ਵਿੰਡੀਜ਼ ਕਪਤਾਨ ਹੋਲਡਰ ਦਾ ਵਾਅਦਾ, ਸੈਂਕੜਾਧਾਰੀ ਪੂਰਨ ਦਾ ਪੂਰਾ ਰੱਖਾਂਗੇ ਧਿਆਨ
Tuesday, Jul 02, 2019 - 07:03 PM (IST)

ਚੇਸਟਰ ਲੀ ਸਟ੍ਰੀਟ— ਵੈਸਟਇੰਡੀਜ਼ ਦੇ ਕਪਤਾਨ ਜੈਸਨ ਹੋਲਡਰ ਨੇ ਵਾਅਦਾ ਕੀਤਾ ਹੈ ਕਿ ਨੌਜਵਾਨ ਬੱਲੇਬਾਜ਼ ਨਿਕੋਲਸ ਪੂਰਨ ਦਾ ਪੂਰਾ ਧਿਆਨ ਰੱਖਿਆ ਜਾਵੇਗਾ, ਜਿਸ ਦੇ ਸੈਂਕੜੇ ਨਾਲ ਕੈਰੇਬੀਆਈ ਟੀਮ ਵਿਸ਼ਵ ਕੱਪ ਵਿਚ ਸ਼੍ਰੀਲੰਕਾ ਵਿਰੁੱਧ ਰੋਮਾਂਚਕ ਜਿੱਤ ਦਰਜ ਕਰਨ ਦੇ ਨੇੜੇ ਪਹੁੰਚ ਗਈ ਸੀ।
ਸ਼੍ਰੀਲੰਕਾ ਨੇ ਅਵਿਸ਼ਕਾ ਫਰਨਾਂਡੋ (104) ਦੇ ਸੈਂਕੜੇ ਦੀ ਮਦਦ ਨਾਲ 6 ਵਿਕਟਾਂ 'ਤੇ 338 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਪੂਰਨ (118) ਤੇ ਫੈਬਿਆਨ ਐਲਨ (51) ਦੀਆਂ ਪਾਰੀਆਂ ਨਾਲ ਵੈਸਟਇੰਡੀਜ਼ ਜਿੱਤ ਦੇ ਨੇੜੇ ਪਹੁੰਚ ਗਿਆ ਸੀ ਪਰ ਆਖਿਰ ਵਿਚ ਉਸ ਨੂੰ 23 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਪਾਕਿਸਤਾਨ ਵਿਰੁੱਧ ਪ੍ਰਭਾਵਸ਼ਾਲੀ ਜਿੱਤ ਨਾਲ ਸ਼ੁਰੂਆਤ ਕਰਨ ਵਾਲੀ ਵੈਸਟਇੰਡੀਜ਼ ਦੀ ਇਹ ਲਗਾਤਾਰ 7ਵੀਂ ਹਾਰ ਹੈ ਪਰ 23 ਸਾਲਾ ਪੂਰਨ ਦੇ ਸੈਂਕੜੇ ਨਾਲ ਹੋਲਡਰ ਥੋੜ੍ਹਾ ਸਹਿਜ ਮਹਿਸੂਸ ਕਰ ਰਿਹਾ ਹੈ। ਹੋਲਡਰ ਨੇ ਕਿਹਾ, ''ਨਿਕੋਲਸ ਨੇ ਬੇਜੋੜ ਪਾਰੀ ਖੇਡੀ। ਉਸ ਨੇ ਆਸਾਨੀ ਨਾਲ ਦੌੜਾਂ ਬਣਾਈਆਂ। ਉਸ ਨੇ ਉਸੇ ਤਰ੍ਹਾਂ ਦੀ ਪਾਰੀ ਖੇਡੀ, ਜਿਸ ਤਰ੍ਹਾਂ ਦੀ ਅਸੀਂ ਉਸ ਤੋਂ ਚਾਹੁੰਦੇ ਸੀ। ਅਸੀਂ ਚਾਹੁੰਦੇ ਹਾਂ ਕਿ ਉਹ ਬਿਹਤਰ ਖਿਡਾਰੀ ਬਣੇ ਅਤੇ ਆਪਣੀ ਖੇਡ ਵਿਚ ਹੋਰ ਸੁਧਾਰ ਕਰਦਾ ਰਹੇ।''