ਤਨਖਾਹ ਨਾ ਮਿਲਣ ਤੋਂ ਪ੍ਰੇਸ਼ਾਨ ਤਾਈਕਵਾਂਡੋ ਕੋਚ ਨੇ ਕੀਤੀ ਖੁਦਕੁਸ਼ੀ

Thursday, Jun 24, 2021 - 06:41 PM (IST)

ਸਪੋਰਟਸ ਡੈਸਕ : ਬਾਹਰੀ ਦਿੱਲੀ ਦੇ ਮੰਗੋਲਪੁਰੀ ਖੇਤਰ ’ਚ ਪ੍ਰਾਈਵੇਟ ਸਕੂਲ ਵੱਲੋਂ ਕਥਿਤ ਤੌਰ ’ਤੇ ਤਨਖਾਹ ਨਾ ਦੇਣ ਕਾਰਨ ਇਕ 46 ਸਾਲਾ ਤਾਈਕਵਾਂਡੋ ਕੋਚ ਨੇ ਆਪਣੇ ਘਰ ’ਚ ਖੁਦਕੁਸ਼ੀ ਕਰ ਲਈ ਹੈ। ਪੁਲਸ ਨੇ ਵੀਰਵਾਰ ਇਹ ਜਾਣਕਾਰੀ ਦਿੱਤੀ।  ਮ੍ਰਿਤਕ ਦੀ ਪਛਾਣ ਤਨੂਪ ਜੌਹਰ ਦੇ ਤੌਰ ’ਤੇ ਕੀਤੀ ਗਈ ਹੈ ਅਤੇ ਉਹ ਰੋਹਿਣੀ ਦੇ ਇਕ ਸਕੂਲ ਵਿਚ ਨੌਕਰੀ ਕਰਦਾ ਸੀ ਪਰ ਪਿਛਲੇ ਤਕਰੀਬਨ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਬੇਰੋਜ਼ਗਾਰ ਸੀ। ਪੁਲਸ ਮੁਤਾਬਕ ਤਨੂਪ ਨੇ ਮੰਗਲਵਾਰ ਆਪਣੇ ਘਰ ’ਚ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਘਟਨਾ ਸਥਾਨ ਤੋਂ ਇੱਕ ਸੁਸਾਈਡ ਨੋਟ ਬਰਾਮਦ ਕੀਤਾ ਹੈ, ਉਸ ’ਚ ਤਨੂਪ ਨੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਦੋ ਵਿਅਕਤੀਆਂ ਦੇ ਨਾਂ ਦਾ ਜ਼ਿਕਰ ਕੀਤਾ ਹੈ।

ਤਨੂਪ ਨੇ ਸਕੂਲ ਪ੍ਰਬੰਧਕਾਂ ’ਤੇ ਤਨਖਾਹ ਨਾ ਦੇਣ ਦਾ ਦੋਸ਼ ਲਾਇਆ ਹੈ। ਤਨੂਪ ਨੇ ਸੁਸਾਈਡ ਨੋਟ ’ਚ ਕਿਹਾ ਹੈ ਕਿ ਤਨਖਾਹ ਨਾ ਮਿਲਣ ਕਾਰਨ ਉਹ ਪ੍ਰੇਸ਼ਾਨ ਸੀ ਤੇ ਉਸ ਕੋਲ ਕੋਈ ਕੰਮ ਨਹੀਂ ਸੀ। ਪੁਲਸ ਨੇ ਕਿਹਾ ਕਿ ਤਨੂਪ ਨੇ ਸਕੂਲ ਪ੍ਰਬੰਧਕਾਂ ’ਤੇ ਤਨਖਾਹ ਨਾ ਦੇਣ ਕਾਰਨ ਮਾਮਲਾ ਦਰਜ ਕਰਵਾਇਆ ਸੀ। ਸਕੂਲ ਨੇ ਤਨੂਪ ਦੇ ਇਕ ਸਹਿਯੋਗੀ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਤਕ ਆਨਲਾਈਨ ਕਲਾਸਾਂ ਲੈਣ ਤੋਂ ਬਾਅਦ ਜਦੋਂ ਤਨੂਪ ਨੇ ਸਕੂਲ ਤੋਂ ਤਨਖਾਹ ਮੰਗੀ ਤਾਂ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਜਦੋਂ ਬੱਚੇ ਫੀਸ ਦੇਣਗੇ ਤਾਂ ਉਸ ਦੀ ਤਨਖਾਹ ਦੇ ਦਿੱਤੀ ਜਾਵੇਗੀ। ਚਾਰ ਮਹੀਨਿਆਂ ਬਾਅਦ ਫਿਰ ਦੋਬਾਰਾ ਤਨਖਾਹ ਮੰਗੀ ਤਾਂ ਸਕੂਲ ਨੇ ਨੌਕਰੀ ਤੋਂ ਅਸਤੀਫਾ ਦੇਣ ਲਈ ਕਿਹਾ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਤਨੂਪ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਤਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ।  


Manoj

Content Editor

Related News