ਤਾਰੇ ਤੇ ਪ੍ਰਿਥਵੀ ਨੇ ਮੁੰਬਈ ਨੂੰ ਚੌਥੀ ਵਾਰ ਬਣਾਇਆ ਵਿਜੇ ਹਜ਼ਾਰੇ ਚੈਂਪੀਅਨ
Monday, Mar 15, 2021 - 12:58 AM (IST)
ਨਵੀਂ ਦਿੱਲੀ– ਵਿਕਟਕੀਪਰ ਆਦਿੱਤਿਆ ਤਾਰੇ (ਅਜੇਤੂ 118) ਦੇ ਪਹਿਲੇ ਲਿਸਟ-ਏ ਸੈਂਕੜੇ ਤੇ ਕਪਤਾਨ ਪ੍ਰਿਥਵੀ ਸ਼ਾਹ ਦੀ 73 ਦੌੜਾਂ ਦੀ ਧਮਾਕੇਦਾਰ ਪਾਰੀ ਦੇ ਦਮ ’ਤੇ ਮੁੰਬਈ ਨੇ ਉੱਤਰ ਪ੍ਰਦੇਸ਼ ਨੂੰ ਐਤਵਾਰ ਨੂੰ ਇੱਥੇ ਅਰੁਣ ਜੇਤਲੀ ਸਟੇਡੀਅਮ ਵਿਚ 6 ਵਿਕਟਾਂ ਨਾਲ ਹਰਾ ਕੇ ਚੌਥੀ ਵਾਰ ਵਿਜੇ ਹਜ਼ਾਰੇ ਟਰਾਫੀ ਵਨ ਡੇ ਕ੍ਰਿਕਟ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ।
ਉੱਤਰ ਪ੍ਰਦੇਸ਼ ਨੇ ਸਲਾਮੀ ਬੱਲੇਬਾਜ਼ ਮਾਧਵ ਕੌਸ਼ਿਕ ਦੀ 158 ਦੌੜਾਂ ਦੀ ਜ਼ਬਰਦਸਤ ਸੈਂਕੜੇ ਵਾਲੀ ਪਾਰੀ ਨਾਲ 50 ਓਵਰਾਂ ਵਿਚ 4 ਵਿਕਟਾਂ ’ਤੇ 312 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਪਰ ਮੁੰਬਈ ਨੇ 41.3 ਓਵਰਾਂ ਵਿਚ ਹੀ 4 ਵਿਕਟਾਂ ’ਤੇ 315 ਦੌੜਾਂ ਬਣਾ ਕੇ ਵੱਡੇ ਟੀਚੇ ਨੂੰ ਵੀ ਬੌਣਾ ਸਾਬਤ ਕਰ ਦਿੱਤਾ। ਮੁੰਬਈ ਨੇ ਇਸ ਤੋਂ ਪਹਿਲਾਂ 2003-04, 2006-07 ਤੇ 2018-19 ਵਿਚ ਇਹ ਖਿਤਾਬ ਜਿੱਤਿਆ ਸੀ। ਤਾਰੇ ਨੂੰ ਉਸਦੀ ਸ਼ਾਨਦਾਰ ਪਾਰੀ ਲਈ ‘ਪਲੇਅਰ ਆਫ ਦਿ ਮੈਚ’ ਦਾ ਐਵਾਰਡ ਦਿੱਤਾ ਗਿਆ।
