ਇੰਗਲੈਂਡ ਨੂੰ ਹਰਾ ਕੇ ਭਾਰਤ ਨੇ 5ਵੀਂ ਵਾਰ ਅੰਡਰ-19 ਵਿਸ਼ਵ ਕੱਪ ਜਿੱਤਿਆ
Sunday, Feb 06, 2022 - 02:14 AM (IST)
ਨਾਰਥ ਸਾਊਂ (ਭਾਸ਼ਾ)–11 ਸਾਲ ਪਹਿਲਾਂ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਮਹਿੰਦਰ ਸਿੰਘ ਧੋਨੀ ਨੇ ਛੱਕਾ ਲਾ ਕੇ ਭਾਰਤ ਨੂੰ ਵਿਸ਼ਵ ਕੱਪ ਜਿਤਾਇਆ ਸੀ ਤੇ ਠੀਕ ਉਸੇ ਅੰਦਾਜ਼ ਵਿਚ ਦਿਨੇਸ਼ ਭਾਨਾ ਨੇ ਇੰਗਲੈਂਡ ਵਿਰੁੱਧ ਅੰਡਰ-19 ਵਿਸ਼ਵ ਕੱਪ ਫਾਈਨਲ ਵਿਚ ਛੱਕਾ ਲਾ ਕੇ ਖਿਤਾਬ ਭਾਰਤ ਦੀ ਝੋਲੀ ਵਿਚ ਪਾ ਦਿੱਤਾ। ਕੋਰੋਨਾ ਤੋਂ ਲੈ ਕੇ ਬਾਕੀ ਛੇ ਟੀਮਾਂ ਤਕ ਭਾਰਤ ਦੀ ਅਜੇਤੂ ਮੁਹਿੰਮ ਨੂੰ ਕੋਈ ਨਹੀਂ ਰੋਕ ਸਕਿਆ ਤੇ ਇਕ ਵਾਰ ਫਿਰ ਇਸ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਨੇ ਆਪਣੇ ਦਬਦਬੇ ’ਤੇ ਮੋਹਰ ਲਾ ਦਿੱਤੀ। ਭਾਰਤ ਦੀ ਜਿੱਤ ਦੇ ਸੂਤਰਧਾਰ ਰਹੇ 5 ਵਿਕਟਾਂ ਲੈਣ ਤੋਂ ਬਾਅਦ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੇ ਰਾਜ ਬਾਵਾ, ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਰਵੀ ਕੁਮਾਰ ਤੇ ਜੁਝਾਰੂ ਅਰਧ ਸੈਂਕੜਾ ਲਾਉਣ ਵਾਲੇ ਨਿਸ਼ਾਂਤ ਸਿੰਧੂ। ਇਨ੍ਹਾਂ ਦੇ ਪ੍ਰਦਰਸ਼ਨ ਦੇ ਦਮ ’ਤੇ ਭਾਰਤ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਰਿਕਾਰਡ ਪੰਜਵੀਂ ਵਾਰ ਅੰਡਰ-19 ਵਿਸ਼ਵ ਕੱਪ ਜਿੱਤ ਲਿਆ।
ਇਹ ਵੀ ਪੜ੍ਹੋ : ਲੈਂਗਰ ਦੇ ਅਸਤੀਫ਼ੇ ਤੋਂ ਬਾਅਦ ਪੋਂਟਿੰਗ ਨੇ ਕਿਹਾ, 'ਆਸਟ੍ਰੇਲੀਅਨ ਕ੍ਰਿਕਟ ਲਈ ਦੁਖ਼ਦ ਦਿਨ'
ਟੂਰਨਾਮੈਂਟ ਦੇ ਇਤਹਾਸ ਦੀ ਸਭ ਤੋਂ ਕਾਮਯਾਬ ਟੀਮ ਭਾਰਤ ਨੇ ਇੰਗਲੈਂਡ ਨੂੰ 44.5 ਓਵਰਾਂ ਵਿਚ 189 ਦੌੜਾਂ ’ਤੇ ਆਊਟ ਕਰ ਦਿੱਤਾ ਸੀ। ਜਵਾਬ ਵਿਚ ਭਾਰਤ ਨੇ 6 ਵਿਕਟਾਂ ਗੁਆ ਕੇ 14 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ।ਇਕ ਸਮੇਂ ਭਾਰਤ ਦੀਆਂ 4 ਵਿਕਟਾਂ 97 ਦੌੜਾਂ ’ਤੇ ਡਿੱਗ ਚੁੱਕੀਆਂ ਸਨ ਤੇ ਆਸਟਰੇਲੀਆ ਵਿਰੁੱਧ ਸੈਮੀਫਾਈਨਲ ਵਿਚ ਸੈਂਕੜਾ ਲਾਉਣ ਵਾਲਾ ਕਪਤਾਨ ਯਸ਼ ਢੁਲ 17 ਦੌੜਾਂ ’ਤੇ ਆਊਟ ਹੋ ਗਿਆ ਸੀ ਪਰ ਨਿਸ਼ਾਂਤ ਸਿੰਧੂ (54 ਗੇਂਦਾਂ ’ਤੇ ਅਜੇਤੂ 50 ਦੌੜਾਂ) ਅਤੇ ਬਾਵਾ (35) ਨੇ 67 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਸੰਕਟ ਵਿਚੋਂ ਕੱਢ ਲਿਆ।
