ਐਕਸ਼ਨ ''ਚ ਜਲੰਧਰ ਦੇ ਮੇਅਰ ਵਿਨੀਤ ਧੀਰ, ਬੋਲੇ- ਗੈਰ ਕਾਨੂੰਨੀ ਕੰਮ ਨਹੀਂ ਹੋਵੇਗਾ ਬਰਦਾਸ਼ਤ

Monday, Jan 13, 2025 - 06:20 PM (IST)

ਐਕਸ਼ਨ ''ਚ ਜਲੰਧਰ ਦੇ ਮੇਅਰ ਵਿਨੀਤ ਧੀਰ, ਬੋਲੇ- ਗੈਰ ਕਾਨੂੰਨੀ ਕੰਮ ਨਹੀਂ ਹੋਵੇਗਾ ਬਰਦਾਸ਼ਤ

ਜਲੰਧਰ (ਖੁਰਾਣਾ)-ਨਗਰ ਨਿਗਮ ਦੇ ਨਵੇਂ ਮੇਅਰ ਵਨੀਤ ਧੀਰ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਅਤੇ ਡਿਪਟੀ ਮੇਅਰ ਮਲਕੀਤ ਸਿੰਘ ਨੇ ਰਸਮੀ ਤੌਰ ’ਤੇ ਅਹੁਦਾ ਸੰਭਾਲਣ ਤੋਂ ਬਾਅਦ ਟੀਮ ਵਰਕ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਪਹਿਲੇ ਪੜਾਅ ਤਹਿਤ ਐਤਵਾਰ ਸਾਂਝੀ ਪ੍ਰੈੱਸ ਕਾਨਫ਼ਰੰਸ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਮੇਅਰ ਵਿਨੀਤ ਧੀਰ ਨੇ ਕਿਹਾ ਕਿ ਹੁਣ ਨਗਰ ਨਿਗਮ ਵਿਚ ਭ੍ਰਿਸ਼ਟਾਚਾਰ ਅਤੇ ਗੈਰ-ਕਾਨੂੰਨੀ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਉਣ ਵਾਲੇ ਸਮੇਂ ਵਿਚ ਟੈਕਸ ਡਿਫਾਲਟਰਾਂ ’ਤੇ ਸਖ਼ਤੀ ਵਰਤੀ ਜਾਵੇਗੀ ਅਤੇ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਸਵੇਰੇ 7 ਤੋਂ ਰਾਤ 9 ਵਜੇ ਤੱਕ ਲੱਗ ਗਈ ਇਹ ਪਾਬੰਦੀ

