ਚੋਟੀ ਦੇ ਪਹਿਲਵਾਨਾਂ ਦੇ ਕੌਮਾਂਤਰੀ ਪ੍ਰਤੀਯੋਗਿਤਾ ’ਚ ਹਿੱਸਾ ਨਾ ਲੈਣ ਤੋਂ ਖੇਡ ਮੰਤਰਾਲਾ ਨਾਰਾਜ਼
Saturday, Feb 25, 2023 - 02:53 PM (IST)
ਨਵੀਂ ਦਿੱਲੀ (ਭਾਸ਼ਾ)– ਖੇਡ ਮੰਤਰਾਲਾ ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਦੇ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੱਫ. ਆਈ.) ਤੇ ਇਸਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਨਾਲ ਚੱਲ ਰਹੇ ਉਸਦੇ ਮਾਮਲੇ ਕਾਰਨ ਕੌਮਾਂਤਰੀ ਟੂਰਨਾਮੈਂਟ ਵਿਚ ਹਿੱਸਾ ਨਾ ਲੈਣ ਤੋਂ ਨਾਰਾਜ਼ ਹੈ।
ਵਿਨੇਸ਼ ਫੋਗਟ, ਬਜਰੰਗ ਪੂਨੀਆ, ਰਵੀ ਦਹੀਆ ਦੀਪਕ ਪੂਨੀਆ, ਅੰਸ਼ੂ ਮਲਿਕ ਤੇ ਸੰਗੀਤਾ ਮੋਰ ਸਮੇਤ ਚੋਟੀ ਦੀ ਪਹਿਲਵਾਨਾਂ ਨੇ ਜਗਰੇਬ ਤੇ ਅਲੈਕਸਜਾਂਦ੍ਰਿਆ ਵਿਚ ਯੂ. ਡਬਲਯੂ. ਡਬਲਯੂ. ਰੈਂਕਿੰਗ ਸੀਰੀਜ਼ ਟੂਰਨਾਮੈਂਟ ਵਿਚ ਹਿੱਸਾ ਨਹੀਂ ਲਿਆ ਕਿਉਂਕਿ ਇਕ ਜਾਂਚ ਪੈਨਲ ਡਬਲਯੂ. ਐੱਫ. ਆਈ. ਮੁਖੀ ਵਿਰੁੱਧ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ। ਬ੍ਰਿਜ ਭੂਸ਼ਣ ਲੰਬਿਤ ਜਾਂਚ ਦੇ ਕਾਰਨ ਆਪਣੇ ਅਹੁਦੇ ਤੋਂ ਵੱਖਰਾ ਹੋ ਗਿਆ ਹੈ। ਪਹਿਲਵਾਨਾਂ ਦੇ ਇਸ ਕਦਮ ਤੋਂ ਸਰਕਾਰ ਨਾਰਾਜ਼ ਹੈ, ਜਿਹੜੀ ਪਹਿਲਵਾਨਾਂ ਨੂੰ ਤਿਆਰੀਆਂ ਤੇ ਟ੍ਰੇਨਿੰਗ ਲਈ ‘ਟਾਰਗੈੱਟ ਓਲੰਪਿਕਸ ਪੋਡੀਅਮ ਸਕੀਮ’ (ਟਾਪਸ) ਦੇ ਤਹਿਤ ਵਿੱਤੀ ਸਹਾਇਤਾ ਮੁਹੱਈਆ ਕਰਵਾਉਂਦੀ ਹੈ।