ਟੋਕੀਓ ਓਲੰਪਿਕ ਦੇ ਆਯੋਜਨ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ, ਪੁਲਸ ਤੇ ਪ੍ਰਦਰਸ਼ਨਕਾਰੀ ਆਪਸ ’ਚ ਭਿੜੇ
Sunday, Jul 18, 2021 - 12:10 PM (IST)
ਟੋਕੀਓ— ਓਲੰਪਿਕ ਖੇਡ ਸ਼ੁਰੂ ਹੋਣ ’ਚ ਹੁਣ ਜਦਕਿ ਇਕ ਹਫ਼ਤੇ ਤੋਂ ਵੀ ਘੱਟ ਸਮਾਂ ਬਚਿਆ ਹੈ ਤਦ ਸ਼ਨੀਵਾਰ ਨੂੰ ਲਗਭਗ ਦੋ ਦਰਜਨ ਪ੍ਰਦਰਸ਼ਨਕਾਰੀਆਂ ਨੇ ਇਨ੍ਹਾਂ ਖੇਡਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਓਲੰਪਿਕ ਰੱਦ ਕਰਾਉਣ ਦੇ ਨਾਅਰੇ ਲਾ ਰਹੇ ਸਨ ਤੇ ਉਹ ਇਸ ਸਬੰਧ ’ਚ ਕੌਮਾਂਤਰੀ ਓਲੰਪਿਕ ਕੇਟੀ (ਆਈ. ਓ. ਸੀ.) ਦੇ ਪ੍ਰਧਾਨ ਥਾਮਸ ਬਾਕ ਨੂੰ ਇਕ ਪੱਤਰ ਸੌਂਪਣਾ ਚਾਹੁੰਦੇ ਸਨ। ਪ੍ਰਦਰਸ਼ਨਕਾਰੀ ਉੱਥੇ ਜਾਣਾ ਚਾਹੁੰਦੇ ਸਨ ਜਿੱਥੇ ਆਯੋਜਕਾਂ ਦੇ ਕਾਰਜਕਾਰੀ ਬੋਰਡ ਦੀ ਬੈਠਕ ਚਲ ਰਹੀ ਸੀ।
ਪੁਲਸ ਨੇ ਪ੍ਰੋਗਰਾਮ ਸਥਾਨ ਤੋਂ 20 ਮੀਟਰ ਪਹਿਲਾਂ ਪ੍ਰਦਰਸ਼ਨਕਾਰੀਆਂ ਨੂੰ ਰੋਕ ਦਿੱਤਾ। ਇਸ ਵਿਚਾਲੇ ਉਨ੍ਹਾਂ ਦੀ ਪੁਲਸ ਨਾਲ ਹੱਥੋਪਾਈ ਵੀ ਹੋਈ। ਟੋਕੀਓ ਓਲੰੰਪਿਕ ਖੇਡਾਂ ਦਾ ਆਯੋਜਨ ਇਕ ਸਾਲ ਬਾਅਦ ਦਰਸ਼ਕਾਂ ਦੇ ਬਿਨਾ ਹੋਵੇਗਾ। ਵਿਦੇਸ਼ੀ ਦਰਸ਼ਕਾਂ ’ਤੇ ਕਈ ਮਹੀਨੇ ਪਹਿਲਾਂ ਪਾਬੰਦੀ ਲਗ ਗਈ ਸੀ ਜਦਕਿ ਟੋਕੀਓ ਤੇ ਤਿੰਨ ਵੱਡੇ ਸੂਬਿਆਂ ’ਚ ਵੀ ਸਥਾਨਕ ਦਰਸ਼ਕਾਂ ’ਤੇ ਪਾਬੰਦੀ ਲਾਈ ਗਈ ਹੈ।