ਇੰਗਲੈਂਡ ਦੇ ਬੈਜ਼ਬਾਲ ਖੇਡਣ ’ਤੇ 2 ਦਿਨਾਂ ’ਚ ਖਤਮ ਹੋਵੇਗਾ ਮੈਚ
Wednesday, Jan 24, 2024 - 07:25 PM (IST)
ਹੈਦਰਾਬਾਦ, (ਭਾਸ਼ਾ)– ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦਾ ਮੰਨਣਾ ਹੈ ਕਿ ਇੰਗਲੈਂਡ ਦੀ ਬਹੁਚਰਚਿਤ ‘ਬੈਜ਼ਬਾਲ’ ਸ਼ੈਲੀ ਭਾਰਤੀ ਹਾਲਾਤ ’ਚ ਕਾਰਗਾਰ ਸਾਬਤ ਨਹੀਂ ਹੋਵੇਗੀ ਤੇ ਜੇਕਰ ਉਹ ਇਸ ਨੂੰ ਅਜ਼ਮਾਉਂਦੇ ਹਨ ਤਾਂ ਮੈਚ ਦੋ ਦਿਨਾਂ ਦੇ ਅੰਦਰ ਹੀ ਖਤਮ ਹੋ ਜਾਵੇਗਾ। ਸਿਰਾਜ ਨੇ ਕਿਹਾ,‘‘ਹਰ ਗੇਂਦ ਨੂੰ ਕੁੱਟਣਾ ਆਸਾਨ ਨਹੀਂ ਹੁੰਦਾ ਕਿਉਂਕਿ ਕਈ ਵਾਰ ਗੇਂਦ ਟਰਨ ਲੈਂਦੀ ਹੈ ਤੇ ਕਈ ਵਾਰ ਸਪਾਟ ਪੈਂਦੀ ਹੈ।
ਇੱਥੇ ਬੈਜ਼ਬਾਲ ਨਜ਼ਰ ਨਹੀਂ ਆਈ। ਜੇਕਰ ਫਿਰ ਵੀ ਉਹ ਅਜਿਹਾ (ਇੰਗਲੈਂਡ) ਖੇਡਦੇ ਹਨ ਤਾਂ ਸਾਡੇ ਲਈ ਤਾਂ ਚੰਗਾ ਹੀ ਹੋਵੇਗਾ। ਮੈਚ ਜਲਦੀ ਖਤਮ ਹੋ ਜਾਵੇਗਾ।’’ਸਿਰਾਜ ਨੇ ਕਿਹਾ,‘‘ਪਿਛਲੀ ਵਾਰ ਉਸਦੇ ਭਾਰਤ ਦੌਰੇ ’ਤੇ ਮੈਚ ਜਲਦ ਖਤਮ ਹੋ ਗਏ ਸਨ। ਮੈਂ 2021 ਦੀ ਉਸ ਲੜੀ ਵਿਚ ਦੋ ਮੈਚ ਹੀ ਖੇਡੇ ਸਨ। ਪਹਿਲੀ ਪਾਰੀ ਵਿਚ ਜੋ ਰੂਟ ਤੇ ਜਾਨੀ ਬੇਅਰਸਟੋ ਦੀ ਵਿਕਟ ਲਈ ਸੀ। ਇਸ ਵਾਰ ਵੀ ਮੇਰਾ ਟੀਚਾ ਦੌੜਾਂ ’ਤੇ ਰੋਕ ਲਗਾਉਣ ਦਾ ਹੋਵੇਗਾ। ਸਬਰ ਨਾਲ ਗੇਂਦਬਾਜ਼ੀ ਕਰਨੀ ਪਵੇਗੀ।’’