ਸੇਰੇਨਾ ਵਿਲੀਅਮਸ ਬਾਹਰ, ਅਜਾਂਰੇਕਾ ਤੇ ਓਸਾਕਾ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ

09/11/2020 7:59:44 PM

ਨਿਊਯਾਰਕ– ਅਮਰੀਕਾ ਦੀ ਸਟਾਰ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਦਾ 24ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਦਾ ਸੁਪਨਾ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਸਾਬਕਾ ਨੰਬਰ ਇਕ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਹੱਥੋਂ ਹਾਰ ਕੇ ਇਕ ਵਾਰ ਫਿਰ ਟੁੱਟ ਗਿਆ। ਅਜਾਰੇਂਕਾ ਨੇ ਸੇਰੇਨਾ ਨੂੰ 1-6, 6-3, 6-3 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ। ਖਿਤਾਬ ਲਈ ਉਸਦਾ ਮੁਕਾਬਲਾ ਜਾਪਾਨ ਦਾ ਨਾਓਮੀ ਓਸਾਕਾ ਦੇ ਨਾਲ ਹੋਵੇਗਾ, ਜਿਸ ਨੇ ਇਕ ਹੋਰ ਸੈਮੀਫਾਈਨਲ ਵਿਚ ਅਮਰੀਕੀ ਖਿਡਾਰਨ ਜੇਨੀਫਰ ਬ੍ਰਾਡੀ ਨੂੰ ਹਰਾਇਆ। ਇੱਥੇ 6 ਵਾਰ ਦੀ ਚੈਂਪੀਅਨ ਸੇਰੇਨਾ ਨੇ ਇਕ ਘੰਟਾ 55 ਮਿੰਟ ਤਕ ਚੱਲੇ ਇਸ ਮੁਕਾਬਲੇ ਦੇ ਪਹਿਲੇ ਸੈੱਟ ਵਿਚ ਅਜਾਰੇਂਕਾ ਨੂੰ ਪੂਰੀ ਤਰ੍ਹਾਂ ਪਛਾੜ ਦਿੱਤਾ ਸੀ ਤੇ ਪਹਿਲਾ ਸੈੱਟ 6-1 ਨਾਲ ਆਪਣੇ ਨਾਂ ਕੀਤਾ। ਪਹਿਲਾ ਸੈੱਟ ਗੁਆਉਣ ਤੋਂ ਬਾਅਦ ਅਜਾਰੇਂਕਾ ਨੇ ਸ਼ਾਨਦਾਰ ਤਰੀਕੇ ਨਾਲ ਵਾਪਸੀ ਕੀਤੀ ਤੇ ਅਗਲੇ ਦੋਵੇਂ ਸੈੱਟ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਤੀਜਾ ਦਰਜਾ ਪ੍ਰਾਪਤ ਤੇ ਵਿਸ਼ਵ ਦੀ 8ਵੇਂ ਨੰਬਰ ਦੀ ਖਿਡਾਰਨ ਸੇਰੇਨਾ ਤੇ ਅਜਾਰੇਂਕਾ ਵਿਚਾਲੇ ਇਹ 23ਵਾਂ ਮੁਕਾਬਲਾ ਸੀ, ਜਿਸ ਵਿਚ 5ਵੀਂ ਵਾਰ ਅਜਾਰੇਂਕਾ ਨੇ ਜਿੱਤ ਦਰਜ ਕੀਤੀ। ਅਜਾਰੇਂਕਾ ਨੇ ਇਸ ਜਿੱਤ ਦੇ ਨਾਲ ਹੀ ਸੇਰੇਨਾ ਤੋਂ 2012 ਵਿਚ ਯੂ. ਐੱਸ. ਓਪਨ ਦੇ ਫਾਈਨਲ ਵਿਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਅਜਾਰੇਂਕਾ ਨੂੰ ਸੇਰੇਨਾ ਹੱਥੋਂ 2012 ਯੂ. ਐੱਸ. ਓਪਨ ਦੇ ਫਾਈਨਲ ਵਿਚ 2-6, 6-2, 5-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਾਰੇਂਕਾ ਨੇ ਇਸ ਮੈਚ ਵਿਚ 24 ਵਿਨਰਸ ਲਾਏ ਜਦਕਿ ਸੇਰੇਨਾ ਨੇ 35 ਵਿਨਰਸ ਲਾਏ। ਅਜਾਰੇਂਕਾ ਨੇ 17 ਤੇ ਸੇਰੇਨਾ ਨੇ 28 ਬੇਜਾਂ ਭੂਲਾਂ ਕੀਤੀਆਂ। ਸੇਰੇਨਾ ਆਪਣੇ ਰਿਕਾਰਡ 24ਵੇਂ ਗ੍ਰੈਂਡ ਸਲੈਮ ਤੋਂ ਸਿਰਫ ਇਕ ਕਦਮ ਦੂਰ ਸੀ ਪਰ ਅਜਾਰੇਂਕਾ ਨੇ ਉਸਦਾ ਸੁਪਨਾ ਤੋੜ ਦਿੱਤਾ। ਸੇਰੇਨਾ ਵਿਰੁੱਧ ਜਿੱਤ ਹਾਸਲ ਕਰਨ ਤੋਂ ਬਾਅਦ ਅਜਾਰੇਂਕਾ ਨੇ ਕਿਹਾ,''ਇਕ ਚੈਂਪੀਅਨ ਵਿਰੁੱਧ ਸੈਮੀਫਾਈਨਲ ਮੁਕਾਬਲਾ ਖੇਡਣ ਨੂੰ ਮੈਂ ਵੱਡਾ ਮੌਕਾ ਮੰਨਦੀ ਹਾਂ। ਫਾਈਨਲ ਵਿਚ ਪਹੁੰਚਣ ਲਈ ਮੈਨੂੰ ਸਰਵਸ੍ਰੇਸ਼ਠ ਖਿਡਾਰਨ ਨੂੰ ਹਰਾਉਣਾ ਸੀ ਤੇ ਮੈਂ ਅਜਿਹਾ ਕੀਤਾ।'' ਅਜਾਰੇਂਕਾ ਨੇ ਕਿਹਾ, ''ਉਮੀਦ ਕਰਦੀ ਹਾਂ ਕਿ ਇਸ ਨਾਲ ਮਹਿਲਾਵਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਪ੍ਰੇਰਣਾ ਮਿਲੇਗੀ। ਮੇਰਾ ਮੰਨਣਾ ਹੈ ਕਿ ਤੁਸੀਂ ਸਿਰਫ ਇਕ ਪਛਾਣ ਨਾਲ ਹੀ ਅੱਗੇ ਨਹੀਂ ਵੱਧ ਸਕਦੇ ਕਿਉਂਕਿ ਸਾਡੀ ਜ਼ਿੰਦਗੀ ਵਿਚ ਕਈ ਚੀਜ਼ਾਂ ਹੁੰਦੀਆਂ ਹਨ। ਮਾਤਾ-ਪਿਤਾ ਮੇਰੀ ਜ਼ਿੰਦਗੀ ਦੀ ਸਭ ਤੋਂ ਮਹੱਤਵਪੂਰਨ ਚੀਜ਼ ਹੈ ਪਰ ਮੈਂ ਇਕ ਟੈਨਿਸ ਖਿਡਾਰਨ ਵੀ ਹਾਂ।'' ਉਸ ਨੇ ਕਿਹਾ,''ਮੈਂ ਆਪਣੇ ਬੱਚੇ ਨੂੰ ਉਤਸ਼ਾਹਿਤ ਕਰਨ ਲਈ ਨਿੱਜੀ ਸੁਪਨੇ ਪੂਰਾ ਕਰਨਾ ਚਾਹੁੰਦੀ ਹਾਂ। ਮੈਂ ਉਮੀਦ ਕਰਦੀ ਹਾਂ ਕਿ ਦੁਨੀਆ ਭਰ ਵਿਚ ਮਹਿਲਾ ਜਾਣਦੀਆਂ ਹਨ ਕਿ ਉਹ ਜੋ ਚਾਹੁਣ ਕਰ ਸਕਦੀਆਂ ਹਨ। ਮਾਂ ਬਣਨਾ ਸਭ ਤੋਂ ਮੁਸ਼ਕਿਲ ਕੰਮ ਹੈ, ਜਦੋਂ ਤੁਸੀਂ ਇਸ ਨੂੰ ਸੰਤੁਲਿਤ ਕਰ ਲੈਂਦੇ ਹੋ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ।''
