ਵਿਸ਼ਵ ਕੱਪ ਜਿੱਤਣ ਤੋਂ ਬਾਅਦ ਬੋਲੀ ਸ਼ੈਫਾਲੀ- ''ਇਹ ਅਜੇ ਸਿਰਫ਼ ਸ਼ੁਰੂਆਤ ਹੈ''

01/30/2023 3:32:45 PM

ਪੋਚੇਫਸਟਰੂਮ (ਭਾਸ਼ਾ)- ਅੰਡਰ-19 ਵਿਸ਼ਵ ਕੱਪ ਵਿੱਚ ਖ਼ਿਤਾਬੀ ਜਿੱਤ ਨਾਲ ਉਤਸ਼ਾਹਿਤ ਭਾਰਤ ਦੀ ਚੈਂਪੀਅਨ ਬੱਲੇਬਾਜ਼ ਸ਼ੈਫਾਲੀ ਵਰਮਾ ਲਈ ਇਹ ਸਿਰਫ਼ ਇਕ ਸ਼ੁਰੂਆਤ ਹੈ, ਉਨ੍ਹਾਂ ਦਾ ਇਰਾਦਾ ਦੋ ਹਫ਼ਤਿਆਂ ਬਾਅਦ ਸੀਨੀਅਰ ਟੀਮ ਨਾਲ ਇਸ ਸਫ਼ਲਤਾ ਨੂੰ ਦੁਹਰਾਉਣ ਦਾ ਹੈ। ਮਹਿਲਾ ਟੀ-20 ਵਿਸ਼ਵ ਕੱਪ 10 ਫਰਵਰੀ ਤੋਂ ਦੱਖਣੀ ਅਫਰੀਕਾ 'ਚ ਖੇਡਿਆ ਜਾਣਾ ਹੈ ਅਤੇ ਇੱਥੇ ਹੀ ਭਾਰਤੀ ਅੰਡਰ-19 ਟੀਮ ਨੇ ਸ਼ੈਫਾਲੀ ਦੀ ਕਪਤਾਨੀ 'ਚ ਪਹਿਲਾ ਟੀ-20 ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। 19 ਸਾਲਾ ਸ਼ੈਫਾਲੀ ਵੀ ਭਾਰਤ ਦੀ ਸੀਨੀਅਰ ਟੀਮ ਦਾ ਹਿੱਸਾ ਹੈ ਅਤੇ ਉਹ ਦੂਜੀ ਵਾਰ ਖਿਤਾਬ ਜਿੱਤ ਕੇ ਦੱਖਣੀ ਅਫਰੀਕਾ ਦੌਰੇ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰੇਗੀ।

ਜਿੱਤ ਤੋਂ ਬਾਅਦ ਉਸ ਨੇ ਕਿਹਾ ਕਿ ਜਦੋਂ ਮੈਂ ਇੱਥੇ ਆਈ ਸੀ ਤਾਂ ਫੋਕਸ ਅੰਡਰ-19 ਵਿਸ਼ਵ ਕੱਪ 'ਤੇ ਸੀ ਪਰ ਅਸੀਂ ਇਸ ਨੂੰ ਜਿੱਤ ਚੁੱਕੇ ਹਾਂ। ਹੁਣ ਸਾਰਿਆਂ ਦੀਆਂ ਨਜ਼ਰਾਂ ਸੀਨੀਅਰ ਵਿਸ਼ਵ ਕੱਪ 'ਤੇ ਹਨ। ਮੈਂ ਇਸ ਜਿੱਤ ਨੂੰ ਭੁੱਲਾ ਕੇ ਹੁਣ ਸੀਨੀਅਰ ਵਿਸ਼ਵ ਕੱਪ 'ਤੇ ਧਿਆਨ ਕੇਂਦਰਿਤ ਕਰਾਂਗੀ। ਸ਼ੈਫਾਲੀ ਉਸ ਭਾਰਤੀ ਟੀਮ ਦਾ ਵੀ ਹਿੱਸਾ ਸੀ ਜੋ 2020 ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਆਸਟ੍ਰੇਲੀਆ ਤੋਂ ਹਾਰ ਗਈ ਸੀ। ਉਸ ਨੇ ਕਿਹਾ ਕਿ ਉਸ ਹਾਰ ਦਾ ਦਰਦ ਅਜੇ ਵੀ ਧੁਖ ਰਿਹਾ ਹੈ। ਉਸ ਨੇ ਕਿਹਾ ਕਿ ਮੈਲਬੌਰਨ 'ਚ ਖੇਡਿਆ ਗਿਆ ਫਾਈਨਲ ਮੇਰੇ ਲਈ ਬਹੁਤ ਭਾਵੁਕ ਸੀ। ਅਸੀਂ ਉਹ ਮੈਚ ਨਹੀਂ ਜਿੱਤ ਸਕੇ ਸੀ।

ਸ਼ੈਫਾਲੀ ਨੇ ਕਿਹਾ ਕਿ ਜਦੋਂ ਮੈਂ ਅੰਡਰ-19 ਟੀਮ 'ਚ ਸ਼ਾਮਲ ਹੋਈ ਸੀ, ਤਾਂ ਮੈਂ ਸਿਰਫ਼ ਇਹੀ ਸੋਚਦੀ ਸੀ ਕਿ ਅਸੀਂ ਵਿਸ਼ਵ ਕੱਪ ਜਿੱਤਣਾ ਹੈ। ਮੈਂ ਕੁੜੀਆਂ ਨੂੰ ਕਹਿੰਦੀ ਸੀ ਕਿ ਅਸੀਂ ਜਿੱਤਣਾ ਹੈ ਅਤੇ ਅਸੀਂ ਜਿੱਤੇ ਹਾਂ। ਅਸੀਂ ਵਿਸ਼ਵ ਕੱਪ ਹਾਰਨ ਤੋਂ ਬਾਅਦ ਉਹ ਬਹੁਤ ਰੋਏ ਸੀ ਪਰ ਹੁਣ ਇਹ ਖੁਸ਼ੀ ਦੇ ਹੰਝੂ ਹਨ। ਅਸੀਂ ਜੋ ਜਿੱਤਣ ਆਏ ਸੀ, ਉਹ ਅਸੀਂ ਜਿੱਤਿਆ। ਐਵਾਰਡ ਵੰਡਣ ਸਮੇਂ ਆਪਣੇ ਹੰਝੂਆਂ ‘ਤੇ ਕਾਬੂ ਨਾ ਰੱਖ ਸਕੀ ਸ਼ੈਫਾਲੀ ਨੇ ਕਿਹਾ ਕਿ ਮੈਂ ਹੰਝੂਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਕਰ ਸਕੀ। ਮੈਂ ਚੰਗਾ ਪ੍ਰਦਰਸ਼ਨ ਕਰਨਾ ਜਾਰੀ ਰੱਖਾਂਗੀ ਅਤੇ ਭਾਰਤ ਲਈ ਦੌੜਾਂ ਬਣਾਉਂਦੀ ਰਹਾਂਗੀ। ਪਰ ਇਸ ਵਿਸ਼ਵ ਕੱਪ ਤੋਂ ਹੀ ਸੰਤੁਸ਼ਟੀ ਨਹੀਂ ਹੈ। ਇਹ ਤਾਂ ਅਜੇ ਸ਼ੁਰੂਆਤ ਹੈ।


cherry

Content Editor

Related News