ਚਾਈਨਾ ਡੋਰ ਵਿਰੁੱਧ ਪਿੰਡਾਂ ਦਾ ਐਲਾਨ-ਏ-ਜੰਗ! ਪੰਚਾਇਤਾਂ ਵੱਲੋਂ ਮਤੇ ਪਾਸ, ਸਮਾਜਿਕ ਬਾਈਕਾਟ ਦਾ ਫ਼ੈਸਲਾ
Tuesday, Jan 27, 2026 - 08:44 PM (IST)
ਹਲਵਾਰਾ (ਲਾਡੀ): ਚਾਈਨਾ ਡੋਰ ਨਾਲ ਹੋ ਰਹੀਆਂ ਮੌਤਾਂ ਨੇ ਪੂਰੇ ਇਲਾਕੇ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਲੁਧਿਆਣਾ 'ਚ 15 ਸਾਲਾ ਤਰਨਜੋਤ ਸਿੰਘ ਤੇ ਹਲਵਾਰਾ ਦੇ ਲਾਗਲੇ ਪਿੰਡ ਨਵੀਂ ਅਬਾਦੀ ਅਕਾਲਗੜ੍ਹ ਦੀ ਵਿਆਹੁਤਾ ਔਰਤ ਸਰਬਜੀਤ ਕੌਰ ਦੀ ਦਰਦਨਾਕ ਮੌਤ ਤੋਂ ਬਾਅਦ ਹੁਣ ਸਿਰਫ਼ ਪੁਲਸ ਪ੍ਰਸ਼ਾਸਨ ਹੀ ਨਹੀਂ, ਸਗੋਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਮ ਲੋਕ ਵੀ ਸਖ਼ਤ ਮੈਦਾਨ ਵਿੱਚ ਆ ਗਏ ਹਨ।
ਇਤਿਹਾਸਕ ਪਿੰਡ ਸੁਧਾਰ, ਜਿਸਨੂੰ ਛੇਵੀਂ ਪਾਤਸ਼ਾਹੀ ਛੋਹ ਪ੍ਰਾਪਤ ਹੈ, ਦੀ ਪੰਚਾਇਤ ਵੱਲੋਂ ਪਤੰਗ ਉਡਾਉਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਸਦੇ ਨਾਲ ਹੀ ਮ੍ਰਿਤਕਾ ਸਰਬਜੀਤ ਕੌਰ ਦੇ ਸਹੁਰੇ ਪਿੰਡ ਅਕਾਲਗੜ੍ਹ ਦੀ ਪੰਚਾਇਤ ਨੇ ਚਾਈਨਾ ਧਾਗਾ ਵੇਚਣ ਅਤੇ ਵਰਤਣ ਵਾਲਿਆਂ ਦੇ ਵਿਰੁੱਧ ਸਖ਼ਤ ਮਤਾ ਪਾਸ ਕਰਦਿਆਂ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਪੰਚਾਇਤ ਨੇ ਮੰਗ ਕੀਤੀ ਹੈ ਕਿ ਅਜਿਹੇ ਲੋਕਾਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਵੀਂ ਆਬਾਦੀ ਅਕਾਲਗੜ੍ਹ ਦੀ ਪੰਚਾਇਤ ਨੇ ਵੀ ਐਮਰਜੈਂਸੀ ਮੀਟਿੰਗ ਬੁਲਾ ਕੇ ਇਸ ਮੁੱਦੇ ‘ਤੇ ਸਖ਼ਤ ਫ਼ੈਸਲੇ ਲੈਣ ਦਾ ਸੰਕੇਤ ਦਿੱਤਾ ਹੈ। ਇਲਾਕੇ ਦੇ ਹੋਰ ਪਿੰਡਾਂ ਵਿੱਚ ਵੀ ਪੰਚਾਇਤਾਂ ਵੱਲੋਂ ਚਾਈਨਾ ਡੋਰ ਵਿਰੁੱਧ ਮਤੇ ਪਾਸ ਕਰਨ ਲਈ ਮੀਟਿੰਗਾਂ ਬੁਲਾਈਆਂ ਜਾ ਰਹੀਆਂ ਹਨ।

ਇਸ ਦਰਮਿਆਨ ਡੀਐੱਸਪੀ ਦਾਖਾ ਵਰਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਦਾਖਾ, ਜੋਧਾਂ ਅਤੇ ਸੁਧਾਰ ਥਾਣਿਆਂ ਦੀ ਪੁਲਸ ਨੇ ਸੋਮਵਾਰ ਦੁਪਹਿਰ ਚਾਈਨਾ ਧਾਗੇ ਵਿਰੁੱਧ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ। ਛਾਪੇਮਾਰੀ ਨਾਲ ਗੈਰ-ਕਾਨੂੰਨੀ ਧਾਗਾ ਵੇਚਣ ਵਾਲਿਆਂ ਵਿੱਚ ਹੜਕੰਪ ਮਚ ਗਿਆ ਹੈ ਅਤੇ ਮੁਹਿੰਮ ਲਗਾਤਾਰ ਜਾਰੀ ਹੈ। ਸੁਧਾਰ ਥਾਣੇ ਦੀ ਪੁਲਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਇਲਾਕੇ ਦੇ ਪ੍ਰਸਿੱਧ ਪਤੰਗ ਅਤੇ ਧਾਗਾ ਵਪਾਰੀ, ‘ਸੁੰਦਰ ਪਤੰਗ ਅਤੇ ਸੁਧਾਰ ਹਾਊਸ’ ਦੇ ਮਾਲਕ ਸੁਰਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ਦੇ ਕਬਜ਼ੇ ‘ਚੋਂ ਕੁੱਲ 60 ਚਰਖੇ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਕਈ ਬਹੁਤ ਹੀ ਖਤਰਨਾਕ ਅਤੇ ਜਾਨਲੇਵਾ ਚਾਈਨਾ ਡੋਰ ਦੇ ਸਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਪੂਰੀ ਜਾਣਕਾਰੀ ਜਾਂਚ ਤੋਂ ਬਾਅਦ ਸਾਂਝੀ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਮੁੱਲਾਂਪੁਰ ਸ਼ਹਿਰ ਦੇ ਰਾਏਕੋਟ ਰੋਡ ‘ਤੇ ਹੋਏ ਦਰਦਨਾਕ ਹਾਦਸੇ ਦੌਰਾਨ ਸੁਧਾਰ ਥਾਣੇ ਅਧੀਨ ਪੈਂਦੇ ਪਿੰਡ ਅਕਾਲਗੜ੍ਹ ਦੀ ਰਹਿਣ ਵਾਲੀ ਸਰਬਜੀਤ ਕੌਰ ਦੀ ਚਾਈਨਾ ਡੋਰ ਨਾਲ ਗਲਾ ਘੁੱਟਣ ਕਾਰਨ ਮੌਤ ਹੋ ਗਈ ਸੀ। ਇਸੇ ਤਰ੍ਹਾਂ ਸਮਰਾਲਾ ਨੇੜੇ ਪਿੰਡ ਰੋਹਲੇ ਦੇ 15 ਸਾਲਾ ਤਰਨਜੋਤ ਸਿੰਘ ਦੀ ਵੀ ਚਾਈਨਾ ਡੋਰ ਨਾਲ ਗਲਾ ਵੱਢੇ ਜਾਣ ਕਾਰਨ ਮੌਤ ਹੋ ਗਈ। ਹਾਦਸੇ ਵਿੱਚ ਉਸਦਾ ਦੋਸਤ ਗੰਭੀਰ ਜ਼ਖ਼ਮੀ ਹੋ ਗਿਆ, ਜੋ ਹਾਲੇ ਇਲਾਜ ਅਧੀਨ ਹੈ।
ਇਨ੍ਹਾਂ ਘਟਨਾਵਾਂ ਤੋਂ ਬਾਅਦ ਲੋਕਾਂ ਵਿੱਚ ਭਾਰੀ ਰੋਸ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਚਾਈਨਾ ਡੋਰ ਵੇਚਣ ਅਤੇ ਵਰਤਣ ਵਾਲਿਆਂ ਵਿਰੁੱਧ ਕਤਲ ਅਤੇ ਕਤਲ ਦੀ ਕੋਸ਼ਿਸ਼ ਵਰਗੇ ਗੰਭੀਰ ਮਾਮਲੇ ਦਰਜ ਕੀਤੇ ਜਾਣ। ਇਹ ਵੀ ਗੌਰਤਲਬ ਹੈ ਕਿ ਸਾਲ 2017 ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਚਾਈਨਾ ਧਾਗੇ ‘ਤੇ ਪੂਰੀ ਪਾਬੰਦੀ ਲਗਾਈ ਗਈ ਸੀ, ਪਰ 8 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸਦੀ ਖਰੀਦ-ਵੇਚ ‘ਤੇ ਪ੍ਰਭਾਵਸ਼ਾਲੀ ਰੋਕ ਨਹੀਂ ਲੱਗ ਸਕੀ, ਜਿਸ ਕਾਰਨ ਅਜਿਹੀਆਂ ਜਾਨਲੇਵਾ ਘਟਨਾਵਾਂ ਵਾਰ-ਵਾਰ ਵਾਪਰ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
