ਟ੍ਰੈਵਿਸ ਹੈੱਡ ਨੇ ਜੜਿਆ ਏਸ਼ੇਜ਼ ਦਾ ਤੀਜਾ ਸਭ ਤੋਂ ਤੇਜ਼ ਸੈਂਕੜਾ, ਪਹਿਲੇ ਤੇ ਦੂਜੇ ਸਥਾਨ ''ਤੇ ਹਨ ਇਹ ਖਿਡਾਰੀ
Thursday, Dec 09, 2021 - 05:51 PM (IST)
ਬ੍ਰਿਸਬੇਨ- ਆਸਟਰੇਲੀਆ ਦੇ ਮੱਧ ਕ੍ਰਮ ਦੇ ਬੱਲੇਬਾਜ਼ ਟ੍ਰੈਵਿਸ ਹੈੱਡ ਨੇ ਇੰਗਲੈਂਡ ਦੇ ਖ਼ਿਲਾਫ਼ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਵੀਰਵਾਰ ਨੂੰ ਇੱਥੇ ਸਿਰਫ਼ 85 ਗੇਂਦਾਂ 'ਤੇ ਆਪਣਾ ਸੈਂਕੜਾ ਪੂਰਾ ਕੀਤਾ ਤੇ ਏਸ਼ੇਜ਼ ਦੇ 139 ਸਾਲਾਂ ਦੇ ਇਤਿਹਾਸ 'ਚ ਤੀਜਾ ਸਭ ਤੋਂ ਤੇਜ਼ ਸੈਂਕੜਾ ਜੜਿਆ ਹੈ।
ਹੈੱਡ ਨੇ ਕ੍ਰਿਸ ਵੋਕਸ ਦੀ ਗੇਂਦ 'ਤੇ ਆਪਣੀ ਪਾਰੀ ਦਾ 12ਵਾਂ ਚੌਕਾ ਲਗਾ ਕੇ ਟੈਸਟ ਕ੍ਰਿਕਟ 'ਚ ਆਪਣਾ ਤੀਜਾ ਤੇ ਏਸ਼ੇਜ਼ ਦਾ ਪਹਿਲਾ ਸੈਂਕੜਾ ਪੂਰਾ ਕੀਤਾ। ਉਨ੍ਹਾਂ ਦੇ ਸੈਂਕੜੇ 'ਚ 12 ਚੌਕੇ ਤੋਂ ਦੋ ਛੱਕੇ ਵੀ ਸ਼ਾਮਲ ਹਨ। ਏਸ਼ੇਜ਼ 'ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਆਸਟਰੇਲੀਆ ਦੇ ਹੀ ਐਡਮ ਗਿਲਕ੍ਰਿਸਟ ਦੇ ਨਾਂ ਦਰਜ ਹੈ ਜਿਨ੍ਹਾਂ ਨੇ 2006 'ਚ ਪਰਥ 'ਚ ਸਿਰਫ਼ 57 ਗੇਂਦਾਂ 'ਤੇ ਸੈਂਕੜਾ ਪੂਰਾ ਕਰ ਦਿੱਤਾ ਸੀ। ਇਹ ਆਸਟਰੇਲੀਆ ਵਲੋਂ ਸਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਵੀ ਹੈ।
ਏਸ਼ੇਜ਼ 'ਚ ਗਿਲਕ੍ਰਿਸਟ ਦੇ ਬਾਅਦ ਇੰਗਲੈਂਡ ਦੇ ਗਿਲਬਰਟ ਜੈਸਪ ਦਾ ਨੰਬਰ ਆਉਂਦਾ ਹੈ ਜਿਨ੍ਹਾਂ ਨੇ 1902 'ਚ ਓਵਲ 'ਚ 76 ਗੇਂਦਾਂ 'ਤੇ ਸੈਂਕੜਾ ਲਗਾ ਕੇ ਆਪਣੀ ਟੀਮ ਨੂੰ ਇਕ ਵਿਕਟ ਨਾਲ ਰੋਮਾਂਚਕ ਜਿੱਤ ਦਿਵਾਈ ਸੀ। ਹੈੱਡ ਹੁਣ ਇਸ ਸੂਚੀ 'ਚ ਤੀਜੇ ਨੰਬਰ 'ਤੇ ਕਾਬਜ ਹੋ ਗਏ ਹਨ ਜਿਸ 'ਚ ਅਗਲਾ ਨਾਂ ਈਆਨ ਬਾਥਮ ਦਾ ਦਰਜ ਹੈ। ਬਾਥਮ ਨੇ 1981 'ਚ ਮੈਨਚੈਸਟਰ 'ਚ 86 ਗੇਂਦਾਂ 'ਤੇ ਸੈਂਕੜਾ ਜੜਿਆ ਸੀ।
ਏਸ਼ੇਜ਼ 'ਚ ਸਭ ਤੋਂ ਤੇਜ਼ ਸੈਂਕੜੇ
ਐਡਮ ਗਿਲਕ੍ਰਿਸਟ (ਆਸਟਰੇਲੀਆ)- 57 ਗੇਂਦਾਂ 'ਚ ਸੈਂਕੜਾ, 2006 'ਚ ਪਰਥ 'ਚ।
ਗਿਲਬਰਟ ਜੈਸਪ (ਇੰਗਲੈਂਡ)- 76 ਗੇਂਦਾਂ 'ਤੇ ਸੈਂਕੜਾ, 1902 'ਚ ਓਵਲ 'ਚ।
ਟ੍ਰੈਵਿਸ ਹੈੱਡ (ਆਸਟਰੇਲੀਆ)- 85 ਗੇਂਦਾਂ 'ਚ ਸੈਂਕੜਾ, 9 ਦਸੰਬਰ 2021 'ਚ ਗਾਬਾ 'ਚ
ਈਆਨ ਬਾਥਮ (ਇੰਗਲੈਂਡ)- 86 ਗੇਂਦਾਂ 'ਤੇ ਸੈਂਕੜਾ, 1981 'ਚ ਮੈਨਚੈਸਟਰ 'ਚ।