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੋਈ ਹੈ। ਅਜਿਹੇ ’ਚ ਜੇਕਰ ਕਿਸੇ ਨੇ ਭ੍ਰਿਸ਼ਟਾਚਾਰ ਦਾ ਸਹਾਰਾ ਲਿਆ, ਭਾਵੇਂ ਉਹ ਕੋਈ ਜਾਣਕਾਰ, ਪਾਰਟੀ ਵਰਕਰ ਹੋਵੇ ਜਾਂ ਪਰਿਵਾਰਕ ਮੈਂਬਰ ਹੀ ਕਿਉਂ ਨਾ ਹੋਵੇ, ਉਸ ਨੂੰ ਗਲਤ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਸਿਸਟਮ ਵਿਚ ਕਈ ਖਾਮੀਆਂ ਪੈਦਾ ਹੋ ਗਈਆਂ ਹਨ ਅਤੇ ਵਰਕ ਕਲਚਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ, ਅਜਿਹੇ ਵਿਚ ਜ਼ਮੀਨੀ ਕੰਮ ਕਰ ਕੇ ਉਨ੍ਹਾਂ ਕਮੀਆਂ ਨੂੰ ਦੂਰ ਕੀਤਾ ਜਾਵੇਗਾ ਅਤੇ ਵਰਕ ਕਲਚਰ ਨੂੰ ਬਹਾਲ ਕੀਤਾ ਜਾਵੇਗਾ। ਇਸ ਦੇ ਲਈ ਸਾਧਨਾਂ ਅਤੇ ਮੈਨਪਾਵਰ ਦੀ ਕਮੀ ਨੂੰ ਦੂਰ ਕੀਤਾ ਜਾਵੇਗਾ ਅਤੇ ਇਸ ਲਈ ਸਰਕਾਰ ਅਤੇ ਲੋਕਲ ਬਾਡੀਜ਼ ਮੰਤਰੀ ਨਾਲ ਗੱਲ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਲ ਬਾਡੀਜ਼ ਮੰਤਰੀ ਪਹਿਲਾਂ ਹੀ ਭਰੋਸਾ ਦੇ ਚੁੱਕੇ ਹਨ ਕਿ ਜਲੰਧਰ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਆਮਦਨ ਅਤੇ ਖ਼ਰਚ ਵਿਚਲੇ ਪਾੜੇ ਨੂੰ ਘੱਟ ਕਰਾਂਗੇ
ਇਕ ਸਵਾਲ ਦੇ ਜਵਾਬ ਵਿਚ ਮੇਅਰ ਵਨੀਤ ਧੀਰ ਅਤੇ ਹੋਰਨਾਂ ਨੇ ਕਿਹਾ ਕਿ ਨਗਰ ਨਿਗਮ ਦੀ ਆਮਦਨ ਅਤੇ ਖਰਚੇ ਵਿਚਲਾ ਪਾੜਾ ਕਾਫੀ ਵਧ ਗਿਆ ਹੈ, ਜਿਸ ਨੂੰ ਆਉਣ ਵਾਲੇ ਸਮੇਂ ਵਿਚ ਦੂਰ ਕਰ ਕੀਤਾ ਜਾਵੇਗਾ। ਹਰੇਕ ਵਿਭਾਗ ਦੀ ਆਮਦਨ ਸਬੰਧੀ ਰਿਪੋਰਟ ਲਈ ਜਾਵੇਗੀ ਅਤੇ ਉਨ੍ਹਾਂ ਨੂੰ ਅਗਲੇ ਟੀਚੇ ਦਿੱਤੇ ਜਾਣਗੇ। ਰੈਵੇਨਿਊ ਜੈਨਰੇਸ਼ਨ ਦੇ ਮਾਮਲੇ ਵਿਚ ਜੋ ਕਮੀਆਂ ਹਨ, ਉਨ੍ਹਾਂ ਨੂੰ ਦੂਰ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਇਹ ਯਕੀਨੀ ਬਣਾਇਆ ਜਾਵੇਗਾ ਕਿ ਹਰ ਨਾਗਰਿਕ ਆਪਣਾ ਬਣਦਾ ਟੈਕਸ ਇਮਾਨਦਾਰੀ ਨਾਲ ਅਦਾ ਕਰੇ, ਭਾਵੇਂ ਇਸ ਲਈ ਸਖ਼ਤੀ ਹੀ ਕਿਉਂ ਨਾ ਕਰਨੀ ਪਵੇ। ਨਿਗਮ ਦੀ ਫਾਇਨਾਂਸ ਸਬੰਧੀ ਜਲਦ ਮੀਟਿੰਗ ਬੁਲਾਈ ਜਾਵੇਗੀ ਅਤੇ ਵਿੱਤ ਕਮਿਸ਼ਨ ਤੇ ਜਿਹੜੀਆਂ ਗ੍ਰਾਂਟਾਂ ਪੈਂਡਿੰਗ ਪਈਆਂ ਹੋਈਆਂ ਹਨ, ਉਨ੍ਹਾਂ ਨੂੰ ਲਿਆਉਣ ਦੇ ਯਤਨ ਕੀਤੇ ਜਾਣਗੇ।

ਇਹ ਵੀ ਪੜ੍ਹੋ : ਪੰਜਾਬ 'ਚ ਟਰਾਲੇ ਦੀਆਂ ਬਰੇਕਾਂ ਫੇਲ੍ਹ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ, ਮਚਿਆ ਚੀਕ-ਚਿਹਾੜਾ