ਇਕ ਹੋਰ ਸੈਮੀਫਾਈਨਲ ਮੁਕਾਬਲੇ ਵਿਚ ਦੋ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਓਸਾਕਾ ਦਾ ਅਮਰੀਕੀ ਖਿਡਾਰਨ ਜੇਨੀਫਰ ਬ੍ਰਾਡੀ ਨਾਲ ਮੁਕਾਬਲਾ ਹੋਇਆ, ਜਿਸ ਨੂੰ ਉਸ ਨੇ ਦੋ ਘੰਟੇ ਤਕ ਚੱਲੇ ਮੁਕਾਬਲੇ ਵਿਚ 7-6, 3-6, 6-3 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸ ਜਿੱਤ ਦੇ ਨਾਲ ਹੀ ਓਸਾਕਾ ਨੇ ਆਪਣਾ ਲਗਾਤਾਰ 10ਵਾਂ ਮੈਚ ਜਿੱਤ ਲਿਆ। ਯੂ. ਐੱਸ. ਓਪਨ ਤੋਂ ਪਹਿਲਾਂ ਓਸਾਕਾ ਵੈਸਟਰਨ ਦੇ ਸਦਰਨ ਓਪਨ ਦੇ ਫਾਈਨਲ ਵਿਚ ਪਹੁੰਚੀ ਸੀ ਪਰ ਸੱਟ ਕਾਰਣ ਉਸ ਨੇ ਆਪਣਾ ਨਾਂ ਵਾਪਸ ਲੈ ਲਿਆ ਸੀ। ਓਸਾਕਾ ਦੀਆਂ ਨਜ਼ਰਾਂ ਹੁਣ ਆਪਣਾ ਤੀਜਾ ਗ੍ਰੈਂਡ ਸਲੈਮ ਜਿੱਤਣ 'ਤੇ ਹੋਣਗੀਆਂ। ਓਸਾਕਾ 2018 ਵਿਚ ਯੂ. ਐੱਸ. ਓਪਨ ਦੀ ਜੇਤੂ ਰਹੀ ਸੀ ਤੇ ਉਹ ਇਕ ਵਾਰ ਫਿਰ ਇਹ ਕਾਰਨਾਮਾ ਦੁਹਰਾਉਣਾ ਚਾਹੇਗੀ। ਬ੍ਰਾਡੀ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪਹੁੰਚੀ ਸੀ ਪਰ ਉਹ ਇਸ ਮੌਕੇ ਦਾ ਫਾਇਦਾ ਚੁੱਕਣ ਵਿਚ ਅਸਫਲ ਰਹੀ। ਓਸਾਕਾ ਨੇ ਕਿਹਾ,''ਕਈ ਵਾਰ ਮੈਂ ਸੋਚਦੀ ਹਾਂ ਕਿ ਮੇਰੇ ਕੋਲ ਔਖੇ ਹੋ ਕੇ ਖੇਡਣ ਤੋਂ ਸਿਵਾਏ ਕੋਈ ਬਦਲ ਨਹੀਂ ਹੈ। ਇਮਾਨਦਾਰੀ ਨਾਲ ਕਹਾਂ ਤਾਂ ਮੈਚ ਵਿਚ ਮਜ਼ਾ ਆਇਆ ਕਿਉਂਕਿ ਟੂਰਨਾਮੈਂਟ ਦੇ ਅੰਤ ਵਿਚ ਮੈਨੂੰ ਬਿਹਤਰੀਨ ਵਿਰੋਧੀ ਮਿਲੀ। ਮੈਂ ਕਹਿ ਸਕਦੀ ਹਾਂ ਕਿ ਇਸ ਵਾਰ ਮੇਰੀ ਮਾਨਸਿਕਤਾ ਥੋੜ੍ਹੀ ਵੱਖਰੀ ਹੈ। ਮੈਨੂੰ ਲੱਗਦਾ ਹੈ ਮੈਂ ਕਰੀਅਰ ਵਿਚ ਉਤਾਰ-ਚੜਾਅ ਤੋਂ ਕਾਫੀ ਕੁਝ ਸਿੱਖਿਅਾ ਹੈ। ਇਸ ਵਿਚ ਫਾਈਨਲ ਮੁਕਾਬਲੇ ਸ਼ਾਮਲ ਨਹੀਂ ਹਨ, ਮੈਂ ਸਿਰਫ ਨਿਯਮਤ ਟੂਰ ਟੂਰਨਾਮੈਂਟ ਦੀ ਗੱਲ ਕਰ ਰਹੀ ਹਾਂ। ਮਾਨਸਿਕ ਤੌਰ ’ਤੇ ਮੈਂ ਮਜ਼ਬੂਤ ਹਾਂ ਤੇ ਫਿੱਟ ਮਹਿਸੂਸ ਕਰ ਰਹੀ ਹਾਂ। ਫਾਈਨਲ ਮੁਕਾਬਲਾ ਮਜ਼ੇਦਾਰ ਹੋਵੇਗਾ।’’


Gurdeep Singh

Content Editor

Related News