ਸਿਹਤ ਵਿਭਾਗ ਨੇ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਦਿੱਤੇ ਸੁਝਾਅ
Thursday, Jun 20, 2024 - 02:29 PM (IST)

ਭਗਤਾ ਭਾਈ (ਢਿੱਲੋਂ) : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀਆਂ ਹਦਾਇਤਾਂ, ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਢਿੱਲੋਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੀਮਾ ਗੁਪਤਾ ਦੀ ਯੋਗ ਅਗਵਾਈ ਹੇਠ ਸਿਹਤ ਬਲਾਕ ਭਗਤਾ ਭਾਈ ਵਿਖੇ ਨਿਰੰਤਰ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਹੈਲਥ ਐਂਡ ਵੈਲਨੈਸ ਸੈਂਟਰ ਕੋਠਾ ਗੁਰੂ ਕਾ, ਸੀਰੀਏਵਾਲਾ, ਨਿਊਰ ਅਤੇ ਦਿਆਲਪੁਰਾ ਭਾਈ ਵਿਖੇ ਲੋਕਾਂ ਨੂੰ ਗਰਮੀ ਤੋਂ ਬਚਣ ਅਤੇ ਪਰਿਵਾਰ ਨਿਯੋਜਨ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸੰਬੋਧਨ ਕਰਦੇ ਹੋਏ ਸੀ. ਐੱਚ. ਓ. ਪ੍ਰਿਯੰਕਾ ਨੇ ਕਿਹਾ ਕਿ ਸਾਨੂੰ ਗਰਮੀ ਤੋਂ ਬਚਣ ਲਈ 12 ਵਜੇ ਤੋਂ ਬਾਅਦ ਘਰਾਂ ਅੰਦਰ ਹੀ ਕੂਲਰ, ਏ. ਸੀ. ਲਗਾ ਕੇ ਰਹਿਣਾ ਚਾਹੀਦਾ ਹੈ। ਜ਼ਿਅਦਾ ਤੋਂ ਜ਼ਿਆਦਾ ਤਰਲ ਪਦਾਰਥ ਲੈਣੇ ਚਾਹੀਦੇ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਜ਼ਿਆਦਾ ਮਿੱਠੇ ਅਤੇ ਗੈਸ ਵਾਲੇ ਕੋਲਡ ਡਰਿੰਕਾਂ ਦੀ ਵਰਤੋਂ ਨਾ ਕੀਤੀ ਜਾਵੇ। ਇਸੇ ਤਰ੍ਹਾਂ ਹੀ ਦਿਆਲਪੁਰਾ ਭਾਈਕਾ ਵਿਖੇ ਸੰਬੋਧਨ ਕਰਦੇ ਹੋਏ ਸੀ. ਐੱਚ. ਓ. ਅਮਨਦੀਪ ਕੌਰ ਨੇ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜੂਨ ਮਹੀਨੇ ਨੂੰ ਆਬਾਦੀ ਨਿਯੰਤਰਣ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ।
ਇਸ ਕਾਰਨ ਜਿਨ੍ਹਾਂ ਦੇ ਪਰਿਵਾਰ ਪੂਰਨ ਹੋ ਚੁੱਕੇ ਹਨ, ਉਹ ਲੋਕ ਨਸਬੰਦੀ ਅਤੇ ਨਲਬੰਦੀ ’ਚੋਂ ਕੋਈ ਵੀ ਆਪਰੇਸ਼ਨ ਕਰਵਾ ਸਕਦੇ ਹਨ। ਇਸੇ ਤਰ੍ਹਾਂ ਹੀ ਬੱਚਿਆਂ ਵਿਚ ਅੰਤਰ ਰੱਖਣ ਲਈ ਕੰਡੋਮ, ਮਾਲਾ ਡੀ ਜਾਂ ਅੰਤਰਾ ਇੰਜੈਕਸ਼ਨ ਵੀ ਵਰਤਿਆ ਜਾ ਸਕਦਾ ਹੈ। ਇਸ ਨਾਲ ਤਿੰਨ ਮਹੀਨੇ ਲਈ ਸੁਰੱਖਿਅਤ ਰਿਹਾ ਜਾ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਾਰੀਆਂ ਸਹੂਲਤਾਂ ਸਿਹਤ ਵਿਭਾਗ ਵੱਲੋਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।