ਦਰਸ਼ਕਾਂ ਦੀ ਇਜਾਜ਼ਤ ਨਾ ਮਿਲਣ ’ਤੇ ‘ਟੋਕੀਓ 2020’ ਨੇ ਮੰਗੀ ਮੁਆਫ਼ੀ
Friday, Jul 09, 2021 - 07:48 PM (IST)
ਟੋਕੀਓ— ਟੋਕੀਓ ਓਲੰਪਿਕ ਲਈ ਟਿਕਟ ਜਾਰੀ ਕਰਨ ਵਾਲੀ ਕਮੇਟੀ ਦੇ ਸੀਨੀਅਰ ਨਿਰਦੇਸ਼ਕ ਹਿਡੇਨੋਰੀ ਸੁਜੁਕੀ ਨੇ ਸ਼ੁੱਕਰਵਾਰ ਨੂੰ ਟੋਕੀਓ ਤੇ ਉਸ ਦੇ ਤਿੰਨ ਗੁਆਂਢੀ ਸੂਬਿਆਂ ਸੈਤਾਮਾ, ਚਿਬਾ ਤੇ ਕਾਨਾਗਾਵਾ ’ਚ ਖੇਡਾਂ ਦੇ ਦੌਰਾਨ ਕਿਸੇ ਵੀ ਦਰਸ਼ਕ ਦੀ ਇਜਾਜ਼ਤ ਨਹੀਂ ਦੇਣ ਲਈ ਮੁਆਫ਼ੀ ਮੰਗੀ ਹੈ। ਸੁਜ਼ੁਕੀ ਨੇ ਕਿਹਾ ਕਿ ਕਮੇਟੀ ਦਰਸ਼ਕਾਂ ਨੂੰ ਸਟੇਡੀਅਮ ਆਉਣ ਦਾ ਮੌਕਾ ਦੇਣ ਲਈ ਅਣਥਕ ਕੋਸ਼ਿਸ਼ ਜਾਰੀ ਰੱਖੇਗੀ।
ਉਨ੍ਹਾਂ ਕਿਹਾ ਕਿ ਸ਼ਿਜ਼ੁਓਕਾ, ਇਬਾਰਾਕੀ, ਫੁਕੁਸ਼ਿਮਾ ਤੇ ਮਿਆਗੀ ਸੂਬਿਆਂ ’ਚ ਹੋਣ ਵਾਲੇ ਖੇਡ ਆਯੋਜਨ ਨੂੰ ਦਰਸ਼ਕ ਦੇਖ ਸਕਦੇ ਹਨ। ਇੱਥੇ ਪ੍ਰਸ਼ੰਸਕਾਂ ਦੀ ਵੱਧ ਤੋਂ ਵੱਧ ਗਿਣਤੀ 10,000 ਜਾਂ ਸਟੇਡੀਅਮ ਦੇ ਬੈਠਣ ਦੀ ਸਮਰਥਾ ਦੇ 50 ਫ਼ੀਸਦੀ ਤਕ ਸੀਮਿਤ ਹੋਵੇਗੀ। ਉਨ੍ਹਾਂ ਕਿਹਾ ਕਿ ਕਮੇਟੀ ਲਾਟਰੀ ਰਾਹੀਂ ਟਿਕਟਾਂ ਨੂੰ ਜਾਰੀ ਕਰੇਗੀ, ਜਿਸ ਦੇ ਨਤੀਜੇ ਸ਼ਨੀਵਾਰ ਨੂੰ ਐਲਾਨੇ ਜਾਣਗੇ। ਪ੍ਰਧਾਨਮੰਤਰੀ ਯੋਸ਼ੀਹਿਦੇ ਸੁਗਾ ਨੇ ਵੀਰਵਾਰ ਨੂੰ ਕੋਰੋਨਾ ਐਮਰਜੈਂਸੀ ਦਾ ਐਲਾਨ ਕੀਤਾ ਸੀ ਜੋ ਸੋਮਵਾਰ ਤੋਂ ਪ੍ਰਭਾਵੀ ਹੋਵੇਗੀ ਤੇ 22 ਅਗਸਤ ਤਕ ਖ਼ਤਮ ਹੋਵੇਗੀ। ਟੋਕੀਓ ’ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਤੋਂ ਨਜਿੱਠਣ ਲਈ ਲਾਗੂ ਕੀਤੀ ਗਈ ਐਮਰਜੈਂਸੀ ਕਾਰਨ ਇੱਥੇ ਸਟੇਡੀਅਮਾਂ ’ਚ ਦਰਸ਼ਕ ਮੌਜੂਦ ਨਹੀਂ ਰਹਿਣਗੇ।