ਉੱਨਤੀ ਹੁੱਡਾ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ ਅੰਡਰ-17 ਮਹਿਲਾ ਸਿੰਗਲ ਦੇ ਫਾਈਨਲ ''ਚ ਪੁੱਜੀ
Sunday, Dec 04, 2022 - 05:50 PM (IST)
ਨਵੀਂ ਦਿੱਲੀ : ਭਾਰਤ ਦੀ ਉੱਭਰਦੀ ਹੋਈ ਬੈਡਮਿੰਟਨ ਖਿਡਾਰਨ ਉੱਨਤੀ ਹੁੱਡਾ ਨੇ ਬੈਡਮਿੰਟਨ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ ਦੇ ਅੰਡਰ-17 ਸਿੰਗਲਜ਼ ਮਹਿਲਾ ਮੁਕਾਬਲੇ ਦੇ ਸੈਮੀਫਾਈਨਲ ਵਿਚ ਜਾਪਾਨ ਦੀ ਮਿਓਨ ਯੋਕੂਚੀ ਨੂੰ ਸਿੱਧੀਆਂ ਗੇਮਾਂ ਵਿਚ 21-8, 21-17 ਨਾਲ ਹਰਾਇਆ। ਇਸ ਤਰ੍ਹਾਂ ਉਹ ਅੰਡਰ-17 ਸਿੰਗਲਜ਼ ਮਹਿਲਾ ਵਰਗ ਦੇ ਫਾਈਨਲ ਵਿਚ ਪੁੱਜਣ ਵਾਲੀ ਪਹਿਲੀ ਭਾਰਤੀ ਖਿਡਾਰਨ ਵੀ ਬਣ ਗਈ।
ਥਾਈਲੈਂਡ ਦੇ ਨੋਥਾਬੁਰੀ ਵਿਚ ਖੇਡੀ ਜਾ ਰਹੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਉੱਨਤੀ ਦਾ ਸਾਹਮਣਾ ਸਥਾਨਕ ਖਿਡਾਰਨ ਸਰੂਨਰਕ ਵਿਟੀਡਸਨ ਨਾਲ ਹੋਵੇਗਾ। ਉੱਨਤੀ ਤੋਂ ਇਲਾਵਾ ਅੰਡਰ-15 ਸਿੰਗਲਜ਼ ਖਿਡਾਰੀ ਅਨੀਸ਼ ਥੋਪਾਨੀ ਤੇ ਅਰਸ਼ਦ ਮੁਹੰਮਦ ਅਤੇ ਸੰਸਕਾਰ ਸਾਰਸਵਤ ਦੀ ਅੰਡਰ-17 ਮਰਦ ਡਬਲਜ਼ ਜੋੜੀ ਨੇ ਵੀ ਅਸਰਦਾਰ ਜਿੱਤ ਨਾਲ ਫਾਈਨਲ ਵਿਚ ਥਾਂ ਪੱਕੀ ਕੀਤੀ। ਸ਼ਾਨਦਾਰ ਲੈਅ ਵਿਚ ਚੱਲ ਰਹੀ ਅਰਸ਼ ਤੇ ਸੰਸਕਾਰ ਦੀ ਜੋੜੀ ਨੇ ਆਖ਼ਰੀ ਚਾਰ ਦੇ ਮੁਕਾਬਲੇ ਵਿਚ ਚੀ-ਰੂਈ ਚਿਊ ਤੇ ਸ਼ਾਓ ਹੁਆ ਚਿਊ ਦੀ ਚੀਨੀ ਤਾਇਪੇ ਦੀ ਜੋੜੀ ਖ਼ਿਲਾਫ਼ 21-15, 21-19 ਨਾਲ ਜਿੱਤ ਦਰਜ ਕੀਤੀ। ਫਾਈਨਲ ਵਿਚ ਉਨ੍ਹਾਂ ਦਾ ਸਾਹਮਣਾ ਲਾਈ ਪੋ ਯੂ ਤੇ ਯੀ-ਹਾਓ ਲਿਨ ਦੀ ਇਕ ਹੋਰ ਚੀਨੀ ਤਾਇਪੇ ਦੀ ਜੋੜੀ ਨਾਲ ਹੋਵੇਗਾ।