ICC ਨੇ ਕੀਤਾ ਐਲਾਨ, WTC ਫਾਈਨਲ ’ਚ ਇਲਿੰਗਵਰਥ ਤੇ ਗੌਫ ਹੋਣਗੇ ਅੰਪਾਇਰ
Tuesday, Jun 08, 2021 - 07:05 PM (IST)
ਸਪੋਰਟਸ ਡੈਸਕ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਸਾਊਥੰਪਟਨ ਦੇ ਐਜੇਸ ਬਾਉਲ ਮੈਦਾਨ ’ਚ ਖੇਡਿਆ ਜਾਣਾ ਹੈ। ਇਹ ਫਾਈਨਲ ਮੈਚ 18 ਜੂਨ ਤੋਂ 22 ਜੂਨ ਤੱਕ ਖੇਡਿਆ ਜਾਵੇਗਾ। ਆਈ. ਸੀ. ਸੀ. ਨੇ ਫਾਈਨਲ ਮੈਚ ਲਈ ਅਧਿਕਾਰਤ ਅੰਪਾਇਰਾਂ ਦਾ ਐਲਾਨ ਕੀਤਾ ਹੈ, ਜੋ ਫਾਈਨਲ ਮੈਚ ’ਚ ਅੰਪਾਇਰਿੰਗ ਕਰਦੇ ਦਿਸਣਗੇ। ਇਨ੍ਹਾਂ ਅੰਪਾਇਰਾਂ ’ਚ ਮਾਈਕਲ ਗੌਫ ਤੇ ਰਿਚਰਡ ਇਲਿੰਗਵਰਥ ਦੇ ਨਾਂ ਸ਼ਾਮਲ ਹਨ ਅਤੇ ਇਹ ਦੋਵੇਂ ਆਈ. ਸੀ. ਸੀ. ਦੇ ਏਲੀਟ ਪੈਨਲ ਦਾ ਹਿੱਸਾ ਹਨ।
ਉਥੇ ਹੀ ਆਈ. ਸੀ. ਸੀ. ਨੇ ਇਸ ਫਾਈਨਲ ਮੈਚ ਲਈ ਰਿਚਰਡ ਕੇਟਲਬ੍ਰਾ ਨੂੰ ਤੀਜੇ ਅੰਪਾਇਰ ਅਤੇ ਟੀ. ਵੀ. ਅੰਪਾਇਰ ਲਈ ਚੁਣਿਆ ਹੈ। ਕੇਟਲਬ੍ਰਾ ਆਈ.ਸੀ.ਸੀ. ਦੇ ਉਨ੍ਹਾਂ ਅੰਪਾਇਰਾਂ ’ਚ ਸ਼ਾਮਲ ਹਨ, ਜਿਨ੍ਹਾਂ ਦਾ ਨਾਂ ਏਲੀਟ ਪੈਨਲ ’ਚ ਸ਼ਾਮਲ ਹੈ। ਚੌਥੇ ਅੰਪਾਇਰ ਵਜੋਂ ਐਲੇਕਸ ਵਾਰਫ ਹੋਣਗੇ। ਇਸ ਮੈਚ ’ਚ ਆਈ. ਸੀ. ਸੀ. ਨੇ ਇੰਗਲੈਂਡ ਦੇ ਸਾਬਕਾ ਖਿਡਾਰੀ ਅਤੇ ਸਟੁਅਰਟ ਬ੍ਰਾਡ ਦੇ ਪਿਤਾ ਕ੍ਰਿਸ ਬ੍ਰਾਡ ਨੂੰ ਰੈਫਰੀ ਚੁਣਿਆ ਹੈ।
ਆਈ. ਸੀ. ਸੀ. ਅਧਿਕਾਰੀ ਨੇ ਕਿਹਾ ਕਿ ਸਾਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਅਸੀਂ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਲਈ ਇੱਕ ਤਜਰਬੇਕਾਰ ਟੀਮ ਦੀ ਚੋਣ ਕੀਤੀ ਹੈ। ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਚੰਗੀ ਟੀਮ ਹੈ। ਸ਼ਾਨਦਾਰ ਅਧਿਕਾਰੀਆਂ ਦੇ ਨਾਲ ਹੀ ਸਾਡੇ ਕੋਲ ਚੰਗੇ ਰੈਫਰੀ ਵੀ ਮੌਜੂਦ ਹਨ।