ਲਿਫ਼ਾਫ਼ੇ ’ਚ ਬੰਦ ਹੋ ਚੁੱਕਿਐ ਜਲੰਧਰ ਦੇ ਮੇਅਰ ਦਾ ਨਾਂ, ਜਲਦ ਹੋਵੇਗਾ ਸਿਆਸਤ ''ਚ ਧਮਾਕਾ
Friday, Jan 10, 2025 - 11:09 AM (IST)
ਜਲੰਧਰ (ਖੁਰਾਣਾ)–ਜਿਵੇਂ ਕਿ ਅੱਜ ਤਕ ਪ੍ਰੰਪਰਾ ਰਹੀ ਹੈ, ਇਸ ਵਾਰ ਵੀ ਜਲੰਧਰ ਦੇ ਨਵੇਂ ਅਤੇ 7ਵੇਂ ਮੇਅਰ ਦਾ ਨਾਂ ਕੌਂਸਲਰ ਹਾਊਸ ਦੀ ਮੀਟਿੰਗ ਦੌਰਾਨ ਲਿਫ਼ਾਫ਼ੇ ਵਿਚੋਂ ਨਿਕਲੇਗਾ। ਇਹ ਵੱਖ ਗੱਲ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਦਾ ਪਹਿਲਾ ਮੇਅਰ ਜਲੰਧਰ ਵਿਚ ਬਣਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜੈਕਿਸ਼ਨ ਸੈਣੀ ਕਾਂਗਰਸ ਤੋਂ, ਸੁਰੇਸ਼ ਸਹਿਗਲ ਭਾਜਪਾ ਤੋਂ, ਸੁਰਿੰਦਰ ਮਹੇ ਕਾਂਗਰਸ ਤੋਂ, ਰਾਕੇਸ਼ ਰਾਠੌਰ ਅਤੇ ਸੁਨੀਲ ਜੋਤੀ ਭਾਜਪਾ ਤੋਂ ਅਤੇ ਜਗਦੀਸ਼ ਰਾਜ ਰਾਜਾ ਕਾਂਗਰਸ ਵੱਲੋਂ ਜਲੰਧਰ ਦੇ ਮੇਅਰ ਰਹਿ ਚੁੱਕੇ ਹਨ। ਪੰਜਾਬ ਸਰਕਾਰ ਨੇ ਜਲੰਧਰ ਦੇ ਮੇਅਰ ਦੀ ਚੋਣ ਲਈ 11 ਜਨਵਰੀ ਨੂੰ ਕੌਂਸਲਰ ਹਾਊਸ ਦੀ ਮੀਟਿੰਗ ਸਥਾਨਕ ਰੈੱਡ ਕਰਾਸ ਭਵਨ ਵਿਚ ਬੁਲਾਈ ਹੋਈ ਹੈ, ਜਿਸ ਦੌਰਾਨ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਵੀ ਹੋਵੇਗੀ ਅਤੇ ਸਾਰੇ ਜਿੱਤੇ ਹੋਏ 85 ਕੌਂਸਲਰਾਂ ਨੂੰ ਸਹੁੰ ਵੀ ਚੁਕਾਈ ਜਾਵੇਗੀ।
ਇਹ ਵੀ ਪੜ੍ਹੋ : ਸ਼ਗਨਾਂ ਵਾਲੇ ਘਰ ਗੂੰਜੇ ਮੌਤ ਦੇ ਵੈਣ, ਮਾਪਿਆਂ ਲਈ ਦਵਾਈ ਲੈਣ ਜਾ ਰਹੇ ਵਿਆਹ ਵਾਲੇ ਮੁੰਡੇ ਦੀ ਮੌਤ
ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਜਲੰਧਰ ਦੇ ਮੇਅਰ ਦਾ ਨਾਂ ਤਾਂ ‘ਆਪ’ ਲੀਡਰਸ਼ਿਪ ਵੱਲੋਂ ਫਾਈਨਲ ਕਰ ਕੇ ਲਿਫ਼ਾਫ਼ੇ ਵਿਚ ਬੰਦ ਕੀਤਾ ਜਾ ਚੁੱਕਾ ਹੈ, ਜਦੋਂ ਕਿ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਂ ’ਤੇ ਅਜੇ ਮੰਥਨ ਜਾਰੀ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ’ਤੇ ਇਕ ਔਰਤ ਅਤੇ ਡਿਪਟੀ ਮੇਅਰ ਦੇ ਅਹੁਦੇ ’ਤੇ ਇਕ ਸਿੱਖ ਦਲਿਤ ਨੂੰ ਬਿਠਾਇਆ ਜਾ ਰਿਹਾ ਹੈ ਪਰ ਦੋਵੇਂ ਨਾਂ ਅਜੇ ਫਾਈਨਲ ਨਹੀਂ ਕੀਤੇ ਗਏ ਹਨ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਂ ਦਾ ਐਲਾਨ ਕੌਂਸਲਰ ਹਾਊਸ ਦੀ ਮੀਟਿੰਗ ਦੌਰਾਨ ਹੀ ਕੀਤਾ ਜਾਵੇਗਾ ਪਰ ਉਨ੍ਹਾਂ ਨਾਵਾਂ ਬਾਰੇ ਪੁਸ਼ਟੀ ਉਸੇ ਦਿਨ ਸਵੇਰੇ ਕਰ ਦਿੱਤੀ ਜਾਵੇਗੀ।
ਸਾਫ਼ ਅਕਸ ਵਾਲਾ ਬਣੇਗਾ ਮੇਅਰ, ਜਦਕਿ ਬਾਕੀ ਦੋਵੇਂ ਅਹੁਦੇ ਸਮੀਕਰਨ ਦੇ ਹਿਸਾਬ ਨਾਲ ਤੈਅ ਹੋਣਗੇ
ਇੰਨਾ ਤਾਂ ਤੈਅ ਹੋ ਚੁੱਕਾ ਹੈ ਕਿ ਜਲੰਧਰ ਵਿਚ ਨਵਾਂ ਅਤੇ 7ਵਾਂ ਮੇਅਰ ਜਨਰਲ (ਓਪਨ ਕੈਟੇਗਰੀ) ਤੋਂ ਹੋਵੇਗਾ ਅਤੇ ਇਸਦੇ ਲਈ ਹਿੰਦੂ ਚਿਹਰੇ ਦੀ ਚੋਣ ਲੱਗਭਗ ਕਰ ਲਈ ਗਈ ਹੈ। ਪਤਾ ਲੱਗਾ ਹੈ ਕਿ ਸੱਤਾ ਧਿਰ ਦੇ ਦਿੱਲੀ ਅਤੇ ਪੰਜਾਬ ਯੂਨਿਟ ਨੇ ਮੇਅਰ ਦੇ ਅਹੁਦੇ ਲਈ ਸਾਫ ਅਕਸ ਅਤੇ ਨਿਗਮ ਦੀ ਵਰਕਿੰਗ ਦੀ ਜਾਣਕਾਰੀ ਨੂੰ ਹੀ ਆਧਾਰ ਬਣਾਇਆ ਸੀ, ਜਿਸ ਤਹਿਤ ਵਧੇਰੇ ਸ਼ਹਿਰਾਂ ਦੇ ਮੇਅਰਾਂ ਦੀ ਚੋਣ ਕੀਤੀ ਜਾ ਚੁੱਕੀ ਹੈ। ਜਿੱਥੋਂ ਤਕ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਦੀ ਗੱਲ ਹੈ ਤਾਂ ਇਸ ਲਈ ਕਈ ਤਰ੍ਹਾਂ ਦੇ ਸਮੀਕਰਨ ਧਿਆਨ ਵਿਚ ਰੱਖੇ ਜਾ ਰਹੇ ਹਨ। ਇਨ੍ਹਾਂ ਅਹੁਦਿਆਂ ਲਈ ਸਿੱਖ, ਮਹਿਲਾ, ਦਲਿਤ ਅਤੇ ਜਾਤੀ ਆਧਾਰਿਤ ਸਮੀਕਰਨ ਵੀ ਧਿਆਨ ਵਿਚ ਰੱਖੇ ਜਾ ਰਹੇ ਹਨ ਤਾਂ ਕਿ ਸਾਰੇ ਵਰਗਾਂ ਨੂੰ ਖੁਸ਼ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਆਈਲੈੱਟਸ ਸੈਂਟਰਾਂ 'ਤੇ ਪੈ ਗਈ ਵੱਡੀ ਕਾਰਵਾਈ
ਪਰਿਵਾਰ ਵਾਲੇ ਨਹੀਂ ਵੇਖ ਸਕਣਗੇ ਕੌਂਸਲਰਾਂ ਦਾ ਸਹੁੰ-ਚੁੱਕ ਸਮਾਰੋਹ
ਡਿਵੀਜ਼ਨਲ ਕਮਿਸ਼ਨਰ ਵੱਲੋਂ ਨਵੇਂ ਕੌਂਸਲਰ ਹਾਊਸ ਦੀ ਪਹਿਲੀ ਮੀਟਿੰਗ ਭਾਵੇਂ ਰੈੱਡ ਕਰਾਸ ਭਵਨ ਦੇ ਖੁੱਲ੍ਹੇ ਮੀਟਿੰਗ ਹਾਲ ਵਿਚ ਬੁਲਾਈ ਗਈ ਹੈ ਪਰ ਨਵੇਂ ਚੁਣੇ ਕੌਂਸਲਰਾਂ ਦਾ ਸਹੁੰ-ਚੁੱਕ ਸਮਾਰੋਹ ਅਤੇ ਸ਼ਹਿਰ ਦੇ ਨਵੇਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਪ੍ਰਕਿਰਿਆ ਉਨ੍ਹਾਂ ਦੇ ਪਰਿਵਾਰ ਵਾਲੇ ਨਹੀਂ ਵੇਖ ਸਕਣਗੇ।
ਪਤਾ ਲੱਗਾ ਹੈ ਕਿ ਨਿਗਮ ਪ੍ਰਸ਼ਾਸਨ ਵੱਲੋਂ ਨਵੇਂ ਹਾਊਸ ਦੀ ਪਹਿਲੀ ਮੀਟਿੰਗ ਲਈ ਜੋ ਇੰਤਜ਼ਾਮ ਕੀਤੇ ਜਾ ਰਹੇ ਹਨ, ਉਸ ਅਨੁਸਾਰ ਹਾਲ ਵਿਚ ਸਿਰਫ ਨਵ-ਨਿਯੁਕਤ ਕੌਂਸਲਰਾਂ, ਨਗਰ ਨਿਗਮ ਦੇ ਅਧਿਕਾਰੀਆਂ, ਵਿਧਾਇਕਾਂ ਅਤੇ ਮੀਡੀਆ ਪ੍ਰਤੀਨਿਧੀਆਂ ਨੂੰ ਹੀ ਜਾਣ ਦੀ ਆਗਿਆ ਹੋਵੇਗੀ।
ਜ਼ਿਕਰਯੋਗ ਹੈ ਕਿ ਇਸ ਵਾਰ ਕੌਂਸਲਰ ਹਾਊਸ ਵਿਚ 44 ਮਹਿਲਾ ਕੌਂਸਲਰ ਚੁਣ ਕੇ ਆਈਆਂ ਹਨ, ਜਿਨ੍ਹਾਂ ਦੇ ਪਤੀ ਅਤੇ ਹੋਰ ਪਰਿਵਾਰਕ ਰਿਸ਼ਤੇਦਾਰ ਵੀ ਪਹਿਲਾਂ ਹੋਈਆਂ ਮੀਟਿੰਗਾਂ ਵਿਚ ਹਿੱਸਾ ਲੈਂਦੇ ਰਹੇ ਹਨ। ਇਸ ਵਾਰ ਕੌਂਸਲਰਪਤੀਆਂ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਲਈ ਰੈੱਡ ਕਰਾਸ ਭਵਨ ਦੇ ਲਾਅਨ ਵਿਚ ਵੱਖ ਤੋਂ ਇੰਤਜ਼ਾਮ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਵਿਆਹ ਦੇ 11 ਦਿਨਾਂ ਬਾਅਦ ਲਾੜੀ ਨੇ ਚਾੜ੍ਹ 'ਤਾ ਚੰਨ੍ਹ, ਚੱਕਰਾਂ 'ਚ ਪਿਆ NRI ਪਤੀ, ਹੈਰਾਨ ਕਰੇਗਾ ਮਾਮਲਾ
ਮੇਅਰ ਦੀ ਚੋਣ ਲਈ ਹੋਣ ਵਾਲੀ ਮੀਟਿੰਗ ਵਾਸਤੇ ਸਖ਼ਤ ਸੁਰੱਖਿਆ ਪ੍ਰਬੰਧ ਵੀ ਜਲੰਧਰ ਪੁਲਸ ਵੱਲੋਂ ਕੀਤੇ ਜਾ ਰਹੇ ਹਨ। ਮੀਟਿੰਗ ਦੌਰਾਨ ਨਵੇਂ ਕੌਂਸਲਰਾਂ ਨੂੰ ਸਿਰਫ ਸਹੁੰ ਚੁਕਾਈ ਜਾਵੇਗੀ ਅਤੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਵੇਗੀ, ਜਿਸ ਤੋਂ ਬਾਅਦ ਮੀਟਿੰਗ ਬਰਖ਼ਾਸਤ ਕਰ ਦਿੱਤੀ ਜਾਵੇਗੀ। ਤੈਅ ਪ੍ਰਕਿਰਿਆ ਅਨੁਸਾਰ ਮੀਟਿੰਗ ਬੁਲਾਉਣ ਵਾਲੇ ਡਿਵੀਜ਼ਨਲ ਕਮਿਸ਼ਨਰ ਹਾਊਸ ਦੀ ਕਾਰਵਾਈ ਦੇ ਸੰਚਾਲਨ ਲਈ ਪ੍ਰੋਟੈਮ ਸਪੀਕਰ ਨੂੰ ਸੱਦਾ-ਪੱਤਰ ਦੇਣਗੇ, ਜਿਸ ਵੱਲੋਂ ਮੇਅਰ, ਸੀਨੀਅਰ ਡਿਪਟੀ ਅਤੇ ਡਿਪਟੀ ਮੇਅਰ ਦੀ ਚੋਣ ਸਬੰਧੀ ਪ੍ਰਕਿਰਿਆ ਚਲਾਈ ਜਾਵੇਗੀ। ਮੇਅਰ ਅਤੇ ਹੋਰਨਾਂ ਦੀ ਚੋਣ ਕੌਂਸਲਰਾਂ ਵੱਲੋਂ ਹੱਥ ਖੜ੍ਹੇ ਕਰਕੇ ਹੀ ਹੋਵੇਗੀ ਅਤੇ ਸੀਕ੍ਰੇਟ ਬੈਲੇਟ ਦੀ ਕੋਈ ਸੰਭਾਵਨਾ ਨਹੀਂ ਹੈ, ਹਾਲਾਂਕਿ ਕਾਂਗਰਸ ਵੱਲੋਂ ਇਸ ਸਬੰਧੀ ਮੰਗ ਜ਼ਰੂਰ ਕੀਤੀ ਜਾ ਸਕਦੀ ਹੈ। ਮੀਟਿੰਗ ਦੌਰਾਨ ਸਾਰਿਆਂ ਨੂੰ ਕੌਫ਼ੀ ਅਤੇ ਸਨੈਕਸ ਦੇਣ ਦਾ ਪ੍ਰਬੰਧ ਵੀ ਨਿਗਮ ਵੱਲੋਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਵਪਾਰਕ ਅਦਾਰੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e