ਇਹ ਵੀ ਪੜ੍ਹੋ : ਸ਼੍ਰੀਲੰਕਾ ਨੇ ਜਨਤਕ ਥਾਵਾਂ 'ਚ ਦਾਖਲੇ ਲਈ ਕੋਰੋਨਾ ਟੀਕਾਕਰਨ ਕੀਤਾ ਜ਼ਰੂਰੀ
ਪ ਕਪਤਾਨ ਸ਼ੇਖ ਰਾਸ਼ੀਦ ਨੇ ਲਗਾਤਾਰ ਦੂਜੇ ਮੈਚ ਵਿਚ ਚੰਗਾ ਪ੍ਰਦਰਸ਼ਨ ਕਰਦੇ ਹੋਏ 50 ਦੌੜਾਂ ਬਣਾਈਆਂ।ਆਖਿਰ ਵਿਚ ਦਿਨੇਸ਼ ਭਾਨਾ ਨੇ ਜੇਮਸ ਸੇਲਸ ਨੂੰ ਲਗਾਤਾਰ ਦੋ ਛੱਕੇ ਲਾ ਕੇ 48ਵੇਂ ਓਵਰ ਵਿਚ ਹੀ ਭਾਰਤ ਨੂੰ ਟੀਚੇ ਤਕ ਪਹੁੰਚਾ ਦਿੱਤਾ। ਇਸਤੋਂ ਪਹਿਲਾਂ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਉਸਦੀ ਸ਼ੁਰੂਆਤ ਬਹੁਤ ਹੀ ਖਰਾਬ ਰਹੀ ਤੇ 18 ਦੌੜਾਂ ਤਕ ਉਸਦੀਆਂ 2 ਵਿਕਟਾਂ ਡਿੱਗ ਗਈਂਆਂ ਸਨ। ਇੰਗਲੈਂਡ ਇਸ ਤੋਂ ਬਾਅਦ ਸੰਭਲ ਨਹੀਂ ਸਕਿਆ ਤੇ ਉਸ ਨੇ 61 ਦੌੜਾਂ ਤਕ ਜਾਂਦੇ-ਜਾਂਦੇ ਆਪਣੀਆਂ 6 ਵਿਕਟਾਂ ਗੁਆ ਦਿੱਤੀਆਂ। ਇੰਗਲੈਂਡ ਦੀ 7ਵੀਂ ਵਿਕਟ 91 ਦੇ ਸਕੋਰ ’ਤੇ ਡਿੱਗੀ ਪਰ ਇਸ ਤੋਂ ਬਾਅਦ ਜੇਮਸ ਰਿਊ ਤੇ ਜੇਮਸ ਸੇਲਸ ਨੇ 8ਵੀਂ ਵਿਕਟ ਲਈ 93 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਮਲੇਸ਼ੀਆ ਦੇ ਸਾਬਕਾ PM ਮਹਾਤਿਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਜੇਮਸ ਰਿਊ ਨੇ 116 ਗੇਂਦਾਂ ’ਤੇ 12 ਚੌਕਿਆਂ ਦੀ ਮਦਦ ਨਾਲ 95 ਦੌੜਾਂ ਬਣਾਈਆਂ। ਜੇਮਸ ਰਿਊ ਨੂੰ ਰਵੀ ਨੇ 8ਵੇਂ ਬੱਲੇਬਾਜ਼ ਦੇ ਰੂਪ ਵਿਚ ਆਊਟ ਕੀਤਾ। ਰਵੀ ਨੇ ਤਿੰਨ ਗੇਂਦਾਂ ਬਾਅਦ ਥਾਮਸ ਐਸਪਿਨਵਾਲ ਦੀ ਵਿਕਟ ਵੀ ਲੈ ਲਈ। ਰਾਜ ਤੇ ਰਵੀ ਦੋਵਾਂ ਦੀਆਂ 4-4 ਵਿਕਟਾਂ ਹੋ ਚੁੱਕੀਆਂ ਸਨ ਪਰ ਰਾਜ ਬਾਵਾ ਨੇ ਜੋਸ਼ੂਆ ਬਾਯਡੇਨ ਨੂੰ ਆਊਟ ਕਰਕੇ ਫਾਈਨਲ ਵਿਚ ਪੰਜ ਵਿਕਟਾਂ ਲੈਣ ਦੀ ਉਪਲੱਬਧੀ ਆਪਣੇ ਨਾਂ ਕਰ ਲਈ। ਰਾਜ ਬਾਵਾ ਨੇ 9.5 ਓਵਰਾਂ ਵਿਚ 31 ਦੌੜਾਂ ਦੇ ਕੇ 5 ਵਿਕਟਾਂ ਲਈਆਂ ਜਦਕਿ ਰਵੀ ਨੇ 9 ਓਵਰਾਂ ਵਿਚ 34 ਦੌੜਾਂ ’ਤੇ 4 ਵਿਕਟਾਂ ਆਪਣੇ ਨਾਂ ਕੀਤੀਆਂ। ਇਕ ਵਿਕਟ ਕੌਸ਼ਲ ਤਾਂਬੇ ਦੇ ਹਿੱਸੇ ਵਿਚ ਆਈ। ਜੇਮਸ ਸੇਲਸ 65 ਗੇਂਦਾਂ ’ਤੇ 34 ਦੌੜਾਂ ਬਣਾ ਕੇ ਅਜੇਤੂ ਪਰਤਿਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।