ਏਸ਼ਜ਼ ਸੀਰੀਜ਼ : ਐਂਡਰਸਨ ਤੇ ਕੰਗਾਰੂ ਕਪਤਾਨ ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ
Saturday, Dec 02, 2017 - 11:33 AM (IST)

ਐਡੀਲੇਡ (ਬਿਊਰੋ)— ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਅੱਜ ਇਥੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦੇ ਬਿਆਨ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ ਕ੍ਰਿਕਟ ਦੇ ਸਭ ਤੋਂ ਵੱਡੇ ਤਾਅਨੇ-ਮਿਹਣੇ ਮਾਰਨ ਵਾਲਿਆਂ 'ਚੋਂ ਇਕ ਹੈ। ਐਂਡਰਸਨ ਨੇ ਇਥੇ ਇਕ ਅਖਬਾਰ ਦੇ ਕਾਲਮ 'ਚ ਆਸਟਰੇਲੀਆਈ ਖਿਡਾਰੀਆਂ ਨੂੰ 'ਬਦਮਾਸ਼' ਕਰਾਰ ਦਿੰਦਿਆਂ ਜਾਨੀ ਬੇਅਰਸਟ੍ਰਾ ਵਿਵਾਦ ਨੂੰ ਵਧਾ-ਚੜ੍ਹਾਅ ਕੇ ਪੇਸ਼ ਕਰਨ ਦਾ ਦੋਸ਼ ਲਾਇਆ।
ਵਿਕਟਕੀਪਰ ਬੇਅਰਸਟ੍ਰਾ ਲੜੀ ਦੇ ਪਹਿਲੇ ਟੈਸਟ ਮੈਚ ਦੌਰਾਨ ਆਸਟਰੇਲੀਆਈ ਬੱਲੇਬਾਜ਼ ਕੈਮਰਨ ਬੇਨਕ੍ਰਾਫਟ ਨਾਲ ਭਿੜ ਗਿਆ ਸੀ। ਇਸ ਮੈਚ ਨੂੰ ਆਸਟੇਰਲੀਆ ਨੇ 10 ਵਿਕਟਾਂ ਨਾਲ ਜਿੱਤ ਕੇ ਲੜੀ 'ਚ 1-0 ਦੀ ਬੜ੍ਹਤ ਬਣਾਈ ਸੀ।
ਸਮਿਥ ਤੋਂ ਜਦੋਂ ਐਂਡਰਸਨ ਦੇ ਬਿਆਨ 'ਤੇ ਪ੍ਰਤੀਕਿਰਿਆ ਦੇਣ ਨੂੰ ਕਿਹਾ ਤਾਂ ਉਸ ਨੇ ਇਸ ਤੋਂ ਇਨਕਾਰ ਕੀਤਾ ਕਿ ਬੇਅਰਸਟ੍ਰਾ ਘਟਨਾ ਦਾ ਉਸ ਨੇ ਮਜ਼ਾਕ ਬਣਾਇਆ ਸੀ।''
ਸਮਿਥ ਨੇ ਕਿਹਾ, ''ਮੈਂ ਉਸ ਦਾ ਲੇਖ ਪੜ੍ਹਿਆ ਹੈ। ਮੈਨੂੰ ਲੱਗਦਾ ਹੈ ਕਿ ਜਿਮੀ (ਐਂਡਰਸਨ) ਦਾ ਸਾਨੂੰ ਬਦਮਾਸ਼ ਤੇ ਵੱਡਾ ਸਲੇਜ਼ਰ ਕਹਿਣਾ ਕਾਫੀ ਰੋਮਾਂਚਕ ਹੈ। ਜੇਕਰ ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਲੱਗਦਾ ਹੈ ਕਿ ਉਹ ਕ੍ਰਿਕਟ ਦੇ ਮੈਦਾਨ 'ਚ ਸਭ ਤੋਂ ਵੱਡੇ ਸਲੇਜ਼ਰਾਂ ਵਿਚੋਂ ਇਕ ਹੈ।''