ਨੀਲਾਮੀ ’ਚ 2011 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਦਸਤਖਤਾਂ ਵਾਲਾ ਬੱਲਾ ਲੱਖਾਂ ਰੁਪਏ ’ਚ ਵਿਕਿਆ
Saturday, Dec 25, 2021 - 11:38 PM (IST)
ਨਵੀਂ ਦਿੱਲੀ (ਭਾਸ਼ਾ)-ਭਾਰਤ ਦੀ 2011 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਦਸਤਖਤਾਂ ਵਾਲਾ ਇਕ ਬੱਲਾ ਦੁਬਈ ’ਚ ਹੋਈ ਨੀਲਾਮੀ ਦੌਰਾਨ 25,000 ਡਾਲਰ (1884875 ਰੁਪਏ) ’ਚ ਵਿਕਿਆ, ਜਦਕਿ ਡੇਵਿਡ ਵਾਰਨਰ ਦੀ 2016 ਦੀ ਆਈ. ਪੀ. ਐੱਲ. ਜੇਤੂ ਸਨਰਾਈਜ਼ਰਜ਼ ਹੈਦਰਾਬਾਦ ਦੀ ਜਰਸੀ ਲਈ 30,000 ਡਾਲਰ ਦੀ ਬੋਲੀ ਲਗਾਈ ਗਈ। ਕ੍ਰਿਕਫਲਿੱਕਸ ਵੱਲੋਂ ਕਰਵਾਈ ਗਈ ਇਸ ਨੀਲਾਮੀ ’ਚ ਜਿਥੇ ਵਾਰਨਰ ਦੀ ਜਰਸੀ ਲਈ ਸਭ ਤੋਂ ਵੱਧ ਬੋਲੀ ਲਗਾਈ ਗਈ ਤਾਂ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਵੱਲੋਂ ਦਸਤਖਤ ਕੀਤੇ ਬੱਲੇ ਦੇ ਡਿਜੀਟਲ ਅਧਿਕਾਰਾਂ ’ਚ ਵੀ ਲੋਕਾਂ ਨੇ ਦਿਲਚਸਪੀ ਦਿਖਾਈ। ਧੋਨੀ ਦੀ ਅਗਵਾਈ ’ਚ ਭਾਰਤ ਨੇ 28 ਸਾਲ ਬਾਅਦ 2011 'ਚ ਵਨਡੇ ਵਿਸ਼ਵ ਕੱਪ ਜਿੱਤਿਆ ਸੀ। ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ 200ਵੇਂ ਟੈਸਟ ਮੈਚ ਦੇ ਸੰਗ੍ਰਹਿ ਦਾ ਡਿਜੀਟਲ ਅਧਿਕਾਰ ਮੁੰਬਈ ਦੇ ਰਹਿਣ ਵਾਲੇ ਅਮਲ ਖਾਨ ਨੇ 40,000 ਅਮਰੀਕੀ ਡਾਲਰ (ਲੱਗਭਗ 30,01,410 ਰੁਪਏ) ’ਚ ਹਾਸਲ ਕੀਤਾ। ਇਸ ਸੰਗ੍ਰਹਿ ’ਚ ਦਸਤਖਤ ਵਾਲੀਆਂ ਮੈਚ ਜਰਸੀ, ਵਿਸ਼ੇਸ਼ ਯਾਦਗਾਰੀ ਕਵਰ ਅਤੇ ਦਸਤਖਤ ਵਾਲੀਆਂ ਮੈਚ ਟਿਕਟਾਂ ਸ਼ਾਮਲ ਸਨ।
ਭਾਰਤ ਦੀ 1983 ਵਿਸ਼ਵ ਕੱਪ ਜੇਤੂ ਟੀਮ ਲਈ ਲਤਾ ਮੰਗੇਸ਼ਕਰ ਦੇ ਸੰਗੀਤ ਸਮਾਰੋਹ ਦੀ ਇਕ ਰਿਕਾਰਡਿੰਗ ਨੂੰ 21,000 ਡਾਲਰ (15,75,740 ਰੁਪਏ) ’ਚ ਖਰੀਦਿਆ ਗਿਆ, ਜਦਕਿ 1952 ’ਚ ਭਾਰਤ ਦੇ ਪਾਕਿਸਤਾਨ ਦੇ ਪਹਿਲੇ ਦੌਰੇ ਤੋਂ ਬਾਲਾ ਸਾਹਿਬ ਠਾਕਰੇ ਦੇ ਕਾਰਟੂਨ ਅਤੇ ਆਟੋਗ੍ਰਾਫ 15,200 ਡਾਲਰ (15,200) ’ਚ ਖਰੀਦੇ ਗਏ। ਭਾਰਤ ਦੇ ਪਹਿਲੇ ਟੈਸਟ ਕਪਤਾਨ ਸੀ. ਕੇ. ਨਾਇਡੂ ਦੇ ਸੰਗ੍ਰਹਿ ਦੇ ਡਿਜੀਟਲ ਅਧਿਕਾਰ, ਜਿਸ ’ਚ ਉਨ੍ਹਾਂ ਦੀ ਅਸਲ ਬੈਂਕ ਪਾਸ ਬੁੱਕ ਅਤੇ ਪਾਸਪੋਰਟ ਸ਼ਾਮਲ ਸਨ, ਨੂੰ ਕ੍ਰਮਵਾਰ 7,500 ਡਾਲਰ (5,62,725 ਰੁਪਏ) ਅਤੇ 980 ਡਾਲਰ (73,529 ਰੁਪਏ) ’ਚ ਵੇਚਿਆ ਗਿਆ। ਭਾਰਤੀ ਮਹਿਲਾ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੀ 2017 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹਿਨੀ ਗਈ ਜਰਸੀ ਦੀ ਕੀਮਤ 10,000 ਡਾਲਰ (7,50,300 ਰੁਪਏ) ਲਗਾਈ ਗਈ।