ਵਿਰਾਟ ਸਾਹਮਣੇ ਕਲੀਨ ਸਵੀਪ ਤੋਂ ਬਚਣ ਦੀ ਚੁਣੌਤੀ

01/22/2018 10:20:18 PM

ਜੌਹਾਨਸਬਰਗ— ਦੱਖਣੀ ਅਫਰੀਕਾ ਤੋਂ ਸੀਰੀਜ਼ ਗੁਆ ਚੁੱਕੀ ਨੰਬਰ ਵਨ ਭਾਰਤੀ ਕ੍ਰਿਕਟ ਟੀਮ ਬੁੱਧਵਾਰ ਤੋਂ ਸ਼ੁਰੂ ਹੋਣ ਜਾ ਰਹੇ ਤੀਜੇ ਤੇ ਸੀਰੀਜ਼ ਦੇ ਆਖਰੀ ਕ੍ਰਿਕਟ ਟੈਸਟ ਮੈਚ 'ਚ ਇੱਜ਼ਤ ਬਚਾਉਣ ਦੇ ਨਾਲ-ਨਾਲ ਮੇਜ਼ਬਾਨ ਹੱਥੋਂ ਕਲੀਨ ਸਵੀਪ ਤੋਂ ਵੀ ਬਚਣ ਉਤਰੇਗੀ। ਭਾਰਤ ਨੇ ਪਹਿਲਾ ਮੈਚ ਦੱਖਣੀ ਅਫਰੀਕਾ ਤੋਂ 72 ਦੌੜਾਂ ਨਾਲ ਅਤੇ ਦੂਜਾ ਮੈਚ 135 ਦੌੜਾਂ ਨਾਲ ਹਾਰਿਆ ਸੀ ਤੇ ਉਹ ਸੀਰੀਜ਼ ਪਹਿਲਾਂ ਹੀ 0-2 ਨਾਲ ਗੁਆ ਚੁੱਕੀ ਹੈ। ਅਜਿਹੀ ਸਥਿਤੀ 'ਚ ਤੀਜਾ ਮੈਚ ਭਾਵੇਂ ਹੀ ਨਤੀਜੇ ਦੇ ਲਿਹਾਜ਼ ਨਾਲ ਉਸ ਲਈ ਅਹਿਮ ਨਾ ਹੋਵੇ ਪਰ ਦੁਨੀਆ ਦੀ ਨੰਬਰ ਇਕ ਟੀਮ ਹੋਣ ਦੇ ਨਾਤੇ ਵੱਕਾਰ ਦੇ ਲਿਹਾਜ਼ ਨਾਲ ਕਾਫੀ ਅਹਿਮ ਹੋਵੇਗਾ।
ਵਿਰਾਟ ਕੋਹਲੀ ਦੀ ਅਗਵਾਈ 'ਚ ਟੀਮ ਇੰਡੀਆ ਨੇ ਆਖਰੀ ਮੈਚ ਜਿੱਤਣ ਲਈ ਸਖਤ ਅਭਿਆਸ ਵੀ ਸ਼ੁਰੂ ਕਰ ਦਿੱਤਾ ਹੈ ਤੇ ਬੱਲੇਬਾਜ਼ੀ ਕ੍ਰਮ 'ਚ ਅਜਿੰਕਯ ਰਹਾਨੇ ਦੀ ਵਾਪਸੀ ਦੇ ਵੀ ਸੰਕੇਤ ਮਿਲ ਰਹੇ ਹਨ, ਜਿਸ ਨੂੰ ਪਿਛਲੇ ਮੈਚਾਂ 'ਚ ਬਾਹਰ ਰੱਖੇ ਜਾਣ ਨੂੰ ਲੈ ਕੇ ਕਪਤਾਨ ਨੂੰ ਕਾਫੀ ਆਲੋਚਨਾਵਾਂ ਝੱਲਣੀਆਂ ਪਈਆਂ ਹਨ, ਹਾਲਾਂਕਿ ਰਹਾਨੇ ਨੂੰ ਆਖਰੀ-11 'ਚ ਰੱਖੇ ਜਾਣ ਨਾਲ ਕਿਸ ਖਿਡਾਰੀ ਨੂੰ ਬਾਹਰ ਬੈਠਣਾ ਪਵੇਗਾ, ਇਹ ਸਾਫ ਨਹੀਂ ਹੈ। ਵੰਡਰਰਸ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਇਹ ਮੈਦਾਨ ਭਾਰਤੀ ਟੀਮ ਲਈ ਸਫਲ ਰਿਹਾ ਹੈ ਤੇ ਦੱਖਣੀ ਅਫਰੀਕਾ 'ਚ ਇਕਲੌਤੀ ਜਿੱਤ ਉਸ ਨੂੰ ਇਸੇ ਮੈਦਾਨ 'ਤੇ ਸਾਲ 2006 'ਚ ਮਿਲੀ ਸੀ। ਇਹ ਮੈਚ ਭਾਰਤ ਨੇ 123 ਦੌੜਾਂ ਨਾਲ ਜਿੱਤਿਆ ਸੀ, ਜਿਸ 'ਚ ਸ਼ਾਂਤਾਕੁਮਾਰ ਸ਼੍ਰੀਸੰਥ ਦੀਆਂ 5 ਵਿਕਟਾਂ ਦੀ ਅਹਿਮ ਭੂਮਿਕਾ ਸੀ। ਇਸ ਤੋਂ ਇਲਾਵਾ ਉਸ ਨੇ ਦਸੰਬਰ 2013 'ਚ ਇਥੇ ਇਕ ਮੈਚ ਡਰਾਅ ਵੀ ਕਰਾਇਆ ਹੈ, ਜਦਕਿ ਕੇਪਟਾਊਨ ਤੇ ਸੈਂਚੁਰੀਅਨ ਮੈਦਾਨਾਂ ਦੀ ਤੁਲਨਾ 'ਚ ਮੇਜ਼ਬਾਨ ਟੀਮ ਨੂੰ ਇਸ ਮੈਦਾਨ 'ਤੇ ਖਾਸੀ ਸਫਲਤਾ ਨਹੀਂ ਮਿਲੀ ਹੈ।
ਟੈਸਟ ਰੈਂਕਿੰਗ 'ਚ ਭਾਰਤ ਤੋਂ ਇਕ ਸਥਾਨ ਹੇਠਾਂ ਦੂਜੇ ਨੰਬਰ 'ਤੇ ਕਾਬਜ਼ ਦੱਖਣੀ ਅਫਰੀਕਾ ਵੀ ਇਸ ਮੈਚ 'ਚ ਆਪਣੇ ਘਰੇਲੂ ਹਾਲਾਤ ਦਾ ਫਾਇਦਾ ਚੁੱਕਦੇ ਹੋਏ ਇਥੇ ਕਲੀਨ ਸਵੀਪ ਕਰਨਾ ਚਾਹੇਗੀ। ਅਫਰੀਕੀ ਟੀਮ ਨੂੰ ਆਪਣੇ ਤੇਜ਼ ਗੇਂਦਬਾਜ਼ਾਂ ਦੇ ਦਮ 'ਤੇ ਪਿਛਲੇ ਦੋਵਾਂ ਮੈਚਾਂ 'ਚ ਵੱਡੀ ਸਫਲਤਾ ਮਿਲੀ ਹੈ ਤੇ ਉਥੇ ਹੀ ਭਾਰਤ ਦੇ ਬੱਲੇਬਾਜ਼ ਫਲਾਪ ਸਾਬਤ ਹੋਏ। ਅਜਿਹੀ ਸਥਿਤੀ 'ਚ ਟੀਮ ਇੰਡੀਆ ਦੇ ਆਖਰੀ-11 'ਚ ਰਹਾਨੇ ਦੀ ਵਾਪਸੀ ਤੇ ਉਸ ਦੇ ਪ੍ਰਦਰਸ਼ਨ 'ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ।


Related News