ਸਿਆਸਤ ’ਚ ਚੁਣੌਤੀ ਤਾਂ ਹਮੇਸ਼ਾ ਬਣੀ ਰਹਿੰਦੀ ਹੈ
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਤੋਂ ਬਾਅਦ ਪਾਰਟੀ ਦੇ ਅੰਦਰ ਕੁਝ ਨਾਰਾਜ਼ਗੀ ਦੇਖੀ ਗਈ ਅਤੇ ਤਰਸੇਮ ਲਖੋਤਰਾ ਵਰਗੇ ਕੌਂਸਲਰ ਗੁੱਸੇ ਵਿਚ ਪਾਰਟੀ ਨੂੰ ਛੱਡ ਕੇ ਅਤੇ ਨਾਰਾਜ਼ ਹੋ ਕੇ ਵਾਪਸ ਚਲੇ ਗਏ ਤਾਂ ਉਨ੍ਹਾਂ ਕਿਹਾ ਕਿ 46 ਕੌਂਸਲਰਾਂ ਦੇ ਦਲ ਵਿਚੋਂ ਅਹੁਦੇ 3 ਕੌਂਸਲਰਾਂ ਨੂੰ ਮਿਲਣੇ ਸਨ, ਅਜਿਹੀ ਸਥਿਤੀ ਵਿਚ ਕੁਝ ਨਾਰਾਜ਼ਗੀ ਸੁਭਾਵਿਕ ਹੈ। ਭਾਵੇਂ ਅਜਿਹੀ ਨਾਰਾਜ਼ਗੀ ਸਾਡੀ ਜਾਣਕਾਰੀ ਵਿਚ ਨਹੀਂ ਹੈ ਪਰ ਫਿਰ ਵੀ ਜੇਕਰ ਪਤਾ ਲੱਗਦਾ ਹੈ ਤਾਂ ਤਿੰਨੋਂ ਮਿਲ ਕੇ ਸਬੰਧਤ ਧਿਰ ਦੀ ਨਾਰਾਜ਼ਗੀ ਦੂਰ ਦਿਆਂਗੇ। ਮਜ਼ਬੂਤ ਵਿਰੋਧੀ ਧਿਰ ਸਬੰਧੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਕੰਮ ਕਰਨ ਦੀ ਇੱਛਾ ਸ਼ਕਤੀ ਨੂੰ ਹੱਲਾਸ਼ੇਰੀ ਮਿਲਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ Alert! 4 ਦਿਨਾਂ ਲਈ ਮੌਸਮ ਸਬੰਧੀ ਹੋ ਗਈ ਵੱਡੀ ਭਵਿੱਖਬਾਣੀ, ਆਵੇਗਾ ਤੂਫ਼ਾਨ

ਸਮਾਰਟ ਸਿਟੀ ਸਬੰਧੀ ਚੱਲ ਰਹੀ ਜਾਂਚ ਨੂੰ ਤੇਜ਼ ਕਰਵਾਵਾਂਗੇ
ਵਿਨੀਤ ਧੀਰ ਨੇ ਦੁਹਰਾਇਆ ਕਿ ਸਮਾਰਟ ਸਿਟੀ ਕੰਪਨੀ ਜਲੰਧਰ ਵਿਚ ਪਿਛਲੇ ਸਮੇਂ ਦੌਰਾਨ ਜੋ ਵੀ ਭ੍ਰਿਸ਼ਟਾਚਾਰ ਹੋਇਆ, ਉਸ ਦੀ ਜਾਂਚ ਕਰਵਾਈ ਜਾਵੇਗੀ ਅਤੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬਿਲਕੁਲ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕੋਈ ਵੱਡਾ ਅਧਿਕਾਰੀ ਹੋਵੇ ਜਾਂ ਕੋਈ ਸਿਆਸਤਦਾਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਮਾਰਟ ਸਿਟੀ ਦੇ ਕੰਮਾਂ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹੋਏ ਹਨ ਪਰ ਵਿਜੀਲੈਂਸ ਸਰਕਾਰ ਵੱਲੋਂ ਤਕਨੀਕੀ ਟੀਮਾਂ ਮੁਹੱਈਆ ਕਰਵਾਉਣ ਦੀ ਉਡੀਕ ਕਰ ਰਹੀ ਹੈ। ਇਸ ਜਾਂਚ ਨੂੰ ਜਲਦੀ ਨਿਪਟਾਉਣ ਲਈ ਪੰਜਾਬ ਸਰਕਾਰ ਨਾਲ ਸੰਪਰਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਲਈ ਮਿਲਿਆ ਪੈਸਾ ਆਮ ਲੋਕਾਂ ਦਾ ਹੈ। ਇਹ ਯਕੀਨੀ ਬਣਾਇਆ ਜਾਵੇਗਾ ਕਿ ਸਮਾਰਟ ਸਿਟੀ ਦੇ ਫੰਡ ਵਿਚ ਜੋ ਪੈਸਾ ਬਚਿਆ ਹੋਇਆ ਹੈ, ਉਸ ਨੂੰ ਸਹੀ ਕੰਮਾਂ ’ਤੇ ਖਰਚਿਆ ਜਾਵੇ। ਸਮਾਰਟ ਸਿਟੀ ਦੇ ਪੈਂਡਿੰਗ ਕੰਮ ਜਲਦ ਪੂਰੇ ਕਰਵਾਏ ਜਾਣਗੇ।

