2 ਦਿਨਾਂ ’ਚ 37 ਲੋਕਾਂ ਨੂੰ ਕੁੱਤਿਆਂ ਨੇ ਵੱਢਿਆ, ਜ਼ਿਆਦਤਰ ਨਾਬਾਲਗ ਬੱਚੇ ਹੋਏ ਸ਼ਿਕਾਰ
Wednesday, Jan 08, 2025 - 04:23 PM (IST)
ਅਬੋਹਰ (ਸੁਨੀਲ) : ਸ਼ਹਿਰਾਂ ਅਤੇ ਪਿੰਡਾਂ 'ਚ ਅਵਾਰਾ ਕੁੱਤਿਆਂ ਵਲੋਂ ਲੋਕਾਂ ’ਤੇ ਹਮਲਾ ਕਰਨ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 2 ਦਿਨਾਂ ਦੌਰਾਨ ਕੁੱਤਿਆਂ ਦੇ ਵੱਢਣ ਦੇ 37 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਸਾਰੇ ਜ਼ਖ਼ਮੀਆਂ ਦਾ ਸਰਕਾਰੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਦਿੰਦਿਆਂ ਟੀਕਾਕਰਨ ਇੰਚਾਰਜ ਰੀਤੂ ਬਾਲਾ ਨੇ ਦੱਸਿਆ ਕਿ ਪਿਛਲੇ 2 ਦਿਨਾਂ ਦੌਰਾਨ ਕੁੱਤਿਆਂ ਦੇ ਵੱਢਣ ਦੇ 37 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਜ਼ਿਆਦਾਤਰ ਸ਼ਿਕਾਰ ਨਾਬਾਲਗ ਬੱਚੇ ਹੋਏ ਹਨ। 1 ਤੋਂ 8 ਜਨਵਰੀ ਤੱਕ ਕੁੱਲ 66 ਕੇਸ ਹਸਪਤਾਲ ਵਿੱਚ ਆਏ ਹਨ। ਇਨ੍ਹਾਂ ਵਿੱਚੋਂ 90 ਫ਼ੀਸਦੀ ਦੇ ਕਰੀਬ ਅਵਾਰਾ ਕੁੱਤਿਆਂ ਅਤੇ 10 ਫ਼ੀਸਦੀ ਪਾਲਤੂ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਹੋਏ ਹਨ, ਜਦੋਂ ਕਿ ਸਾਲ 2024 ਵਿੱਚ ਕਰੀਬ 2865 ਮਾਮਲੇ ਸਾਹਮਣੇ ਆਏ ਸਨ।
ਉਨ੍ਹਾਂ ਦੱਸਿਆ ਕਿ ਇਨ੍ਹੀਂ ਦਿਨੀਂ ਜੋ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ’ਚ ਕਈ ਮਾਮਲੇ ਇੰਨੇ ਭਿਆਨਕ ਹੁੰਦੇ ਹਨ ਅਤੇ ਕੁੱਤਿਆਂ ਨੇ ਇੰਨੀ ਬੁਰੀ ਤਰ੍ਹਾਂ ਵੱਢਿਆ ਹੁੰਦਾ ਹੈ ਕਿ ਉਨ੍ਹਾਂ ਨੂੰ ਦੇਖ ਕੇ ਇਨਸਾਨ ਦੀ ਰੂਹ ਵੀ ਕੰਬ ਜਾਂਦੀ ਹੈ। ਇਸ ਸਬੰਧੀ ਨਗਰ ਨਿਗਮ ਦੇ ਚੀਫ ਸੈਨੇਟਰੀ ਇੰਸਪੈਕਟਰ ਜਸਵਿੰਦਰ ਸਿੰਘ ਅਤੇ ਸੈਨੇਟਰੀ ਇੰਸਪੈਕਟਰ ਕਰਤਾਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਹੁਣ ਤੱਕ 1500 ਦੇ ਕਰੀਬ ਕੁੱਤਿਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ, ਜਦੋਂ ਕਿ ਹੁਣ ਇਹ ਮੁਹਿੰਮ ਪਿਛਲੇ ਤਿੰਨ ਮਹੀਨਿਆਂ ਤੋਂ ਬੰਦ ਪਈ ਹੈ ਕਿਉਂਕਿ ਇਸ ਟੀਕਾਕਰਨ ਲਈ ਨਾ ਤਾਂ ਉਨ੍ਹਾਂ ਨੂੰ ਟੀਮ ਵਰਕ ਮਿਲ ਰਿਹਾ ਹੈ ਅਤੇ ਨਾ ਹੀ ਫੰਡ ਜਾਰੀ ਹੋ ਰਹੇ ਹਨ।
ਇਸ ਸਬੰਧੀ ਨਿਗਮ ਦੇ ਮੇਅਰ ਵਿਮਲ ਠੱਠਈ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਸ਼ਹਿਰ ’ਚ ਕੁੱਤਿਆਂ ਲਈ ਸ਼ੈਲਟਰ ਹੋਮ ਬਣਾਉਣ ਲਈ ਮਤਾ ਪਾ ਕੇ ਇਸ ਸਬੰਧੀ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਪੱਤਰ ਵੀ ਲਿਖਿਆ ਗਿਆ ਹੈ। ਉਨ੍ਹਾਂ ਕੋਲ ਸ਼ੈਲਟਰ ਹੋਮ ਲਈ ਜਗ੍ਹਾ ਹੈ ਪਰ ਸਰਕਾਰਾਂ ਇਸ ਲਈ ਫੰਡ ਜਾਰੀ ਨਹੀਂ ਕਰ ਰਹੀਆਂ ਹਨ, ਜਿਵੇਂ ਹੀ ਸ਼ੈਲਟਰ ਹੋਮ ਲਈ ਫੰਡ ਜਾਰੀ ਹੋਵੇਗਾ, ਇਸ ’ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।