ਦੋ ਬੰਗਲਾਦੇਸ਼ੀ ਮਹਿਲਾ ਕ੍ਰਿਕਟਰਾਂ ਓਮੀਕਰੋਨ ਤੋਂ ਪਾਜ਼ੇਟਿਵ

Sunday, Dec 12, 2021 - 01:13 PM (IST)

ਦੋ ਬੰਗਲਾਦੇਸ਼ੀ ਮਹਿਲਾ ਕ੍ਰਿਕਟਰਾਂ ਓਮੀਕਰੋਨ ਤੋਂ ਪਾਜ਼ੇਟਿਵ

ਢਾਕਾ– ਬੰਗਲਾਦੇਸ਼ ਦੇ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਜਾਹਿਦ ਮਾਲੇਕ ਨੇ ਸ਼ਨੀਵਾਰ ਨੂੰ ਕਿਹਾ ਕਿ ਜ਼ਿੰਬਾਬਵੇ ਤੋਂ ਆਈਆਂ ਦੋ ਮਹਿਲਾ ਕ੍ਰਿਕਟਰਾਂ ਕੋਰੋਨਾ ਵਾਇਰਸ ਦੇ ਨਵੇਂ ਤੇ ਖ਼ਤਰਨਾਕ ਰੂਪ ਓਮੀਕਰੋਨ ਤੋਂ ਪਾਜ਼ੇਟਿਵ ਪਾਈਆਂ ਗਈਆਂ ਹਨ। ਜਾਹਿਦ ਨੇ ਇਕ ਬਿਆਨ ਵਿਚ ਕਿਹਾ, ‘‘ਇਨ੍ਹਾਂ ਨੂੰ ਠੀਕ ਹੋਣ ਵਿਚ ਸਮਾਂ ਲੱਗੇਗਾ ਤੇ ਪ੍ਰੋਟੋਕਾਲ ਦੇ ਮੁਤਾਬਕ ਅਸੀਂ ਉਨ੍ਹਾਂ ਨੂੰ ਦੋ ਹਫਤੇ ਤਕ ਨਿਗਰਾਨੀ ਵਿਚ ਰੱਖਾਂਗੇ ਤੇ ਪੂਰੀ ਤਰ੍ਹਾਂ ਨਾਲ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਘਰ ਜਾਣ ਦਿੱਤਾ ਜਾਵੇਗਾ। 

ਅਸੀਂ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਟ੍ਰੇਸਿੰਗ ਕਰ ਰਹੇ ਹਾਂ ਤੇ ਉਨ੍ਹਾਂ ਸਾਰਿਆਂ ਦਾ ਟੈਸਟ ਕੀਤਾ ਗਿਆ ਹੈ, ਜਿਹੜੇ ਉਨ੍ਹਾਂ ਦੇ ਨੇੜੇ ਆਏ ਸਨ।’’ ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ 6 ਦਸੰਬਰ ਨੂੰ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ 2022 ਦੇ ਕੁਆਲੀਫਾਇਰ ਟੂਰਨਾਮੈਂਟ ਵਿਚ ਹਿੱਸਾ ਲੈਣ ਤੋਂ ਬਾਅਦ ਜ਼ਿੰਬਾਬਵੇ ਤੋਂ ਵਤਨ ਪਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਦੋ ਖਿਡਾਰਨਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਟੀਮ ਦੇ ਇਕਾਂਤਵਾਸ ਨੂੰ ਵਧਾ ਦਿੱਤਾ ਸੀ।


author

Tarsem Singh

Content Editor

Related News