ਸਾਬਕਾ ਪਾਕਿਸਤਾਨੀ ਕ੍ਰਿਕਟਰ ਨੇ ਕੋਹਲੀ-ਸਚਿਨ ਨਹੀਂ, ਇਸ ਨੂੰ ਦੱਸਿਆ ਭਾਰਤ ਦਾ ਬੈਸਟ ਬੱਲੇਬਾਜ਼

Sunday, Dec 03, 2023 - 04:03 PM (IST)

ਸਾਬਕਾ ਪਾਕਿਸਤਾਨੀ ਕ੍ਰਿਕਟਰ ਨੇ ਕੋਹਲੀ-ਸਚਿਨ ਨਹੀਂ, ਇਸ ਨੂੰ ਦੱਸਿਆ ਭਾਰਤ ਦਾ ਬੈਸਟ ਬੱਲੇਬਾਜ਼

ਸਪੋਰਟਸ ਡੈਸਕ- ਵਨਡੇ ਵਿਸ਼ਵ ਕੱਪ 2023 'ਚ ਭਾਰਤ ਵੱਲੋਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਖ਼ੂਬ ਵਾਹ-ਵਾਹੀ ਖੱਟੀ ਹੈ। ਵਿਰਾਟ ਕੋਹਲੀ ਨੇ ਜਿੱਥੇ ਟੂਰਨਾਮੈਂਟ 'ਚ ਸਭ ਤੋਂ ਵੱਧ ਦੌੜਾਂ ਬਣਾਈਆਂ, ਉੱਥੇ ਹੀ ਉਸ ਨੇ ਟੂਰਨਾਮੈਂਟ ਦੌਰਾਨ ਸਚਿਨ ਦੇ ਸਭ ਤੋਂ ਵੱਧ ਵਨਡੇ ਸੈਂਕੜਿਆਂ ਦੇ ਰਿਕਾਰਡ ਨੂੰ ਵੀ ਤੋੜਿਆ। ਉਸ ਨੇ ਵਨਡੇ 'ਚ 50 ਸੈਂਕੜੇ ਪੂਰੇ ਕਰ ਲਏ ਹਨ ਤੇ ਅਜਿਹਾ ਕਰਨ ਵਾਲਾ ਉਹ ਦੁਨੀਆ ਦਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। 

ਜੇਕਰ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਗੱਲ ਕਰੀਏ ਤਾਂ ਰੋਹਿਤ ਨੇ ਵੀ ਬੱਲੇ ਨਾਲ ਖ਼ੂਬ ਅੱਗ ਵਰ੍ਹਾਈ। ਉਸ ਨੇ 125 ਤੋਂ ਵੀ ਵੱਧ ਦੇ ਸਟ੍ਰਾਈਕ ਰੇਟ ਨਾਲ 597 ਦੌੜਾਂ ਬਣਾਈਆਂ ਤੇ ਟੂਰਨਾਮੈਂਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਰਿਹਾ। ਪਰ ਇਸ ਦੌਰਾਨ ਸਭ ਤੋਂ ਵੱਧ ਚਰਚਾ ਉਸ ਦੀ 'ਸੈਲਫਲੈੱਸ ਅਪਰੋਚ' ਦੀ ਹੋਈ। ਉਸ ਨੇ ਲਗਭਗ ਹਰੇਕ ਮੈਚ 'ਚ ਭਾਰਤ ਨੂੰ ਤੇਜ਼ ਸ਼ੁਰੂਆਤ ਦਿਵਾਈ ਤੇ ਤੇਜ਼ੀ ਨਾਲ ਦੌੜਾਂ ਬਣਾਈਆਂ। 

ਇਹ ਵੀ ਪੜ੍ਹੋ- BCCI ਨੇ ਵਧਾਇਆ ਰਾਹੁਲ ਦ੍ਰਾਵਿੜ ਦਾ ਕਾਰਜਕਾਲ, ਬਣੇ ਰਹਿਣਗੇ ਭਾਰਤੀ ਕ੍ਰਿਕਟ ਟੀਮ ਦੇ ਹੈੱਡ ਕੋਚ

ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਜੁਨੈਦ ਖ਼ਾਨ ਨੇ ਭਾਰਤੀ ਕਪਤਾਨ ਬਾਰੇ ਇਕ ਵੱਡਾ ਬਿਆਨ ਦਿੱਤਾ ਹੈ। ਇਕ ਇੰਟਰਵਿਊ ਦੌਰਾਨ ਉਸ ਨੇ ਰੋਹਿਤ ਸ਼ਰਮਾ ਨੂੰ ਵਿਰਾਟ ਕੋਹਲੀ ਅਤੇ ਸਚਿਨ ਤੇਂਦੁਲਕਰ ਤੋਂ ਵੀ ਵੱਡਾ ਬੱਲੇਬਾਜ਼ ਦੱਸਿਆ ਹੈ। ਉਸ ਨੇ ਕਿਹਾ, ''ਮੇਰੇ ਹਿਸਾਬ ਨਾਲ ਰੋਹਿਤ ਸ਼ਰਮਾ ਭਾਰਤ ਦਾ ਸਭ ਤੋਂ ਵਧੀਆ ਬੱਲੇਬਾਜ਼ ਹੈ। ਉਸ ਕੋਲ ਹਰ ਤਰ੍ਹਾਂ ਦੇ ਸ਼ਾਟ ਹਨ। ਇਸੇ ਕਾਰਨ ਉਸ ਨੂੰ 'ਹਿੱਟਮੈਨ' ਦੇ ਨਾਂ ਨਾਲ ਜਾਣਿਆ ਜਾਂਦਾ ਹੈ।'' 

ਇਸ ਦੌਰਾਨ ਜੁਨੈਦ ਨੇ ਰੋਹਿਤ ਦੀਆਂ ਉਪਲੱਬਧੀਆਂ ਦੀ ਗੱਲ ਕਰਦਿਆਂ ਕਿਹਾ ਕਿ ਰੋਹਿਤ ਨੇ ਵਨਡੇ ਕ੍ਰਿਕਟ 'ਚ ਸਭ ਤੋਂ ਵੱਧ 3 ਡਬਲ ਸੈਂਚੁਰੀਆਂ ਜੜੀਆਂ ਹਨ, ਜਿਨ੍ਹਾਂ 'ਚ ਸ਼੍ਰੀਲੰਕਾ ਖ਼ਿਲਾਫ਼ 173 ਗੇਂਦਾਂ 'ਚ ਖੇਡੀ 264 ਦੌੜਾਂ ਦੀ ਪਾਰੀ ਵੀ ਹੈ। 2023 ਦੇ ਵਿਸ਼ਵ ਕੱਪ ਦੌਰਾਨ ਉਸ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਵੱਧ ਛੱਕੇ ਮਾਰਨ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ। 

ਇਹ ਵੀ ਪੜ੍ਹੋ- ਸਿਆਸਤ 'ਚ ਆਉਣਗੇ ਐੱਮ.ਐੱਸ. ਧੋਨੀ? ਭਾਜਪਾ ਮੰਤਰੀਆਂ ਨਾਲ ਤਸਵੀਰਾਂ ਹੋਈਆਂ ਵਾਇਰਲ

ਉਸ ਨੇ ਅੱਗੇ ਕਿਹਾ, ''ਵਨਡੇ ਮੈਚ 'ਚ 264 ਦੌੜਾਂ ਬਣਾਉਣੀਆਂ ਆਪਣੇ ਆਪ 'ਚ ਇਕ ਵੱਡੀ ਉਪਲੱਬਧੀ ਹੈ। ਜਦੋਂ ਤੁਸੀਂ ਅਜਿਹੇ ਕਾਰਨਾਮੇ ਵਾਰ-ਵਾਰ ਕਰਦੇ ਹੋ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ 'ਚ ਹੁਨਰ ਹੈ। ਇਸ ਕਾਰਨ ਮੇਰਾ ਵੋਟ ਰੋਹਿਤ ਸ਼ਰਮਾ ਨੂੰ ਜਾਂਦਾ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News