ਇਹ ਖ਼ਬਰ ਪੜ੍ਹੋ- IND vs ENG : ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਜ਼ਬਰਦਸਤ ਫਾਰਮ ਵਿਚ ਚੱਲ ਰਹੇ ਤੇ ਇਸ ਸੈਸ਼ਨ ਵਿਚ 4 ਸੈਂਕੜੇ ਲਾ ਚੁੱਕੇ ਪ੍ਰਿਥਵੀ ਨੇ ਤਾਬੜਤੋੜ ਅੰਦਾਜ਼ ਵਿਚ ਖੇਡਦੇ ਹੋਏ ਸਿਰਫ 39 ਗੇਂਦਾਂ ’ਤੇ 73 ਦੌੜਾਂ ਵਿਚ 10 ਚੌਕੇ ਤੇ 4 ਛੱਕੇ ਲਾਏ। ਪ੍ਰਿਥਵੀ ਦੀ ਇਸ ਪਾਰੀ ਨੇ ਮੁੰਬਈ ਨੂੰ ਜਿੱਤ ਦਾ ਠੋਸ ਆਧਾਰ ਦੇ ਦਿੱਤਾ। ਪ੍ਰਿਥਵੀ ਨੇ ਯਸ਼ਸਵੀ ਜਾਇਸਵਾਲ ਦੇ ਨਾਲ ਪਹਿਲੀ ਵਿਕਟ ਲਈ 9.1 ਓਵਰਾਂ ਵਿਚ 89 ਦੌੜਾਂ ਦੀ ਸਾਂਝੇਦਾਰੀ ਕੀਤੀ। ਜਾਇਸਵਾਲ ਨੇ 30 ਗੇਂਦਾਂ ’ਤੇ 3 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 29 ਦੌੜਾਂ ਬਣਾਈਆਂ। ਪ੍ਰਿਥਵੀ ਦੀ ਵਿਕਟ 89 ਤੇ ਜਾਇਸਵਾਲ ਦੀ ਵਿਕਟ 127 ਦੇ ਸਕੋਰ ’ਤੇ ਡਿੱਗੀ। ਤਾਰੇ ਨੇ ਫਿਰ ਸ਼ਮਸ ਮੁਲਾਨੀ ਦੇ ਨਾਲ ਤੀਜੀ ਵਿਕਟ ਲਈ 88 ਦੌੜਾਂ ਦੀ ਸਾਂਝੇਦਾਰੀ ਕਰਕੇ ਮੁੰਬਈ ਨੂੰ ਜਿੱਤ ਦੇ ਰਸਤੇ ’ਤੇ ਪਾ ਦਿੱਤਾ। ਮੁਲਾਨੀ ਨੇ 43 ਗੇਂਦਾਂ ’ਤੇ 36 ਦੌੜਾਂ ਵਿਚ ਦੋ ਛੱਕੇ ਲਾਏ। ਤਾਰੇ ਨੇ ਫਿਰ ਸ਼ਿਵਮ ਦੂਬੇ ਦੇ ਨਾਲ ਚੌਥੀ ਵਿਕਟ ਲਈ 88 ਦੌੜਾਂ ਜੋੜੀਆਂ। ਦੂਬੇ ਨੇ 28 ਗੇਂਦਾਂ ’ਤੇ 42 ਦੌੜਾਂ ਵਿਚ 6 ਚੌਕੇ ਤੇ 1 ਛੱਕਾ ਲਾਇਆ। ਤਾਰੇ ਨੇ ਸਰਫਰਾਜ਼ ਖਾਨ ਦੇ ਨਾਲ ਮੁੰਬਈ ਨੂੰ ਆਸਾਨੀ ਨਾਲ ਜਿੱਤ ਦੀ ਮੰਜਿਲ ’ਤੇ ਪਹੁੰਚਾ ਦਿੱਤਾ।
ਇਹ ਖ਼ਬਰ ਪੜ੍ਹੋ- INDW vs RSAW : ਗੇਂਦਬਾਜ਼ਾਂ ਨੇ ਕੀਤਾ ਨਿਰਾਸ਼, ਮੈਚ ਨਾਲ ਲੜੀ ਵੀ ਹਾਰਿਆ ਭਾਰਤ
