ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ''ਚ ਫ਼ਿਰਦੇ 2 ਨੌਜਵਾਨ ਅਸਲੇ ਸਣੇ ਕੀਤੇ ਕਾਬੂ
Saturday, Jan 11, 2025 - 05:48 AM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਬਰਨਾਲਾ ਪੁਲਸ ਨੇ ਵੱਡੀ ਘਟਨਾ ਵਾਪਰਨ ਤੋਂ ਪਹਿਲਾਂ ਹੀ ਵੱਡੀ ਸਫਲਤਾ ਹਾਸਲ ਕਰਦਿਆਂ ਅਸਲੇ ਸਮੇਤ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਨੌਜਵਾਨ ਕਿਸੇ ਵੱਡੇ ਅਪਰਾਧ ਨੂੰ ਅੰਜਾਮ ਦੇਣ ਦੀ ਤਿਆਰੀ ’ਚ ਸਨ।
ਬਰਨਾਲਾ ਦੇ ਐੱਸ.ਐੱਸ.ਪੀ. ਸੰਦੀਪ ਕੁਮਾਰ ਮਲਿਕ ਨੇ ਪ੍ਰੈੱਸ ਕਾਨਫਰੰਸ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਦੀ ਸੀ.ਆਈ.ਏ. ਟੀਮ ਨੂੰ ਖੁਫੀਆ ਸੂਚਨਾ ਮਿਲੀ ਸੀ ਕਿ ਬਰਨਾਲਾ ਦੇ ਇਕ ਨੌਜਵਾਨ ਸੁਰਭਮ ਉਰਫ ਸੂਬੀ ਪੁੱਤਰ ਰਾਜੇਸ਼ ਕੁਮਾਰ ਵਾਸੀ ਬਰਨਾਲਾ ਹਥਿਆਰਾਂ ਨਾਲ ਕੋਈ ਵਾਰਦਾਤ ਕਰਨ ਵਾਲਾ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਸੂਬੀ ਨੂੰ ਗ੍ਰਿਫਤਾਰ ਕੀਤਾ। ਉਸ ਦੇ ਕੋਲੋਂ ਇਕ 32 ਬੋਰ ਦੇਸੀ ਪਿਸਟਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਪੁੱਛਗਿੱਛ ਦੌਰਾਨ, ਗ੍ਰਿਫਤਾਰ ਨੌਜਵਾਨ ਸੂਬੀ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਫਿਰੋਜ਼ਪੁਰ ਜੇਲ੍ਹ ’ਚ ਬੰਦ ਜਸਦੇਵ ਜੱਸੀ ਨੇ ਉਸ ਨੂੰ ਇਹ ਹਥਿਆਰ ਮੁਹੱਈਆ ਕਰਵਾਏ ਸਨ। ਜਸਦੇਵ ਜੱਸੀ, ਜੋ ਪਹਿਲਾਂ ਹੀ ਕਈ ਗੰਭੀਰ ਅਪਰਾਧਾਂ ਲਈ ਜੇਲ੍ਹ ’ਚ ਬੰਦ ਹੈ, ਨੇ ਇਸ ਸਾਜ਼ਿਸ਼ ’ਚ ਕਲਾ ਹਾਸਲ ਕੀਤੀ ਹੋਈ ਸੀ। ਬਰਨਾਲਾ ਪੁਲਸ ਨੇ ਜਸਦੇਵ ਜੱਸੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਫਿਰੋਜ਼ਪੁਰ ਜੇਲ੍ਹ ਤੋਂ ਲਿਆਂਦਾ। ਉਸ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ 9 ਐੱਮ.ਐੱਮ. ਗਲੋਕ ਪਿਸਟਲ, 30 ਬੋਰ ਪਿਸਟਲ ਅਤੇ ਕੁੱਲ 4 ਜਿੰਦੇ ਕਾਰਤੂਸ ਬਰਾਮਦ ਕੀਤੇ।
