਕਾਬਲੇ ’ਚ ਸੋਨ ਤਮਗਾ ਜਿੱਤਿਆ। ਉਸ ਨੇ 9 ਵਾਰ ਦੇ ਰਾਸ਼ਟਰੀ ਚੈਂਪੀਅਨ ਮੇਰਾਜ਼ ਅਹਿਮਦ ਖਾਨ (54 ਨਿਸ਼ਾਨੇ) ਨੂੰ ਮਾਮੂਲੀ ਫਰਕ ਨਾਲ ਹਰਾਇਆ।
