ਇਸ ਟੀਮ ਨੂੰ ਅਗਲੇ ਪੱਧਰ ਤਕ ਲੈ ਜਾਣ ਦਾ ਹੈ ਟੀਚਾ : ਪੁਰਸ਼ ਹਾਕੀ ਕੋਚ ਰੀਡ
Saturday, Sep 04, 2021 - 11:30 AM (IST)
ਨਵੀਂ ਦਿੱਲੀ- ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਓਲੰਪਿਕ ਕਾਂਸੇ ਦਾ ਮੈਡਲ ਜਿੱਤਣ ਵਾਲੀ ਟੀਮ ਨੂੰ ਲੋੜ ਤੋਂ ਵੱਧ ਆਤਮਵਿਸ਼ਵਾਸ ਤੋਂ ਬਚਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਅਗਲੇ ਛੇ ਮਹੀਨੇ ਇਹ ਵਿਸ਼ਲੇਸ਼ਣ ਕਰਨ ਤੇ ਸਮਝਣ ਵਿਚ ਬੀਤਣਗੇ ਕਿ ਟੀਮ ਆਪਣੇ ਪ੍ਰਦਰਸ਼ਨ ਨੂੰ ਅਗਲੇ ਪੱਧਰ ਤਕ ਕਿਵੇਂ ਪਹੁੰਚਾ ਸਕਦੀ ਹੈ। ਭਾਰਤੀ ਟੀਮ ਨੇ ਪਿਛਲੇ ਮਹੀਨੇ ਟੋਕੀਓ ਖੇਡਾਂ ਵਿਚ ਓਲੰਪਿਕ ਮੈਡਲ ਦੀ 41 ਸਾਲ ਦੀ ਉਡੀਕ ਨੂੰ ਖ਼ਤਮ ਕਰਦੇ ਹੋਏ ਕਾਂਸੇ ਦਾ ਮੈਡਲ ਜਿੱਤਿਆ ਸੀ।
ਰੀਡ ਨੇ ਕਿਹਾ ਕਿ ਇਸ ਸਮੇਂ ਅਸੀਂ ਰੈਂਕਿੰਗ ਵਿਚ ਤੀਜੇ ਸਥਾਨ 'ਤੇ ਹਾਂ। ਆਸਟ੍ਰੇਲੀਆ ਤੇ ਬੈਲਜੀਅਮ ਲਗਾਤਾਰ ਖੇਡ ਦੇ ਉੱਚ ਪੱਧਰ 'ਤੇ ਰਹੇ ਹਨ। ਸਾਨੂੰ ਉਸ ਪੱਧਰ ਤਕ ਪਹੁੰਚਣ ਵਿਚ ਸਮਰੱਥ ਹੋਣ ਦੀ ਲੋੜ ਹੈ। ਇਸ ਟੀਮ ਲਈ ਮੇਰਾ ਇਹੀ ਟੀਚਾ ਹੈ। ਅਸੀਂ ਅਗਲੇ ਛੇ ਮਹੀਨਿਆਂ ਵਿਚ ਸਿਰਫ਼ ਆਪਣੇ ਨਹੀਂ ਬਲਕਿ ਵੱਖ-ਵੱਖ ਟੀਮਾਂ ਦੀ ਖੇਡ ਦਾ ਵਿਸ਼ਲੇਸ਼ਣ ਕਰਾਂਗੇ। ਅਸੀਂ ਉਸ ਅਗਲੇ ਪੱਧਰ ਤਕ ਪੁੱਜਣ ਲਈ ਜੋ ਵੀ ਜ਼ਰੂਰੀ ਹੋਵੇਗਾ ਉਸ ਦੀ ਇਕ ਯੋਜਨਾ ਤਿਆਰ ਕਰਾਂਗੇ। ਇਹ ਸ਼ਾਨਦਾਰ ਖਿਡਾਰੀਆਂ ਦਾ ਸਮੂਹ ਹੈ ਤੇ ਅਸੀਂ ਉਨ੍ਹਾਂ ਚੀਜ਼ਾਂ 'ਤੇ ਕੰਮ ਕਰਾਂਗੇ ਜੋ ਸਾਨੂੰ ਕਰਨ ਦੀ ਲੋੜ ਹੈ। ਸਾਨੂੰ ਸੁਧਾਰ ਕਰਦੇ ਰਹਿਣਾ ਪਵੇਗਾ। ਟੀਮ ਇਸ ਗੱਲ ਨੂੰ ਸਮਝਦੀ ਹੈ ਕਿ 41 ਸਾਲ ਬਾਅਦ ਓਲੰਪਿਕ ਵਿਚ ਕਾਂਸੇ ਦਾ ਮੈਡਲ ਜਿੱਤਣਾ ਵੱਡੀ ਉਪਲੱਬਧੀ ਹੈ ਪਰ ਸੁਧਾਰ ਦੀ ਬਹੁਤ ਵੱਧ ਸੰਭਾਵਨਾ ਹੈ ਜਿਸ ਨੂੰ ਸਾਨੂੰ ਹਾਸਲ ਕਰਨਾ ਪਵੇਗਾ ਤੇ ਪ੍ਰਦਰਸ਼ਨ ਕਰਨ ਦੀ ਲੋੜ ਹੈ।