ਉੱਤਰ ਪ੍ਰਦੇਸ਼ ਦੇ ਗੇਂਦਬਾਜ਼ਾਂ ਨੇ ਆਪਣੀ ਟੀਮ ਨੂੰ ਕਾਫੀ ਨਿਰਾਸ਼ ਕੀਤਾ ਤੇ ਵੱਡਾ ਸਕੋਰ ਹੋਣ ਦੇ ਬਾਵਜੂਦ ਉਹ ਉਸਦਾ ਬਚਾਅ ਨਹੀਂ ਕਰ ਸਕੇ। ਯਸ਼ ਦਿਆਲ, ਸ਼ਿਵਮ ਮਾਵੀ, ਸ਼ਿਵਮ ਸ਼ਰਮਾ ਤੇ ਸਮੀਰ ਚੌਧਰੀ ਨੂੰ ਇਕ-ਇਕ ਵਿਕਟ ਮਿਲੀ।
ਪ੍ਰਿਥਵੀ ਨੂੰ ਫੀਲਡਿੰਗ ਦੌਰਾਨ ਸੱਟ ਲੱਗੀ
ਮੁੰਬਈ ਦੇ ਕਪਤਾਨ ਪ੍ਰਿਥਵੀ ਸ਼ਾਹ ਨੂੰ ਇੱਥੇ ਫੀਲਡਿੰਗ ਦੌਰਾਨ ਸੱਟ ਲੱਗਣ ਦੇ ਕਾਰਣ ਮੈਦਾਨ ਵਿਚੋਂ ਬਾਹਰ ਲਿਜਾਇਆ ਗਿਆ। ਪ੍ਰਿਥਵੀ ਨੂੰ ਉੱਤਰ ਪ੍ਰਦੇਸ਼ ਦੀ ਪਾਰੀ ਦੇ 24ਵੇਂ ਓਵਰ ਵਿਚ ਪਹਿਲੀ ਸਲਿਪ ’ਤੇ ਫੀਲਡਿੰਗ ਦੌਰਾਨ ਸੱਟ ਲੱਗੀ। ਉੱਤਰ ਪ੍ਰਦੇਸ਼ ਦੇ ਸਲਾਮੀ ਬੱਲੇਬਾਜ਼ ਮਾਧਵ ਕੌਸ਼ਿਕ ਨੇ ਨੌਜਵਾਨ ਲੈੱਗ ਸਪਿਨਰ ਪ੍ਰਸ਼ਾਂਤ ਸੋਲੰਕੀ ’ਤੇ ਸ਼ਾਟ ਖੇਡੀ ਤਾਂ ਗੇਂਦ ਜਾ ਕੇ ਪ੍ਰਿਥਵੀ ਨੂੰ ਲੱਗੀ। ਗੇਂਦ ਪ੍ਰਿਥਵੀ ਦੇ ਖੱਬੇ ਪੈਰ ਦੇ ਅੱਗੇ ਦੇ ਹਿੱਸੇ ’ਤੇ ਲੱਗੀ ਤੇ ਸੱਜੇ ਹੱਥ ਦਾ ਇਹ ਬੱਲੇਬਾਜ਼ ਦਰਦ ਨਾਲ ਚੀਕਦਾ ਹੋਇਆ ਮੈਦਾਨ ’ਤੇ ਡਿੱਗ ਪਿਆ। ਫਿਜੀਓ ਤੇ ਟੀਮ ਦੇ ਸਾਥੀ ਇਸ ਤੋਂ ਬਾਅਦ ਪ੍ਰਿਥਵੀ ਨੂੰ ਮੈਦਾਨ ਤੋਂ ਬਾਹਰ ਲੈ ਗਏ ਸੀ ਹਾਲਾਂਕਿ ਬਾਅਦ ਵਿਚ ਪ੍ਰਿਥਵੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਆਪਣੀ ਟੀਮ ਦੀ ਖਿਤਾਬੀ ਜਿੱਤ ਵਿਚ ਯੋਗਦਾਨ ਪਾਇਆ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।