ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ਵਿਚਾਲੇ ਡਾ. ਧਰਮਵੀਰ ਗਾਂਧੀ ਦਾ ਵੱਡਾ ਬਿਆਨ
Monday, Jan 19, 2026 - 07:25 PM (IST)
ਪਟਿਆਲਾ (ਵੈੱਬ ਡੈਸਕ): ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਪੰਜਾਬ ਕਾਂਗਰਸ ਵਿਚ ਪਏ ਕਾਟੋ-ਕਲੇਸ਼ 'ਤੇ ਡੂੰਘੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਸੂਬੇ ਵਿਚ ਪਾਰਟੀ ਅੰਦਰ ਖੜ੍ਹੀ ਹੋਈ ਧੜੇਬੰਦੀ ਦੀ ਗੱਲ ਕਰਦਿਆਂ ਕਿਹਾ ਹੈ ਕਿ ਪੰਜਾਬ ਕਾਂਗਰਸ ਡੂੰਘੀ ਰਾਜਨੀਤੀ ਤੋਂ ਸੱਖਣੀ ਹੈ।
ਧਰਮਵੀਰ ਗਾਂਧੀ ਨੇ ਅੱਜ ਸੋਸ਼ਲ ਮੀਡੀਆ ਪਲੇਟਫ਼ਾਰਮ ਫੇਸਬੁੱਕ 'ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, 'ਬਹੁਤ ਦੁਖੀ, ਬਹੁਤ ਉਦਾਸ,
ਕਾਂਗਰਸ ਪਾਰਟੀ, ਖਾਸ ਕਰਕੇ ਇਸ ਦੀ ਧੜੇਬੰਦੀ ਨਾਲ ਭਰੀ ਪੰਜਾਬ ਇਕਾਈ ਡੂੰਘੀ ਰਾਜਨੀਤੀ ਤੋਂ ਸੱਖਣੀ ਹੈ।"
ਦੱਸ ਦਈਏ ਕਿ ਸ਼ਨੀਵਾਰ ਨੂੰ ਚੰਡੀਗੜ੍ਹ 'ਚ ਹੋਈ ਸੂਬਾ ਕਾਂਗਰਸ ਕਮੇਟੀ ਦੀ ਐੱਸ. ਸੀ. ਸੈੱਲ ਦੀ ਮੀਟਿੰਗ ਵਿਚ ਬੋਲਦਿਆਂ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਨੇ ਪਾਰਟੀ ਵਿਚ ਵੰਡੇ ਅਹੁਦਿਆਂ 'ਤੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਸੂਬਾ ਪ੍ਰਧਾਨ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਵਿਦਿਆਰਥੀ ਵਿੰਗ, NSUI ਦੇ ਪ੍ਰਧਾਨ ਸਾਰੇ ਜੱਟ ਸਿੱਖ ਹਨ। ਦਲਿਤਾਂ ਨੂੰ ਕੋਈ ਮਹੱਤਵਪੂਰਨ ਅਹੁਦਾ ਨਹੀਂ ਦਿੱਤਾ ਗਿਆ ਹੈ। ਇਸ ਸਥਿਤੀ ਵਿਚ ਸੂਬੇ ਦੇ 32 ਫ਼ੀਸਦੀ ਦਲਿਤਾਂ ਨੂੰ ਪਾਰਟੀ ਵਿਚ ਲੀਡਰਸ਼ਿਪ ਨਹੀਂ ਮਿਲ ਰਹੀ ਹੈ। ਜਿਵੇਂ ਹੀ ਚੰਨੀ ਨੇ ਬੋਲਿਆ ਮੀਟਿੰਗ ਵਿਚ ਮੌਜੂਦ ਐੱਸ. ਸੀ. ਆਗੂਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਚੰਨੀ ਨੂੰ ਮਾਈਕ੍ਰੋਫ਼ੋਨ 'ਤੇ ਬੋਲਣ ਤੋਂ ਰੋਕਿਆ ਗਿਆ ਅਤੇ ਮਾਈਕ੍ਰੋਫ਼ੋਨ ਬੰਦ ਕਰ ਦਿੱਤਾ ਗਿਆ।
ਉੱਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਹਨ, ਜੋ ਕਿ ਕਾਂਗਰਸ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਹੈ। ਉਨ੍ਹਾਂ ਦੱਸਿਆ ਕਿ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮੰਤਰੀ ਬਣਦੇ-ਬਣਦੇ ਰਹਿ ਗਏ ਸਨ ਅਤੇ ਅਖ਼ੀਰਕਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ। ਜੇਕਰ ਕਾਂਗਰਸ ਵਿਚ ਜਾਤੀਵਾਦ ਹੁੰਦਾ, ਤਾਂ ਇਹ ਕਦੇ ਸੰਭਵ ਨਾ ਹੁੰਦਾ।
ਦੂਜੇ ਪਾਸੇ ਕਾਂਗਰਸ ਹਾਈ ਕਮਾਂਡ ਨੇ ਵੀ ਇਸ ਕਾਟੋ-ਕਲੇਸ਼ ਨੂੰ ਖ਼ਤਮ ਕਰਨ ਲਈ ਮੀਟਿੰਗ ਸੱਦੀ ਹੈ। ਇਹ ਅਹਿਮ ਬੈਠਕ 23 ਜਨਵਰੀ ਨੂੰ ਦਿੱਲੀ ਵਿਚ ਹੋਵੇਗੀ, ਜਿਸ ਵਿਚ ਸ਼ਾਮਲ ਹੋਣ ਲਈ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਨੂੰ ਸੱਦਾ ਭੇਜਿਆ ਗਿਆ ਹੈ। ਇਸ ਬੈਠਕ ਵਿਚ ਪੰਜਾਬ ਕਾਂਗਰਸ ਦੇ ਦਿੱਗਜ ਆਗੂ, ਜਿਨ੍ਹਾਂ ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਹੋਰ ਵੀ ਸੀਨੀਅਰ ਆਗੂ ਮੌਜੂਦ ਰਹਿਣਗੇ।
