...ਜਦੋਂ ਆਪਣੇ ਆਦਰਸ਼ ਅਸ਼ਵਿਨ ਨੂੰ ਮਿਲਿਆ ਮਹੇਸ਼ ਪਿਠਿਆ
Wednesday, Feb 08, 2023 - 11:02 AM (IST)

ਨਾਗਪੁਰ (ਭਾਸ਼ਾ)– ਰਵਿਚੰਦਰਨ ਅਸ਼ਵਿਨ ਦੀ ਤਰ੍ਹਾਂ ਗੇਂਦਬਾਜ਼ੀ ਕਰਨ ਦੇ ਕਾਰਨ ਚਰਚਾ ਵਿਚ ਚੱਲ ਰਿਹਾ ਸਪਿਨਰ ਮਹੇਸ਼ ਪਿਠਿਆ ਜਦੋਂ ਆਪਣੇ ਆਦਰਸ਼ ਖਿਡਾਰੀ ਨੂੰ ਮਿਲਿਆ ਤਾਂ ਉਸਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਤੇ ਉਦੋਂ ਭਾਰਤੀ ਆਫ ਸਪਿਨਰ ਨੇ ਉਸ ਤੋਂ ਜਾਣਕਾਰੀ ਲਈ ਕਿ ਉਹ ਆਸਟਰੇਲੀਅਨ ਬੱਲੇਬਾਜ਼ਾਂ ਨੂੰ ਕਿਸ ਤਰ੍ਹਾਂ ਦੀ ਗੇਂਦਬਾਜ਼ੀ ਕਰ ਰਿਹਾ ਹੈ। ਮਹੇਸ਼ ਨੇ ਹੁਣ ਤਕ ਸਿਰਫ਼ ਚਾਰ ਪਹਿਲੀ ਸ਼੍ਰੇਣੀ ਮੈਚ ਖੇਡੇ ਹਨ ਪਰ ਉਸਦਾ ਐਕਸ਼ਨ ਅਸ਼ਵਿਨ ਨਾਲ ਮਿਲਦਾ ਹੈ ਤੇ ਇਸ ਲਈ ਆਸਟਰੇਲੀਆ ਨੇ ਉਸ ਨੂੰ ਭਾਰਤ ਵਿਰੁੱਧ ਵੀਰਵਾਰ ਤੋਂ ਸ਼ੁਰੂ ਹੋਣ ਵਾਲੀ ਚਾਰ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਨੈੱਟ ਗੇਂਦਬਾਜ਼ ਦੇ ਰੂਪ ਵਿਚ ਚੁਣਿਆ। ਉਹ ਆਪਣੀ ਗੇਂਦਬਾਜ਼ੀ ਨਾਲ ਲੋਕਾਂ ਦਾ ਧਿਆਨ ਖਿੱਚਣ ਵਿਚ ਸਫ਼ਲ ਰਿਹਾ।
ਨੈੱਟ ’ਤੇ ਅਸ਼ਵਿਨ ਨੂੰ ਗੇਂਦਬਾਜ਼ੀ ਕਰਦੇ ਹੋਏ ਦੇਖ ਰਹੇ ਮਹੇਸ਼ ਨੇ ਮੁਸਕਰਾਉਂਦੇ ਹੋਏ ਕਿਹਾ,‘‘ਮੈਂ ਪਹਿਲੇ ਦਿਨ ਹੀ ਸਟੀਵ ਸਮਿਥ ਨੂੰ ਨੈੱਟ ’ਤੇ 5 ਤੋਂ 6 ਵਾਰ ਆਊਟ ਕੀਤਾ। ਅਸ਼ਵਿਨ ਦਾ ਨਾਂ ਸੁਣਦੇ ਹੀ 21 ਸਾਲਾ ਮਹੇਸ਼ ਮੁਸਕਰਾਉਣ ਲੱਗ ਜਾਂਦਾ ਹੈ। ਉਸ ਨੇ ਭਾਰਤੀ ਖਿਡਾਰੀਆਂ ਵਿਚ ਵੀ ਉਤਸ਼ਾਹ ਪੈਦਾ ਕੀਤਾ ਹੈ। ਮਹੇਸ਼ ਨੇ ਕਿਹਾ ਕਿ ਅੱਜ ਮੈਨੂੰ ਆਪਣੇ ਆਦਰਸ਼ ਖਿਡਾਰੀ ਤੋਂ ਆਸ਼ੀਰਵਾਦ ਮਿਲਿਆ। ਮੈਂ ਸ਼ੁਰੂ ਤੋਂ ਹੀ ਅਸ਼ਵਿਨ ਦੀ ਤਰ੍ਹਾਂ ਗੇਂਦਬਾਜ਼ੀ ਕਰਨਾ ਚਾਹੁੰਦਾ ਸੀ। ਜਦੋਂ ਉਹ ਨੈੱਟ ’ਤੇ ਅਭਿਆਸ ਕਰਨ ਲਈ ਆਇਆ ਤਾਂ ਮੈਂ ਉਸ ਨੂੰ ਮਿਲਿਆ ਤੇ ਮੈਂ ਉਸਦੇ ਪੈਰ ਛੂਹੇ। ਉਸ ਨੇ ਮੈਨੂੰ ਗਲੇ ਲਗਾਇਆ ਤੇ ਪੁੱਛਿਆ ਕਿ ਆਸਟਰੇਲੀਆਈ ਬੱਲੇਬਾਜ਼ਾਂ ਲਈ ਮੈਂ ਕਿਸ ਤਰ੍ਹਾਂ ਦੀ ਗੇਂਦਬਾਜ਼ੀ ਕਰ ਰਿਹਾ ਹਾਂ। ਉਸ ਨੇ ਕਿਹਾ ਕਿ ਵਿਰਾਟ ਕੋਹਲੀ ਵੀ ਮੈਨੂੰ ਦੇਖ ਕੇ ਮੁਸਕਰਾ ਰਿਹਾ ਸੀ ਤੇ ਉਸ ਨੇ ਵੀ ਮੈਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮਹੇਸ਼ ਨੇ ਅਜੇ ਬੜੌਦਾ ਲਈ ਸੀਨੀਅਰ ਕ੍ਰਿਕਟ ਵਿਚ ਆਪਣਾ ਸਫ਼ਰ ਸ਼ੁਰੂ ਕੀਤਾ ਹੈ ਤੇ ਫਿਲਹਾਲ ਉਸਦਾ ਧਿਆਨ ਇਸੇ ’ਤੇ ਹੈ।