ਇਹ ਵੀ ਪੜ੍ਹੋ- ਰੋਜ਼ੀ-ਰੋਟੀ ਕਮਾਉਣ ਘਰੋਂ ਨਿਕਲੇ ਨੌਜਵਾਨ ਨਾਲ ਵਾਪਰ ਗਈ ਅਣਹੋਣੀ ; ਧੜ ਤੋਂ ਵੱਖ ਹੋ ਗਿਆ ਸਿਰ
ਗੈਂਗਸਟਰ ਕੁਨੈਕਸ਼ਨ ਦੀ ਜਾਂਚ
ਐੱਸ.ਐੱਸ.ਪੀ. ਮਲਿਕ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਕੋਲੋਂ ਕੁੱਲ 3 ਪਿਸਟਲ ਅਤੇ 6 ਜ਼ਿੰਦੇ ਕਾਰਤੂਸ ਬਰਾਮਦ ਹੋਏ ਹਨ। ਪੁਲਸ ਇਹ ਵੀ ਜਾਂਚ ਰਹੀ ਹੈ ਕਿ ਇਹ ਨੌਜਵਾਨ ਕਿਸੇ ਗੈਂਗ ਨਾਲ ਜੁੜੇ ਹੋਏ ਹਨ ਜਾਂ ਨਹੀਂ।
ਸੂਬੀ ਤੇ ਜੱਸੀ ਦੇ ਅਪਰਾਧਿਕ ਪਿਛੋਕੜ
ਗ੍ਰਿਫਤਾਰ ਕੀਤੇ ਗਏ ਨੌਜਵਾਨ ਸੁਰਭਮ ਉਰਫ ਸੂਬੀ ’ਤੇ ਪਹਿਲਾਂ ਹੀ 7 ਕੇਸ ਦਰਜ ਹਨ, ਜਿਨ੍ਹਾਂ ’ਚ ਅਸਲਾ ਐਕਟ, ਐੱਨ.ਡੀ.ਪੀ.ਐੱਸ. ਐਕਟ ਅਤੇ ਹੋਰ ਕਈ ਗੰਭੀਰ ਮਾਮਲੇ ਸ਼ਾਮਲ ਹਨ। ਇਸੇ ਤਰ੍ਹਾਂ, ਜਸਦੇਵ ਜੱਸੀ ’ਤੇ ਕਤਲ, ਅਸਲਾ ਐਕਟ ਅਤੇ ਹੋਰ 19 ਕੇਸ ਦਰਜ ਹਨ।
ਇਹ ਵੀ ਪੜ੍ਹੋ- 'ਪਹਿਲਾਂ ਸਾਡੀ ਗੱਡੀ 'ਚ ਤੇਲ ਪਾਓ...', ਹੋ ਗਈ ਥੋੜ੍ਹੀ ਦੇਰ ਤਾਂ ਨੌਜਵਾਨਾਂ ਨੇ ਪੰਪ ਕਰਮਚਾਰੀਆਂ 'ਤੇ ਕਰ'ਤਾ ਹਮਲਾ
ਹਥਿਆਰਾਂ ਦੀ ਸਪਲਾਈ ’ਤੇ ਸਵਾਲ
ਇਸ ਮਾਮਲੇ ਨੇ ਇਕ ਵੱਡੇ ਸਵਾਲ ਨੂੰ ਜਨਮ ਦਿੱਤਾ ਹੈ ਕਿ ਵਿਦੇਸ਼ੀ ਹਥਿਆਰ ਪੰਜਾਬ ’ਚ ਕਿਵੇਂ ਪਹੁੰਚ ਰਹੇ ਹਨ। ਇਸਦੇ ਨਾਲ ਹੀ ਇਹ ਵੀ ਸਮਝਣ ਦੀ ਲੋੜ ਹੈ ਕਿ ਜੇਲ ’ਚ ਬੰਦ ਅਪਰਾਧੀ ਕਿਵੇਂ ਸਾਜ਼ਿਸ਼ਾਂ ਨੂੰ ਅੰਜਾਮ ਦੇ ਰਹੇ ਹਨ। ਇਹ ਮਾਮਲਾ ਸੁਰੱਖਿਆ ਪ੍ਰਬੰਧਾਂ ਲਈ ਵੱਡੀ ਚੁਣੌਤੀ ਖੜ੍ਹੀ ਕਰਦਾ ਹੈ।
ਐੱਸ. ਐੱਸ. ਪੀ. ਮਲਿਕ ਨੇ ਦੱਸਿਆ ਕਿ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਬਰਨਾਲਾ ਪੁਲਸ ਦੀ ਇਸ ਕਾਮਯਾਬੀ ਨੇ ਜ਼ਾਹਿਰ ਕਰ ਦਿੱਤਾ ਹੈ ਕਿ ਸੁਰੱਖਿਆ ਸਬੰਧੀ ਚੁਣੌਤੀਆਂ ਕਿੰਨੀ ਜ਼ਿਆਦਾ ਹਨ ਪਰ ਜ਼ਿੰਮੇਵਾਰ ਅਧਿਕਾਰੀ ਤੇ ਸੁਰੱਖਿਆ ਦਲਾਂ ਨੇ ਹਮੇਸ਼ਾ ਜ਼ਮੀਨੀ ਪੱਧਰ ’ਤੇ ਸਖਤ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ- ਅਮੀਰ ਬਣਨ ਦੇ ਚੱਕਰ 'ਚ ਆਟੋ ਚਲਾਉਣਾ ਛੱਡ ਬਣ ਗਿਆ ਸਮੱਗਲਰ, 5 ਕਿੱਲੋ ਹੈਰੋਇਨ ਸਣੇ ਆ ਗਿਆ ਕਾਬੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e