ਇਹ ਵੀ ਪੜ੍ਹੋ : ਪੰਜਾਬ 'ਚ ਟਰਾਲੇ ਦੀਆਂ ਬਰੇਕਾਂ ਫੇਲ੍ਹ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ, ਮਚਿਆ ਚੀਕ-ਚਿਹਾੜਾ

ਅਧਿਕਾਰੀਆਂ ਦੀ ਸੁਸਤੀ ਬਰਦਾਸ਼ਤ ਨਹੀਂ ਹੋਵੇਗੀ
ਵਿਨੀਤ ਧੀਰ ਨੇ ਕਿਹਾ ਕਿ ਉਨ੍ਹਾਂ ਕੌਂਸਲਰ ਹੁੰਦਿਆਂ ਵਾਰਡਾਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਜਾਣਿਆ ਸੀ। ਵਧੇਰੇ ਵਾਰਡਾਂ ਵਿਚ ਸਾਫ਼-ਸਫ਼ਾਈ, ਸੀਵਰੇਜ, ਗੈਰ-ਕਾਨੂੰਨੀ ਕਾਲੋਨੀਆਂ ਅਤੇ ਗੈਰ-ਕਾਨੂੰਨੀ ਉਸਾਰੀਆਂ ਸਬੰਧੀ ਸਮੱਸਿਆਵਾਂ ਹਨ, ਜਿਸ ਬਾਬਤ ਯੋਜਨਾ ਬਣਾ ਕੇ ਕੰਮ ਕੀਤਾ ਜਾਵੇਗਾ। ਸਰਫੇਸ ਵਾਟਰ ਪ੍ਰਾਜੈਕਟ ਕਾਰਨ ਜੋ ਸੜਕਾਂ ਟੁੱਟੀਆਂ ਹੋਈਆਂ ਹਨ, ਉਨ੍ਹਾਂ ਨੂੰ ਜਲਦ ਬਣਵਾਇਆ ਜਾਵੇਗਾ। ਲੋਕਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਜਾਵੇਗਾ। ਹੁਣ ਅਧਿਕਾਰੀਆਂ ਵੱਲੋਂ ਦਿਖਾਈ ਜਾ ਰਹੀ ਸੁਸਤੀ ਅਤੇ ਖਾਨਾਪੂਰਤੀ ਨਹੀਂ ਚੱਲੇਗੀ। ਸਰਕਾਰੀ ਪੋਰਟਲ ਐੱਮ-ਸੇਵਾ ਸਬੰਧੀ ਜੋ ਸ਼ਿਕਾਇਤਾਂ ਆ ਰਹੀਆਂ ਹਨ, ਉਨ੍ਹਾਂ ਨੂੰ ਵੀ ਦੂਰ ਕਰਵਾਇਆ ਜਾਵੇਗਾ। ਨਿਗਮ ਅਧਿਕਾਰੀਆਂ ਨੇ ਨਿਗਮ ਚੋਣਾਂ ਤੋਂ ਇਕ ਮਹੀਨਾ ਪਹਿਲਾਂ ਜਿਵੇਂ ਫੀਲਡ ਵਿਚ ਆ ਕੇ ਕੰਮ ਕੀਤਾ ਸੀ, ਅਗਲੇ 5 ਸਾਲ ਵੀ ਉਨ੍ਹਾਂ ਨੂੰ ਇਸੇ ਤਰ੍ਹਾਂ ਨਾਲ ਕੰਮ ਕਰਨਾ ਹੋਵੇਗਾ। ਇਸ ਦੌਰਾਨ ਡਿਪਟੀ ਮੇਅਰ ਮਲਕੀਤ ਸਿੰਘ ਨੇ ਕਿਹਾ ਕਿ ਨਿਗਮ ਦੀ ਹੱਦ ਵਿਚ ਸ਼ਾਮਲ ਹੋਏ ਪਿੰਡਾਂ ਵਿਚ ਅਜੇ ਤੱਕ ਬੁਨਿਆਦੀ ਢਾਂਚਾ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਇਆ ਹੈ, ਇਸ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਯਤਨ ਕੀਤੇ ਜਾਣਗੇ।

ਇਹ ਵੀ ਪੜ੍ਹੋ : ਲੋਹੜੀ ਮੌਕੇ ਪੰਜਾਬੀਆਂ ਲਈ ਅਹਿਮ ਖ਼ਬਰ, ਲੋਕਾਂ ਨੂੰ ਇਥੇ ਮਿਲ ਰਿਹੈ ਸਸਤਾ ਰਾਸ਼ਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 


author

shivani attri

Content Editor

Related News